ਅੱਜ ਵਾਤਾਵਰਨ ਦਿਵਸ 'ਤੇ ਵਿਸ਼ੇਸ਼
ਖਗੋਲ ਵਿਗਿਆਨੀਆਂ ਦਾ ਮੰਨਣਾ ਹੈ ਕਿ 4.5 ਅਰਬ ਸਾਲ ਪਹਿਲਾਂ ਧਰਤੀ ਹੋਂਦ ਵਿਚ ਆਈ ਸੀ। ਸਟੀਫ਼ਨ ਹਾਕਿੰਗ ਦੀ 'ਬਿੱਗ ਬੈਂਗ ਥਿਊਰੀ' ਵੀ ਬ੍ਰਹਿਮੰਡ ਦੀ ਉਤਪਤੀ ਦੇ ਰਾਜ਼ ਨੂੰ ਤਰਕ ਸਹਿਤ ਪੇਸ਼ ਕਰਦੀ ਹੈ। ਸਟੀਫ਼ਨ ਹਾਕਿੰਗ ਤੋਂ ਪਹਿਲਾਂ ਮਹਾਨ ਵਿਗਿਆਨੀ ਅਤੇ ਦਾਰਸ਼ਨਿਕ ਗੈਲੀਲੀਓ ਨੇ ਆਪਣੀ ਬਣਾਈ ਹੋਈ ਦੂਰਬੀਨ ਰਾਹੀਂ ਕਾਪਰਨਿਕਸ ਦੇ ਸਿਧਾਂਤ ਦਾ ਸਮਰਥਨ ਕਰਦੇ ਹੋਏ ਧਰਤੀ ਅਤੇ ਬਾਕੀ ਗ੍ਰਹਿਆਂ ਦੇ ਸੂਰਜ ਦੁਆਲੇ ਘੁੰਮਣ ਦੀ ਘਟਨਾ ਨੂੰ ਦੁਨੀਆ ਸਾਹਮਣੇ ਰੱਖਿਆ ਸੀ, ਜਿਸ ਨੂੰ ਧਾਰਮਿਕ ਕੱਟੜਪੰਥੀਆਂ ਨੇ ਮੰਨਣ ਤੋਂ ਇਨਕਾਰ ਕਰਦਿਆਂ ਗੈਲੀਲੀਓ ਨੂੰ ਸਜ਼ਾ ਦਾ ਭਾਗੀਦਾਰ ਬਣਾਇਆ ਸੀ, ਜਦਕਿ ਅੱਜ ਸਿੱਧ ਹੋ ਚੁੱਕਾ ਹੈ ਕਿ ਧਰਤੀ ਅਤੇ ਬਾਕੀ ਗ੍ਰਹਿ ਆਪਣੇ ਧੁਰੇ ਦੇ ਨਾਲ-ਨਾਲ ਸੂਰਜ ਦੁਆਲੇ ਵੀ ਘੁੰਮਦੇ ਹਨ।
ਧਰਤੀ ਜੋ ਕਿ ਸੂਰਜੀ ਪਰਿਵਾਰ ਦੇ ਨੌ (ਕੁਝ ਵਿਗਿਆਨੀ ਪਲੂਟੋ ਨੂੰ ਗ੍ਰਹਿ ਨਹੀਂ ਮੰਨਦੇ, ਫਿਰ ਗਿਣਤੀ ਅੱਠ ਰਹਿ ਜਾਵੇਗੀ) ਗ੍ਰਹਿਆਂ 'ਚੋਂ ਇਕੋ ਇਕ ਅਜਿਹਾ ਗ੍ਰਹਿ ਹੈ, ਜਿੱਥੇ ਜੀਵਨ ਦੀ ਹੋਂਦ ਲਈ ਅਨੁਕੂਲਿਤ ਵਾਤਾਵਰਨ ਪਾਇਆ ਜਾਂਦਾ ਹੈ। ਧਰਤੀ ਜਿਸ ਦੇ ਕੁੱਲ ਭਾਗ ਦੇ 71 ਫ਼ੀਸਦੀ ਹਿੱਸੇ ਵਿਚ ਪਾਣੀ (ਜਿਸ ਕਰਕੇ ਧਰਤੀ ਨੂੰ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਹੈ) ਅਤੇ ਬਾਕੀ ਰਹਿੰਦਾ 29 ਫ਼ੀਸਦੀ ਹਿੱਸਾ ਭੂਮੀ ਨਾਲ ਘਿਰਿਆ ਹੋਇਆ ਹੈ। ਇਕ ਸੈੱਲੀ ਜੀਵ ਤੋਂ ਉਤਪੰਨ ਹੋਈ ਜੀਵਨ ਦੀ ਹੋਂਦ ਨੇ ਹੀ ਜੀਵ-ਜੰਤੂਆਂ ਦੀ ਉਤਪਤੀ ਦਾ ਮੁੱਢ ਬੰਨ੍ਹਿਆ। ਪ੍ਰਸਿੱਧ ਕੁਦਰਤੀ ਅਤੇ ਜੀਵ ਵਿਗਿਆਨੀ ਚਾਰਲਸ ਡਾਰਵਿਨ ਨੇ ਆਪਣੀਆਂ ਖੋਜਾਂ ਦੌਰਾਨ ਇਹ ਸਿੱਧ ਕੀਤਾ ਕਿ ਇਸ ਧਰਤੀ 'ਤੇ ਉਹ ਹੀ ਜੀਵ-ਜੰਤੂ ਰਹਿ ਸਕੇਗਾ, ਜੋ ਹਾਲਾਤ ਨਾਲ ਜੂਝੇਗਾ, ਜਿਸ ਨੂੰ 'ਸਰਵਾਈਵਲ ਆਫ਼ ਦਾ ਫਿਟੈਸਟ' ਸਿਧਾਂਤ ਦਾ ਨਾਂਅ ਦਿੱਤਾ ਗਿਆ ਹੈ। ਜਲ 'ਚੋਂ ਉਤਪੰਨ ਹੋਇਆ ਜੀਵਨ ਜੰਗਲਾਂ ਵਿਚੋਂ ਗੁਜ਼ਰਦਾ ਹੋਇਆ ਆਧੁਨਿਕੀਕਰਨ ਤੱਕ ਪਹੁੰਚ ਕੇ ਸਮੇਂ ਦਾ ਹਾਣੀ ਹੋਣ ਦਾ ਖ਼ਿਤਾਬ ਲੈ ਚੁੱਕਾ ਹੈ, ਪਰ ਇਸ ਦੌਰਾਨ ਮਨੁੱਖ ਨੇ ਵਿਕਾਸ ਦਾ ਜੋ ਸਿਹਰਾ ਆਪਣੇ ਸਿਰ ਬੰਨ੍ਹਿਆ, ਉਹ ਧਰਤੀ ਅਤੇ ਜੀਵ-ਜੰਤੂਆਂ ਦੀ ਹੋਂਦ ਲਈ ਖ਼ਤਰੇ ਦਾ ਘੁੱਗੂ ਸੀ।
ਧਰਤੀ ਜੋ ਕਿ ਹਰ ਇਕ ਪੌਦੇ, ਜੀਵ-ਜੰਤੂਆਂ ਅਤੇ ਪੰਛੀਆਂ ਦਾ ਰਹਿਣ ਬਸੇਰਾ ਅਤੇ ਪਾਲਣ ਹਾਰ ਹੈ, ਇਸੇ ਕਾਰਨ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਜਿਵੇਂ ਮਾਂ ਆਪਣੇ ਬੱਚੇ ਦਾ ਵਾਲ ਵਿੰਗਾ ਨਹੀਂ ਹੋਣ ਦਿੰਦੀ, ਹਰ ਸਮੇਂ ਬੱਚੇ ਦੀ ਖ਼ੈਰ ਤੇ ਚੰਗੀ ਸਿਹਤ ਦੀ ਦੁਆ ਲਈ ਅਰਦਾਸ ਕਰਦੀ ਹੈ, ਧਰਤੀ ਮਾਂ ਵੀ ਆਪਣੇ ਬੱਚਿਆਂ ਦੀ ਝੋਲੀ ਕੁਦਰਤ ਦੀਆਂ ਵਡਮੁੱਲੀਆਂ ਸੌਗਾਤਾਂ ਨਾਲ ਭਰ ਦਿੰਦੀ ਹੈ। ਧਰਤੀ ਨੇ ਜੀਵਨ ਦਿੱਤਾ ਪਰ ਕਦੇ ਹੰਕਾਰ, ਕਦੇ ਘੁਮੰਡ ਨਹੀਂ ਕੀਤਾ। ਮਨੁੱਖ ਉਹ ਅਕ੍ਰਿਤਘਣ ਹੈ, ਜੋ ਕਿਸੇ ਦੀ ਕੀਤੀ ਨਹੀਂ ਜਾਣਦਾ। ਆਪਣੇ ਨਿੱਜੀ ਲਾਭਾਂ ਲਈ ਉਸ ਨੇ ਰੁੱਖ ਕੱਟੇ, ਧਰਤੀ ਦੀ ਤਪਸ਼ ਨੂੰ ਵਧਾ ਕੇ ਵਾਤਾਵਰਨ ਨੂੰ ਪਲੀਤ ਕਰਦੇ ਹੋਏ ਆਪਣੀ ਧਰਤੀ ਮਾਂ ਨਾਲ ਧ੍ਰੋਹ ਕਮਾਇਆ। ਸਿਆਣਿਆਂ ਦੀ ਇਕ ਕਹਾਵਤ ਹੈ ਕਿ ਜੋ ਆਪਣੀ ਮਾਂ ਦਾ ਨਹੀਂ ਹੋ ਸਕਦਾ, ਉਹ ਫ਼ਿਰ ਕਿਸੇ ਦਾ ਨਹੀਂ ਹੋ ਸਕਦਾ।
ਖੁੱਲ੍ਹੀਆਂ-ਖੁੱਲ੍ਹੀਆਂ ਸੜਕਾਂ ਅਤੇ ਸ਼ਾਹ ਮਾਰਗਾਂ ਦਾ ਜਾਲ ਬਣਾਉਣ ਦੇ ਚੱਕਰ ਵਿਚ ਪਤਾ ਨਹੀਂ ਹੁਣ ਤੱਕ ਜੰਗਲਾਂ ਨੂੰ ਉਜਾੜ ਕੇ ਕਿੰਨੇ ਹੀ ਜੀਵ-ਜੰਤੂਆਂ ਨੂੰ ਬੇਘਰ ਕਰ ਦਿੱਤਾ ਗਿਆ ਹੈ। ਤਾਜ਼ੀ ਉਦਾਹਰਨ ਹੈਦਰਾਬਾਦ ਦੀ ਲਈ ਜਾ ਸਕਦੀ ਹੈ, ਜਿੱਥੇ ਚਾਰ ਸੌ ਏਕੜ ਤੋਂ ਵੱਧ ਜੰਗਲ ਉਜਾੜਿਆ ਜਾ ਰਿਹਾ ਸੀ ਤਾਂ ਕਿ ਆਈ.ਟੀ. ਪਾਰਕ ਬਣਾਇਆ ਜਾ ਸਕੇ। ਇਨ੍ਹਾਂ ਹਾਕਮਾਂ ਨੂੰ ਪੁੱਛਣ ਵਾਲਾ ਕੋਈ ਹੋਵੇ ਕਿ ਜਦੋਂ ਸਾਹ ਹੀ ਨਾ ਆਇਆ ਤਾਂ ਫਿਰ ਆਈ.ਟੀ. ਪਾਰਕ ਦਾ ਕੀ ਕਰੋਗੇ? ਇਸ ਦੇ ਨਾਲ-ਨਾਲ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਕੀਤੀਆਂ ਜਾ ਰਹੀਆਂ ਪਹਾੜਾਂ ਦੀਆਂ ਕਟਾਈਆਂ ਅਤੇ ਗ਼ੈਰ-ਵਾਤਾਵਰਨਿਕ ਉਸਾਰੀਆਂ ਨੇ ਵੀ ਕੁਦਰਤੀ ਆਫ਼ਤਾਂ ਨੂੰ ਸੱਦਾ ਦਿੱਤਾ ਹੈ। ਜੰਗਲਾਂ ਦੇ ਉਜਾੜਨ ਦਾ ਹੀ ਨਤੀਜਾ ਹੈ ਕਿ ਅੱਜ ਧਰਤੀ ਦਾ ਤਾਪਮਾਨ ਦਿਨੋਂ ਦਿਨ ਵਧ ਰਿਹਾ ਹੈ। ਮੌਸਮ ਵਿਗਿਆਨੀ ਵੀ ਮੌਜੂਦਾ ਸਾਲ ਵਿਚ ਰਿਕਾਰਡ ਤੋੜ ਗਰਮੀ ਪੈਣ ਦੀ ਭਵਿੱਖਬਾਣੀ ਕਰ ਰਹੇ ਹਨ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਜੇਕਰ ਗਰਮੀ ਇਸੇ ਤਰ੍ਹਾਂ ਦਿਨੋ-ਦਿਨ ਵਧਦੀ ਗਈ ਤਾਂ ਜ਼ਿੰਦਗੀ ਦੀ ਹੋਂਦ ਧਰਤੀ 'ਤੇ ਕਿਵੇਂ ਸਰੁੱਖਿਅਤ ਰਹੇਗੀ? ਅਖੌਤੀ ਵਿਕਾਸ ਦੀ ਪੌੜੀ ਚੜ੍ਹਦਿਆਂ ਮਨੁੱਖ ਕੀ ਕੁਝ ਪਿੱਛੇ ਛੱਡ ਗਿਆ, ਉਸ ਨੂੰ ਕੁਝ ਚੇਤੇ ਨਾ ਰਿਹਾ। ਖਾਣ-ਪੀਣ ਵਾਲੇ ਪਦਾਰਥਾਂ ਵਿਚ ਜ਼ਹਿਰਾਂ ਮਿਲਾਉਣ ਤੋਂ ਲੈ ਕੇ ਪਸ਼ੂਆਂ-ਪੰਛੀਆਂ ਦੀ ਤਸਕਰੀ ਕਰ ਕੇ ਜੀਵ ਵਿਭਿੰਨਤਾ ਲਈ ਨਵੇਂ ਖ਼ਤਰੇ ਪੈਦਾ ਕੀਤੇ ਗਏ ਹਨ। ਦੁਧਾਰੂ ਪਸ਼ੂਆਂ ਤੋਂ ਦੁੱਧ ਪ੍ਰਾਪਤ ਕਰਨ ਲਈ ਆਕਸੀਟੋਸਿਨ (ਦੁੱਧ ਦੇ ਪਸਮਾਅ ਲਈ ਵਰਤਿਆ ਜਾਂਦਾ ਇਕ ਹਾਰਮੋਨ) ਟੀਕਾ ਲਾਉਣਾ ਸ਼ੁਰੂ ਕੀਤਾ ਗਿਆ ਹੈ। ਫ਼ਸਲਾਂ ਦੇ ਵਧੇਰੇ ਉਤਪਾਦਨ ਲਈ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਕਰ ਕੇ ਧਰਤੀ ਹੇਠਲਾ ਪਾਣੀ ਪਲੀਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਮੁੜ-ਮੁੜ ਕੇ ਪਾਣੀ ਦੀ ਵੱਧ ਖ਼ਪਤ ਕਰਨ ਵਾਲੀਆਂ ਫ਼ਸਲਾਂ ਉਗਾ ਕੇ ਧਰਤੀ ਹੇਠਲੇ ਪਾਣੀ ਨੂੰ ਆਪਣੀ ਪਹੁੰਚ ਤੋਂ ਦੂਰ ਕਰ ਦਿੱਤਾ ਗਿਆ। ਹੁਣ ਹਾਲਾਤ ਇਹ ਬਣ ਰਹੇ ਹਨ ਕਿ ਫ਼ਸਲਾਂ ਉਗਾਉਣ ਲਈ ਤਾਂ ਦੂਰ, ਕੁਝ ਪਿੰਡ ਪੀਣ ਵਾਲੇ ਪਾਣੀ ਲਈ ਵੀ ਤਰਸ ਰਹੇ ਹਨ।
ਪਲਾਸਟਿਕ ਅਤੇ ਪੌਲੀਥੀਨ ਦੀ ਵਧੇਰੇ ਵਰਤੋਂ ਨੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਲੈ ਕੇ ਵੱਡੇ-ਵੱਡੇ ਮਹਾਨਗਰਾਂ ਵਿਚ ਬਦਬੂਦਾਰ ਕੂੜੇ ਦੇ ਨਵੇਂ ਢੇਰ ਉਸਾਰਨ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕੂੜੇ ਕਰਕਟ ਨੂੰ ਸੰਭਾਲਣ ਅਤੇ ਇਸ ਦੇ ਨਿਪਟਾਰੇ ਲਈ ਬਣਾਏ 4-ਆਰ ਸਿਧਾਂਤ (Reduce, Repa}r, Reuse 1nd Rec਼c&e) ਮਤਲਬ ਆਪਣੀਆਂ ਲੋੜਾਂ ਨੂੰ ਘਟਾਉਣਾ, ਮੁਰੰਮਤ ਕਰਵਾਉਣਾ, ਮੁੜ ਵਰਤੋਂ 'ਚ ਲਿਆਉਣਾ ਅਤੇ ਪੁਨਰ ਉਤਪਾਦਨ ਵੀ ਦਮ ਤੋੜ ਰਹੇ ਹਨ। 'ਵਰਤੋ ਤੇ ਸੁੱਟੋ' ਵਿਚ ਸੁੱਖ ਲੱਭਣ ਵਾਲੇ ਮਨੁੱਖ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਉਸ ਦੀਆਂ ਬੱਜਰ ਗ਼ਲਤੀਆਂ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹੋਏ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੂੰ ਉਸ ਦੀਆਂ ਬਰੂਹਾਂ ਤੱਕ ਪਹੁੰਚਾ ਕੇ ਸਿਹਤਮੰਦ ਜ਼ਿੰਦਗੀ ਨੂੰ ਖੋਰਾ ਲਾ ਦਿੱਤਾ ਹੈ। ਸਿਹਤਮੰਦ ਜੀਵਨ ਸ਼ੈਲੀ ਵਿਚ ਨਿਘਾਰ ਦਾ ਹੀ ਨਤੀਜਾ ਹੈ ਕਿ ਜਨਮ ਤੋਂ ਹੀ ਬੱਚਾ ਬਿਮਾਰੀਆਂ ਨਾਲ ਪੀੜਤ ਹੋਣਾ ਸ਼ੁਰੂ ਹੋ ਜਾਂਦਾ ਹੈ। ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢ ਤੋਂ ਬੁਨਿਆਦੀ ਲੋੜਾਂ ਹਨ। ਇਸ ਤੋਂ ਬਾਅਦ ਸਿਹਤ ਅਤੇ ਸਿੱਖਿਆ ਦਾ ਨੰਬਰ ਆਉਂਦਾ ਹੈ। ਮਨੁੱਖ ਦੀਆਂ ਲੋੜਾਂ ਸੀਮਤ ਹਨ, ਜਦਕਿ ਇੱਛਾਵਾਂ ਅਸੀਮਤ। ਪੈਸੇ ਦੀ ਦੌੜ ਵਿਚ ਲਾਲਚ ਦੀ ਪੱਟੀ ਬੰਨ੍ਹੀ ਫਿਰਦੇ ਮਨੁੱਖ ਦੀ ਪੱਟੀ ਜਾਂ ਤਾਂ ਸਬਰ ਖੋਲ੍ਹ ਸਕਦਾ ਹੈ ਜਾਂ ਫ਼ਿਰ ਕਬਰ ਦੀ ਮਿੱਟੀ।
ਵਾਤਾਵਰਨ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਦੇ ਸੁਚੱਜੇ ਹੱਲ ਅਤੇ ਜਾਗਰੂਕਤਾ ਵਧਾਉਣ ਲਈ 1973 ਤੋਂ ਹਰ ਸਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ। ਵਾਤਾਵਰਨ ਦਿਵਸ 2024 ਦੀ ਥੀਮ 'ਸਾਡੀ ਧਰਤੀ ਸਾਡਾ ਭਵਿੱਖ: ਅਸੀਂ ਜਨਰੇਸ਼ਨ ਰਿਸਟੋਰੇਸ਼ਨ ਹਾਂ' ਸੀ, ਜਦਕਿ 2025 ਵਿਚ ਮਨਾਏ ਜਾਣ ਵਾਲੇ ਵਾਤਾਵਰਨ ਦਿਵਸ ਦੀ ਥੀਮ 'ਵਿਸ਼ਵ ਪੱਧਰ 'ਤੇ ਪਲਾਸਟਿਕ ਪ੍ਰਦੂਸ਼ਣ ਦਾ ਅੰਤ' ਭਾਵ ਦੁਨੀਆ ਤੋਂ ਪਲਾਸਟਿਕ ਦਾ ਖ਼ਾਤਮਾ ਨਿਰਧਾਰਤ ਕੀਤੀ ਗਈ ਹੈ। ਜਦੋਂ ਵਾਤਾਵਰਨ ਅਤੇ ਜੀਵ-ਜੰਤੂਆਂ ਦੇ ਸਾਂਭ-ਸੰਭਾਲ ਅਤੇ ਆਲਮੀ ਤਪਸ਼ ਨੂੰ ਘੱਟ ਕਰਨ ਦੀ ਗੱਲ ਤੁਰਦੀ ਹੈ ਤਾਂ ਸਾਰੇ ਦੇਸ਼ ਪਿੱਛੇ ਹਟਣਾ ਸ਼ੁਰੂ ਹੋ ਜਾਂਦੇ ਹਨ। ਧਰਤੀ 'ਤੇ ਕੋਈ ਇਕ ਇਨਸਾਨ ਨਹੀਂ ਰਹਿੰਦਾ, ਅਸੀਂ ਸਾਰੇ ਰਹਿੰਦੇ ਹਾਂ। ਧਰਤੀ ਮਾਂ ਵਲੋਂ ਮਿਲੀਆਂ ਕੁਦਰਤੀ ਸੌਗਾਤਾਂ ਦਾ ਲਾਭ ਅਸੀਂ ਸਾਰੇ ਉਠਾਉਂਦੇ ਹਾਂ ਤਾਂ ਫਿਰ ਧਰਤੀ ਮਾਂ ਨੂੰ ਬਚਾਉਣ ਦਾ ਉਪਰਾਲਾ ਵੀ ਸਭ ਦਾ ਸਾਂਝਾ ਹੋਣਾ ਚਾਹੀਦਾ ਹੈ।
ਅੰਤਰਾਸ਼ਟਰੀ, ਰਾਸ਼ਟਰੀ ਅਤੇ ਰਾਜ ਪੱਧਰੀ ਸਮਾਗਮਾਂ ਤੋਂ ਲੈ ਕੇ ਸਕੂਲਾਂ ਅਤੇ ਕਾਲਜਾਂ ਵਲੋਂ ਵੀ ਇਸ ਦਿਨ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਵਿਚਾਰ-ਚਰਚੇ ਕੀਤੇ ਜਾਂਦੇ ਹਨ। ਪਰ ਇਹ ਚਰਚੇ ਕੇਵਲ ਅਖ਼ਬਾਰ ਅਤੇ ਮੀਡੀਆ ਦੀਆਂ ਸੁਰਖੀਆਂ ਬਟੋਰਨ ਲਈ ਹੁੰਦੇ ਹਨ। ਜੇਕਰ ਅਸੀਂ ਸੱਚਮੁੱਚ ਹੀ ਧਰਤੀ ਨੂੰ ਬਚਾਉਣ ਲਈ ਸੁਹਿਰਦ ਹਾਂ ਤਾਂ ਸਾਨੂੰ ਆਪਣੇ ਘਰ ਤੋਂ ਤੇ ਆਪਣੇ-ਆਪ ਤੋਂ ਇਸ ਨੂੰ ਬਚਾਉਣ ਲਈ ਪਹਿਲ ਕਰਨੀ ਹੋਵੇਗੀ।
ਕੇਵਲ ਰੁੱਖ ਲਗਾ ਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਸੁਰਖੁਰੂ ਨਹੀਂ ਹੋ ਸਕਦੇ, ਉਨ੍ਹਾਂ ਦੀ ਸੰਭਾਲ ਕਰਨੀ ਵੀ ਸੰਵਿਧਾਨ ਵਲੋਂ ਨਿਰਧਾਰਤ ਸਾਡੇ ਨੈਤਿਕ ਕਰਤੱਵਾਂ ਵਿਚ ਸ਼ਾਮਿਲ ਹੈ। ਵਿਕਾਸ ਅਤੇ ਤਰੱਕੀ ਦੀ ਦੌੜ ਵਿਚ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ 'ਤੇ ਰੋਕ ਲਗਾਉਣੀ ਹੋਵੇਗੀ। ਇਕੱਲਾ ਮਨੁੱਖ ਕੁਝ ਨਹੀਂ ਕਰ ਸਕਦਾ ਪਰ ਸ਼ੁਰੂਆਤ ਤਾਂ ਕਰ ਸਕਦਾ ਹੈ। ਜੇਕਰ ਅਸੀਂ ਇਕੱਲੇ ਸ਼ੁਰੂਆਤ ਕਰੀਏ ਤਾਂ ਕੱਲ੍ਹ ਕਾਫ਼ਲਾ ਬਣਦਿਆਂ ਦੇਰ ਨਹੀਂ ਲੱਗਣੀ। ਮਨੁੱਖ ਪੈਸਾ, ਸੋਨਾ, ਹੀਰੇ ਅਤੇ ਮੋਟਰ-ਗੱਡੀਆਂ ਕੁਝ ਨਹੀਂ ਖਾ ਸਕਦਾ। ਉਸ ਦੇ ਜਿਊਂਦੇ ਰਹਿਣ ਲਈ ਸਾਫ਼ ਪੌਣ-ਪਾਣੀ ਅਤੇ ਸੰਤੁਲਿਤ ਅਤੇ ਸੁਰੱਖਿਅਤ ਭੋਜਨ ਦੀ ਮੁੱਖ ਲੋੜ ਹੈ। ਇਹ ਸਭ ਕੁਝ ਤਾਂ ਹੀ ਮਿਲੇਗਾ ਜੇਕਰ ਧਰਤੀ ਦੀ ਹੋਂਦ ਬਣੀ ਰਹੇ, ਨਹੀਂ ਤਾਂ ਧਰਤੀ ਦੇ ਖ਼ਤਮ ਹੋਣ ਦੀਆਂ ਜੋ ਭਵਿੱਖਬਾਣੀਆਂ ਸੁਣ ਰਹੇ ਹਾਂ, ਉਨ੍ਹਾਂ ਦੇ ਸੱਚ ਹੋਣ ਨੂੰ ਬਹੁਤੀ ਦੇਰ ਨਹੀਂ ਲੱਗੇਗੀ।
-ਮੋਬਾ: 7087367969