23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਤੇਜ਼ੀ ਲਿਆਉਣਾ ਚਾਹੁੰਦਾ ਹੈ ਟਰੰਪ ਪ੍ਰਸ਼ਾਸਨ

Ad Position 21
No active advertisement
ਅਜੀਤ ਡੈਸਕ 05-06-2025

ਟਰੰਪ ਪ੍ਰਸ਼ਾਸਨ ਨੇ ਗ੍ਰਿਫ਼ਤਾਰੀਆਂ ਤੇ ਦੇਸ਼ ਨਿਕਾਲੇ ਦੇ ਅਧੂਰੇ ਟੀਚਿਆਂ 'ਤੇ ਨਿਰਾਸ਼ਾ ਜਿਤਾਉਣ ਦਰਮਿਆਨ 'ਆਈਸ' ਦੀ ਲੀਡਰਸ਼ਿਪ ਨੂੰ ਬਦਲਣ ਦੀ ਪ੍ਰਕਿਰਿਆ ਤਿੱਖੀ ਕਰ ਦਿੱਤੀ ਹੈ। ਸਥਿਤੀ 'ਕਰੋ ਜਾਂ ਮਰੋ' ਵਾਲੀ ਬਣੀ ਹੋਈ ਹੈ ਅਤੇ ਆਈਸ 'ਤੇ ਦਬਾਅ ਹੈ ਕਿ ਉਹ ਰੋਜ਼ਾਨਾ 3 ਹਜ਼ਾਰ ਗ਼ੈਰ-ਕਾਨੂੰਨੀ ਲੋਕਾਂ ਨੂੰ ਗ੍ਰਿਫ਼ਤਾਰ ਕਰੋ, ਪਰ ਰੋਜ਼ਾਨਾ 7-8 ਸੌ ਲੋਕ ਹੀ ਗ੍ਰਿਫ਼ਤਾਰ ਹੋ ਰਹੇ ਹਨ। ਪ੍ਰਸ਼ਾਸਨਕ ਅਧਿਕਾਰੀਆਂ ਅਨੁਸਾਰ ਏਜੰਸੀ ਦੁਆਰਾ ਕੀਤੀਆਂ ਗਈਆਂ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ਤੇ ਦੇਸ਼ ਨਿਕਾਲੇ ਦੇ ਪੱਧਰ ਬਾਰੇ ਵ੍ਹਾਈਟ ਹਾਊਸ ਅੰਦਰ ਲਗਾਤਾਰ ਪਾਈ ਜਾਂਦੀ ਨਿਰਾਸ਼ਤਾ ਦੇ ਵਿਚਕਾਰ ਟਰੰਪ ਪ੍ਰਸ਼ਾਸਨ ਵਲੋਂ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਲੀਡਰਸ਼ਿਪ ਨੂੰ ਹਿਲਾਇਆ ਜਾ ਰਿਹਾ ਹੈ। ਇਸੇ ਲਈ ਹੁਣ ਕੇਨੇਥ ਜੇਨਾਲੋ ਨੂੰ ਗ੍ਰਿਫ਼ਤਾਰੀਆਂ ਤੇ ਦੇਸ਼ ਨਿਕਾਲੇ ਦਾ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹੁਣ ਆਈਸ ਸ਼ਾਖਾ, ਇਨਫੋਰਸਮੈਂਟ ਤੇ ਰਿਮੂਵਲ ਆਪ੍ਰੇਸ਼ਨਾਂ ਦੀ ਅਗਵਾਈ ਨਹੀਂ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸੇਵਾ ਨਿਭਾਅ ਰਹੇ ਆਈਸ ਅਧਿਕਾਰੀ ਜੇਨਾਲੋ ਸੇਵਾਮੁਕਤ ਹੋ ਰਹੇ ਹਨ ਅਤੇ ਏਜੰਸੀ ਦੇ ਅਧਿਕਾਰੀਆਂ ਨੂੰ ਇਕ ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਸਲਾਹ ਦੇਣ ਦੀ ਯੋਜਨਾ ਬਣਾ ਰਹੇ ਹਨ। ਇਨਫੋਰਸਮੈਂਟ ਰੀਮੂਵਲ ਆਪ੍ਰੇਸ਼ਨ (ਈ ਆਰ ਓ) ਦੇਸ਼ ਭਰ ਵਿਚ ਅਣਅਧਿਕਾਰਤ ਪ੍ਰਵਾਸੀਆਂ ਨੂੰ ਲੱਭਣ, ਗ੍ਰਿਫ਼ਤਾਰ ਕਰਨ ਤੇ ਦੇਸ਼ ਨਿਕਾਲੇ ਦੇ ਯਤਨਾਂ ਨੂੰ ਤੇਜ਼ ਕਰਨ ਲਈ ਟਰੰਪ ਪ੍ਰਸ਼ਾਸਨ ਦੀ ਹਮਲਾਵਰ ਅਤੇ ਸਰਕਾਰ-ਪੱਖੀ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ। ਹੋਮਲੈਂਡ ਸਿਕਿਓਰਿਟੀ ਵਿਭਾਗ ਦੀ ਜਾਂਚ ਸ਼ਾਖਾ ਦੇ ਰੂਪ 'ਚ ਹੋਮਲੈਂਡ ਸਕਿਊਰਟੀ ਇਨਵੈਸਟੀਗੇਸ਼ਨ (ਐਚ.ਐਸ. ਆਈ) ਇਕ ਵਿਸ਼ੇਸ਼ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ, ਜੋ ਬੱਚਿਆਂ ਦੇ ਸ਼ੋਸ਼ਣ ਤੇ ਮਨੁੱਖੀ ਤਸਕਰੀ ਵਰਗੇ ਅੰਤਰਰਾਸ਼ਟਰੀ ਅਪਰਾਧਾਂ ਨੂੰ ਕੰਟਰੋਲ ਕਰਨ 'ਤੇ ਕੇਂਦ੍ਰਿਤ ਰਹੀ ਹੈ। ਪਰ ਇਸ ਦੇ ਬਹੁਤੇ ਏਜੰਟਾਂ ਨੂੰ ਟਰੰਪ ਪ੍ਰਸ਼ਾਸਨ ਦੁਆਰਾ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ਤੇ ਦੇਸ਼ ਨਿਕਾਲੇ ਦੇ ਉਪਰਾਲੇ ਕਰਨ ਲਈ ਕਿਹਾ ਗਿਆ ਹੈ। ਆਈਸ ਲੀਡਰਸ਼ਿਪ ਨੂੰ ਵ੍ਹਾਈਟ ਹਾਊਸ ਵੱਲੋਂ ਉਨ੍ਹਾਂ ਪ੍ਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਵਧਾਉਣ ਲਈ ਸਖ਼ਤ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ, ਜੋ ਗ਼ੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਰਹਿ ਰਹੇ ਹਨ ਜਾਂ ਟਰੰਪ ਪ੍ਰਸ਼ਾਸਨ ਦੇ ਉਨ੍ਹਾਂ ਕਈ ਅਸਥਾਈ ਇਮੀਗ੍ਰੇਸ਼ਨ ਪ੍ਰੋਗਰਾਮਾਂ 'ਚੋਂ ਇਕ ਦੇ ਅਧੀਨ ਹਨ, ਜਿਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਵ੍ਹਾਈਟ ਹਾਊਸ ਦੇ ਡਿਪਟੀ ਚੀਫ਼ ਆਫ਼ ਸਟਾਫ਼ ਸਟੀਫਨ ਮਿਲਰ ਨੇ ਕਿਹਾ ਕਿ ਪ੍ਰਸ਼ਾਸਨ ਆਈਸ 'ਤੇ ਪ੍ਰਤੀ ਦਿਨ ਘੱਟੋ-ਘੱਟ 3,000 ਗ੍ਰਿਫ਼ਤਾਰੀਆਂ ਕਰਨ ਲਈ ਦਬਾਅ ਪਾ ਰਿਹਾ ਹੈ ਤੇ ਇਹ ਇਕ ਅਜਿਹਾ ਟੀਚਾ ਹੈ, ਜੋ ਇਮੀਗ੍ਰੇਸ਼ਨ ਲਾਗੂ ਕਰਨ ਦੇ ਇਕ ਬੇਮਿਸਾਲ ਵਿਸਥਾਰ ਦੇ ਬਰਾਬਰ ਹੋਵੇਗਾ। ਵ੍ਹਾਈਟ ਹਾਊਸ ਦੇ 'ਸਰਹੱਦੀ ਜ਼ਾਰ' ਟੌਮ ਹੋਮਨ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਅਸੀਂ ਗ੍ਰਿਫ਼ਤਾਰੀਆਂ ਨੂੰ ਬਹੁਤ ਜ਼ਿਆਦਾ ਵਧਾਉਣਾ ਚਾਹੁੰਦੇ ਹਾਂ ਤੇ ਦਲੀਲ ਦਿੱਤੀ ਕਿ ਰੋਜ਼ਾਨਾ 3,000 ਗ੍ਰਿਫ਼ਤਾਰੀਆਂ ਦਾ ਟੀਚਾ ਪ੍ਰਾਪਤ ਕਰਨਾ ਜ਼ਰੂਰੀ ਹੈ।
ਗੁਰੂ ਨਾਨਕ ਚੇਅਰ ਲਈ ਇਕਰਾਰ
ਪੰਜਾਬੀ ਭਾਈਚਾਰੇ ਅਤੇ ਅਮਰੀਕਾ ਦੇ ਪ੍ਰਸ਼ਾਸਕੀ ਤੇ ਰਾਜਸੀ ਹਲਕਿਆਂ 'ਚ ਬਹੁਤ ਸਤਿਕਾਰ ਨਾਲ ਵਿਚਰਨ ਵਾਲੇ ਅਮਰੀਕਾ ਦੇ ਨਾਮੀ ਵਕੀਲ ਤੇ ਸਮਾਜ ਸੇਵੀ ਸ. ਜਸਪ੍ਰੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਖੇਤਰ ਵਿਚ ਇਕ ਨਵਾਂ ਮੀਲ-ਪੱਥਰ ਸਥਾਪਤ ਕਰਦਿਆਂ ਯੂਨੀਵਰਸਿਟੀ ਵਿਚ 'ਗੁਰੂ ਨਾਨਕ ਚੇਅਰ' ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਜਸਪ੍ਰੀਤ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਖੁਦ 5 ਸਾਲਾਂ ਲਈ ਇਸ ਚੇਅਰ ਲਈ ਪੂਰੀ ਫੰਡਿੰਗ ਕਰਨਗੇ ਤੇ ਇਸ ਚੇਅਰ ਦਾ ਮਕਸਦ ਗੁਰੂ ਨਾਨਕ ਦੇਵ ਜੀ ਦੀਆਂ ਸਰਬ ਪ੍ਰਵਾਨਿਤ ਸਿੱਖਿਆਵਾਂ-ਸਮਾਨਤਾ, ਸੇਵਾ, ਦਇਆ ਤੇ ਮਨੁੱਖੀ ਏਕਤਾ ਦਾ ਡੁੰਘਾਈ ਨਾਲ ਅਧਿਐਨ ਤੇ ਪ੍ਰਸਾਰ ਕਰਨਾ ਹੋਵੇਗਾ। ਇਸ ਲਈ 3 ਕਰੋੜ ਰੁਪਏ ਤੋਂ ਵੱਧ ਦੀ ਰਕਮ ਨਾਲ ਇਕ ਨਿਰਧਾਰਤ ਸਮੇਂ ਦੇ ਚੇਅਰ ਪ੍ਰੋਫ਼ੈਸਰ, ਖੋਜ ਸਹਾਇਕ ਤੇ ਹੋਰ ਅਕਾਦਮਿਕ ਸਰੋਤਾਂ ਦੀ ਨਿਯੁਕਤੀ ਕੀਤੀ ਜਾਵੇਗੀ। ਉਚੇਚੇ ਤੌਰ 'ਤੇ ਸੈਕਰਾਮੈਂਟੋ ਪੁੱਜੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨਾਲ ਇਹ ਇਕਰਾਰ ਕਰਦਿਆਂ ਸ. ਜਸਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਅਧਿਐਨ ਤੇ ਸਮਾਜਿਕ ਉੱਨਤੀ ਨਾਲ ਜੁੜੇ ਖੋਜ ਕਾਰਜਾਂ ਲਈ ਉਹ 10 ਵਿਦਿਆਰਥੀਆਂ ਨੂੰ ਹਰ ਮਹੀਨੇ 8 ਹਜ਼ਾਰ ਰੁਪਏ ਦੀ ਖੋਜ ਸਕਾਲਰਸ਼ਿਪ ਵੀ ਦੇਣਗੇ ਤਾਂ ਜੋ ਨੌਜਵਾਨ ਖੋਜੀ ਵਿਦਿਆਰਥੀ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਅਰਥਪੂਰਨ ਕੰਮ ਕਰ ਸਕਣ। ਇਸ ਮੌਕੇ ਡਾ: ਕਰਮਜੀਤ ਸਿੰਘ ਨੇ ਜਸਪ੍ਰੀਤ ਸਿੰਘ ਹੁਰਾਂ ਦੇ ਇਸ ਉਦਾਰਵਾਦੀ ਯੋਗਦਾਨ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿਰਫ਼ ਵਿੱਤੀ ਸਹਾਇਤਾ ਨਹੀਂ ਹੈ, ਸਗੋਂ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ 'ਚ ਰੂਹਾਨੀ ਤੇ ਬੌਧਿਕ ਨਿਵੇਸ਼ ਹੈ ਅਤੇ ਯੂਨੀਵਰਸਿਟੀ ਨੂੰ ਪੂਰਾ ਭਰੋਸਾ ਹੈ ਕਿ ਇਹ ਸਾਂਝ ਧਾਰਮਿਕ, ਦਾਰਸ਼ਨਿਕ ਤੇ ਮਨੁੱਖਤਾਵਾਦੀ ਅਧਿਐਨ ਦੇ ਖੇਤਰ ਵਿਚ ਉਸ ਦੀ ਵਿਸ਼ਵ ਪੱਧਰੀ ਸਾਖ ਨੂੰ ਹੋਰ ਮਜ਼ਬੂਤ ਕਰੇਗੀ। ਜ਼ਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਸਿਰਫ਼ ਸਮਾਜਿਕ ਖੇਤਰ 'ਚ ਅੱਗੇ ਆ ਕੇ ਪੰਜਾਬੀਆਂ ਦੀਆਂ ਸਮੱਸਿਆਵਾਂ ਨਹੀਂ ਉਠਾਉਂਦੇ, ਸਗੋਂ ਉਹ ਅਮਰੀਕੀ ਰਾਜਨੀਤਿਕ ਲੋਕਾਂ ਤੱਕ ਸਾਰਥਕ ਪਹੁੰਚ ਵੀ ਰੱਖਦੇ ਹਨ। ਇਕ ਵਕੀਲ ਵਜੋਂ ਵੀ ਉਨ੍ਹਾਂ ਦਾ ਸਮੁੱਚੇ ਅਮਰੀਕਾ ਵਿਚ ਵੱਡਾ ਸਤਿਕਾਰ ਹੈ।
ਭਾਰਤੀ ਜੋੜੇ ਦੇ ਵਿਆਹ ਲਈ ਵਾਲ ਸਟਰੀਟ ਬੰਦ
ਹਾਲ ਹੀ ਵਿਚ ਨਿਊਯਾਰਕ ਸਟਾਕ ਐਕਸਚੇਂਜ ਦੀਆਂ ਸੜਕਾਂ ਨੂੰ ਬੰਦ ਕਰਨ ਵਾਲੀ ਇਕ ਭਾਰਤੀ ਬਾਰਾਤ ਦੇ ਵੀਡੀਓ ਨੂੰ ਇੰਟਰਨੈੱਟ 'ਤੇ ਵਾਇਰਲ ਹੋਣ 'ਤੇ ਬਹੁਤਿਆਂ ਨੇ ਵੇਖਿਆ ਹੋਵੇਗਾ। ਦੁਨੀਆ ਭਰ ਦੇ ਲੋਕ ਹੈਰਾਨ ਸਨ ਕਿ ਨਿਊਯਾਰਕ ਦੀਆਂ ਆਮ ਤੌਰ 'ਤੇ ਭੀੜ-ਭੜੱਕੇ ਵਾਲੀਆਂ ਗਲੀਆਂ ਕਰੀਬ 400 ਤੋਂ ਵੱਧ ਭਾਰਤੀ ਪਹਿਰਾਵੇ ਵਾਲੇ ਵਿਆਹ ਦੇ ਬਾਰਾਤੀਆਂ ਨਾਲ ਭਰੀਆਂ ਹੋਈਆਂ ਸਨ, ਜੋ ਡੀ.ਜੇ. 'ਤੇ ਵੱਜਦੇ ਸ਼ੋਰਮਈ ਸੰਗੀਤ 'ਤੇ ਦੂਹਰੇ ਹੋ-ਹੋ ਕੇ ਨੱਚ ਰਹੇ ਸਨ। ਕਿਸੇ ਵਿਆਹ ਮੌਕੇ ਮਹਿੰਗੀਆਂ ਗਲੀਆਂ ਵੀ ਬੰਦ ਕੀਤੀਆਂ ਜਾ ਸਕਦੀਆਂ ਹਨ! ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਲੋਕ ਪੂਰਾ ਦ੍ਰਿਸ਼ ਦੇਖ ਕੇ ਹੈਰਾਨ ਸਨ ਤੇ ਉਹ ਉਸ ਜੋੜੇ ਬਾਰੇ ਜਾਣਨ ਲਈ ਵਧੇਰੇ ਉਤਸੁਕ ਸਨ, ਜਿਨ੍ਹਾਂ ਦੇ ਵਿਆਹ ਦੇ ਕਾਫ਼ਲੇ ਨੇ ਨਿਊਯਾਰਕ 'ਤੇ ਇਕ ਤਰ੍ਹਾਂ ਨਾਲ ਕਬਜ਼ਾ ਕਰ ਲਿਆ ਸੀ। ਲੋਕ ਜਾਣਨਾ ਚਾਹੁੰਦੇ ਸਨ ਕਿ ਇਹ ਕੌਣ ਤੇ ਕਿੰਨੇ ਅਮੀਰ ਹੋਣਗੇ, ਜਿਨ੍ਹਾਂ ਨੇ ਵੱਡੀ ਰਕਮ ਖਰਚ ਕਰ ਕੇ ਬਰਾਤ ਲਈ 'ਵਾਲ ਸਟਰੀਟ' ਨੂੰ ਹੀ ਬੰਦ ਕਰਵਾ ਦਿੱਤਾ। ਇਸ ਬਰਾਤ ਦੇ ਵੀਡੀਓ ਦੇਖਣ ਵਾਲੇ ਬਹੁਤੇ ਲੋਕ ਇਨ੍ਹਾਂ ਨੂੰ 'ਕਰੋੜਪਤੀ' ਮੰਨ ਰਹੇ ਹਨ। ਇਨ੍ਹਾਂ ਦੀ ਪਛਾਣ ਐਂਟਰਪ੍ਰਾਈਜ਼ ਏ.ਆਈ. ਪਲੇਟਫਾਰਮ ਰੋਲਾਈ ਦੇ ਸੀ.ਈ.ਓ. ਵਰੁਣ ਨਵਾਨੀ ਅਤੇ ਕਾਨੂੰਨੀ ਪਾਲਣਾ ਤੇ ਜੋਖ਼ਮ ਪ੍ਰਬੰਧਨ ਦੀ ਨਿਰਦੇਸ਼ਕ ਅਮਾਂਡਾ ਸੋਲ ਵਜੋਂ ਹੋਈ ਹੈ। ਸਿਟੀ ਕੌਂਸਲ ਦੇ ਰਿਕਾਰਡਾਂ ਅਨੁਸਾਰ ਨਵਾਨੀ ਤੇ ਸੋਲ ਨੇ ਆਪਣੇ ਵਿਆਹ ਵਾਲੇ ਦਿਨ ਵੱਖ-ਵੱਖ ਥਾਵਾਂ ਦੀਆਂ ਗਲੀਆਂ ਲਈ 28 ਵਿਸ਼ੇਸ਼ ਪਰਮਿਟ ਲਏ। ਉਨ੍ਹਾਂ ਇਸ ਵਪਾਰਕ ਸ਼ਹਿਰ ਦੀਆਂ ਗਲੀਆਂ ਨੂੰ ਬੰਦ ਕਰਨ ਲਈ ਪ੍ਰਤੀ ਸਥਾਨ 25,000 ਡਾਲਰ ਤੋਂ 66,000 ਡਾਲਰ ਦੇ ਵਿਚਕਾਰ ਖ਼ਰਚ ਕੀਤੇ। ਇਹ ਅੰਦਾਜ਼ਨ ਖਰਚ 10 ਲੱਖ ਡਾਲਰ ਤੋਂ ਵੱਧ ਦਾ ਹੋ ਸਕਦਾ ਹੈ। ਪੂਰੇ ਅਮਰੀਕਾ 'ਚ ਇਸ ਵਿਆਹ ਦੇ ਖ਼ੂਬ ਚਰਚੇ ਹੋ ਰਹੇ ਹਨ।

ਈ-ਮੇਲ : ashokbhaura@gmail.com

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਸੁਰੱਖਿਆ ਲਈ ਕੇਂਦਰ ਸਰਕਾਰ ਦੇ ਯਤਨ ਅਗਲੀ ਖ਼ਬਰ ਜੀਵਨ ਦੀ ਹੋਂਦ ਲਈ ਜ਼ਰੂਰੀ ਹੈ ਸੁਰੱਖਿਅਤ ਵਾਤਾਵਰਨ
Ad Position 24