ਸ਼ੁਰੂਆਤੀ ਦਿਨਾਂ ਵਿਚ ਕੰਪਿਊਟਰ ਮਸ਼ੀਨਾਂ ਬਹੁਤ ਵੱਡੀਆਂ ਲਗਭਗ ਇਕ ਕਮਰੇ ਦੇ ਆਕਾਰ ਦੀਆਂ ਹੁੰਦੀਆਂ ਸਨ, ਜਿਨ੍ਹਾਂ ਵਿਚ ਲੱਗੀਆਂ ਹਜ਼ਾਰਾਂ ਵੈਕਿਊਮ ਟਿਊਬਾਂ 'ਆਨ-ਆਫ' ਸਵਿੱਚ ਵਾਂਗ ਕੰਮ ਕਰਦੀਆਂ ਸਨ। ਉਹ ਅੱਜ ਦੇ ਆਧੁਨਿਕ ਤੇ ਆਕਰਸ਼ਕ ਯੰਤਰਾਂ ਦੀ ਬਜਾਏ ਪੁਰਾਣੇ ਟੈਲੀਫੋਨ ਐਕਸਚੇਂਜਾਂ ਵਾਂਗ ਲੱਗਦੇ ਸਨ। ਪਰ ਹੁਣ ਅਰਬਾਂ ਟਰਾਂਜਿਸਟਰ ਵਾਲੀ ਇਕ ਨਹੁੰ ਤੋਂ ਵੀ ਛੋਟੀ ਚਿੱਪ ਵਿਚ ਕਿਤੇ ਜ਼ਿਆਦਾ ਤਾਕਤ ਹੁੰਦੀ ਹੈ। ਇਹ ਚਿੱਪਾਂ ਤੁਹਾਡੇ ਮੋਬਾਈਲ ਫੋਨ, ਕਾਰ, ਰੇਲ, ਫਰਿੱਜ, ਟੀ.ਵੀ., ਸਕੂਟੀ, ਫੈਕਟਰੀ ਮਸ਼ੀਨਾਂ, ਹਵਾਈ ਜਹਾਜ਼ਾਂ ਨੂੰ ਚਲਾਉਂਦੀਆ ਹਨ ਤੇ ਪੁਲਾੜ 'ਚ ਸੈਟੇਲਾਈਟਾਂ ਤੱਕ ਨੂੰ ਦਿਸ਼ਾ ਦਿਖਾਉਂਦੀਆਂ ਹਨ। ਇਹ ਛੋਟੀਆਂ ਚਿੱਪਾਂ ਤੁਹਾਡੀ ਉਂਗਲੀ 'ਤੇ ਪਹਿਨੀ ਗਈ ਇਕ ਸਮਾਰਟ ਰਿੰਗ ਵਿਚ ਫਿੱਟ ਹੋ ਕੇ ਤੁਹਾਡੇ ਦਿਲ ਦੀ ਸਿਹਤ ਤੱਕ ਨੂੰ ਵੀ ਮਾਪਦੀਆਂ ਹਨ। ਇਹੀ ਸੈਮੀਕੰਡਕਟਰਜ਼ ਦਾ ਜਾਦੂ ਹੈ।
ਵਿਕਾਸ ਦਾ ਇੰਜਣ
ਕਿਸੇ ਵੀ ਦੇਸ਼ ਦੀ ਤਰੱਕੀ ਲਈ ਵਿਕਾਸ ਦੇ ਮੁੱਖ ਖੇਤਰਾਂ ਵਿਚ ਮੁਹਾਰਤ ਹਾਸਿਲ ਕਰਨਾ ਸਭ ਤੋਂ ਮਹੱਤਵਪੂਰਨ ਹੈ। ਇਨ੍ਹਾਂ ਖੇਤਰਾਂ ਵਿਚ ਇਸਪਾਤ, ਬਿਜਲੀ, ਦੂਰਸੰਚਾਰ, ਰਸਾਇਣ ਤੇ ਆਵਾਜਾਈ ਤੋਂ ਇਲਾਵਾ ਸੈਮੀਕੰਡਕਟਰ ਵੀ ਬਹੁਤ ਮਹੱਤਵਪੂਰਨ ਖੇਤਰ ਹੈ। ਅੱਜਕੱਲ੍ਹ ਵਰਤੇ ਜਾਂਦੇ- ਸਮਾਰਟਫੋਨ, ਕਾਰਾਂ, ਰੇਲਗੱਡੀਆਂ, ਮੈਡੀਕਲ ਯੰਤਰਾਂ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਤੋਂ ਲੈ ਕੇ ਰੱਖਿਆ ਪ੍ਰਣਾਲੀਆਂ, ਪਾਵਰ ਗਰਿੱਡਾਂ ਤੇ ਸੈਟੇਲਾਈਟ ਹਰ ਚੀਜ਼ ਵਿਚ ਇਹ ਲੁਕੇ ਹੋਏ ਹਨ। ਜਿਵੇਂ ਫੈਕਟਰੀਆਂ, ਪੁਲ ਅਤੇ ਰੇਲਵੇ ਇਸਪਾਤ ਤੋਂ ਬਿਨਾਂ ਨਹੀਂ ਬਣਾਏ ਜਾ ਸਕਦੇ, ਉਸੇ ਤਰ੍ਹਾਂ ਡਿਜੀਟਲ ਅਰਥਵਿਵਸਥਾ ਸੈਮੀਕੰਡਕਟਰਜ਼ ਤੋਂ ਬਿਨਾਂ ਸੰਭਵ ਨਹੀਂ ਹੈ। ਇਨ੍ਹਾਂ ਤੋਂ ਬਿਨਾਂ ਆਧੁਨਿਕ ਸੰਚਾਰ, ਡੇਟਾ ਪ੍ਰੋਸੈਸਿੰਗ, ਏ.ਆਈ., ਅਮੁੱਕ ਊਰਜਾ ਜਾਂ ਸੁਰੱਖਿਅਤ ਰੱਖਿਆ ਪ੍ਰਣਾਲੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸੈਮੀਕੰਡਕਟਰਾਂ ਦਾ ਨਿਰਮਾਣ ਜਾਂ ਡਿਜ਼ਾਈਨ ਨਾ ਕਰਨ ਵਾਲਾ ਦੇਸ਼ ਸਿਹਤ ਤੋਂ ਲੈ ਕੇ ਸੁਰੱਖਿਆ ਤੱਕ ਆਪਣੀਆਂ ਜ਼ਰੂਰੀ ਸੇਵਾਵਾਂ ਲਈ ਦੂਜਿਆਂ 'ਤੇ ਨਿਰਭਰ ਹੋ ਜਾਂਦਾ ਹੈ। ਸੈਮੀਕੰਡਕਟਰ ਖੇਤਰ ਵਿਚ ਮਜ਼ਬੂਤੀ ਹਾਸਿਲ ਕਰਨਾ ਸਿਰਫ਼ ਉਦਯੋਗਿਕ ਮਸਲਾ ਨਹੀਂ, ਸਗੋਂ ਸਾਡੇ ਭਵਿੱਖ ਨੂੰ ਸਰੂਪ ਦੇਣ ਦਾ ਵੀ ਸਵਾਲ ਹੈ।
ਰਣਨੀਤਕ ਅਤੇ ਆਲਮੀ ਸਿਆਸੀ ਲੋੜ
ਕੋਵਿਡ-19 ਮਹਾਂਮਾਰੀ ਨੇ ਸਾਨੂੰ ਸੈਮੀਕੰਡਕਟਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ, ਜਦੋਂ ਚਿੱਪਾਂ ਦੀ ਆਲਮੀ ਸਪਲਾਈ ਲੜੀ ਢਹਿ-ਢੇਰੀ ਹੋਣ ਕਰਕੇ ਬਹੁਤ ਸਾਰੇ ਉਦਯੋਗਾਂ- ਆਟੋਮੋਬਾਈਲ, ਨੈੱਟਵਰਕਿੰਗ ਉਪਕਰਣ, ਖਪਤਕਾਰ ਇਲੈਕਟ੍ਰੋਨਿਕਸ ਦਾ ਉਤਪਾਦਨ ਪ੍ਰਭਾਵਿਤ ਹੋਣ ਕਾਰਨ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਸੀ। ਅੱਜ ਸੈਮੀਕੰਡਕਟਰ ਆਲਮੀ ਸਿਆਸਤ ਦੇ ਕੇਂਦਰ ਵਿਚ ਹਨ, ਕਿਉਂਕਿ ਚਿੱਪ ਨਿਰਮਾਣ ਸਿਰਫ਼ ਕੁਝ ਗਿਣੇ-ਚੁਣੇ ਦੇਸ਼ਾਂ ਵਿਚ ਹੀ ਹੁੰਦਾ ਹੈ। ਇਨ੍ਹਾਂ ਦੀ ਥੋੜ੍ਹੀ ਜਿਹੀ ਰੁਕਾਵਟ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਿਵੇਂ ਬਿਜਲੀ ਬੰਦ ਹੋਣ 'ਤੇ ਉਦਯੋਗ, ਅਰਥਵਿਵਸਥਾ ਤੇ ਸੁਰੱਖਿਆ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਸੈਮੀਕੰਡਕਟਰ ਅਜੋਕੇ ਡਿਜੀਟਲ ਯੁੱਗ ਦੇ ਸਭ ਤੋਂ ਮਹੱਤਵਪੂਰਨ ਸਰੋਤ ਬਣ ਗਏ ਹਨ।
ਵਧਦੀ ਮੰਗ
ਭਾਰਤ ਵਿਚ ਇਲੈਕਟ੍ਰੋਨਿਕਸ ਦੀ ਖਪਤ ਤੇ ਉਤਪਾਦਨ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਕਰਕੇ ਸੈਮੀਕੰਡਕਟਰਾਂ ਦੀ ਮੰਗ ਹੋਰ ਵੀ ਤੇਜ਼ੀ ਨਾਲ ਵਧ ਰਹੀ ਹੈ। ਦੇਸ਼ 'ਚ 65 ਕਰੋੜ ਤੋਂ ਵੱਧ ਸਮਾਰਟਫੋਨ ਉਪਭੋਗਤਾ ਹਨ ਤੇ ਇਲੈਕਟ੍ਰੋਨਿਕਸ ਨਿਰਮਾਣ ਸਾਲਾਨਾ 12 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਅਸੀਂ ਏਆਈ-ਅਧਾਰਿਤ ਪ੍ਰਣਾਲੀਆਂ, ਡੇਟਾ ਸੈਂਟਰਾਂ ਤੇ ਇਲੈਕਟ੍ਰਿਕ ਵਾਹਨ ਵੀ ਵਿਕਸਿਤ ਕਰ ਰਹੇ ਹਾਂ, ਜਿਨ੍ਹਾਂ ਲਈ ਚਿੱਪ ਦੀ ਲੋੜ ਹੁੰਦੀ ਹੈ। ਇਸ ਲਈ ਸੈਮੀਕੰਡਕਟਰਾਂ ਮੰਗ ਅਤੇ ਨਵੀਨਤਾ ਦੋਹਾਂ ਵਿਚ ਤੇਜ਼ੀ ਨਾਲ ਵਾਧਾ ਕਰਨਾ ਜ਼ਰੂਰੀ ਹੈ, ਤਾਂ ਕਿ ਭਾਰਤ ਇਸ ਖੇਤਰ ਵਿਚ ਆਪਣੀ ਸਥਿਤੀ ਮਜ਼ਬੂਤ ਬਣਾ ਸਕੇ।
ਬਿਹਤਰ ਭਵਿੱਖ ਵੱਲ
ਦਹਾਕਿਆਂ ਤੋਂ ਭਾਰਤ ਦੇ ਸੈਮੀਕੰਡਕਟਰ ਦੌੜ ਵਿਚ ਪਿੱਛੇ ਰਹਿਣ ਬਾਰੇ ਕਿਹਾ ਜਾਂਦਾ ਸੀ, ਪਰ ਇਹ ਗੱਲ ਹੁਣ ਸੱਚ ਨਹੀਂ ਹੈ। ਇੰਡੀਆ ਸੈਮੀਕੰਡਕਟਰ ਮਿਸ਼ਨ ਦੇ ਤਹਿਤ 10 ਚਿੱਪ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਪਹਿਲੀ 'ਮੇਡ ਇਨ ਇੰਡੀਆ' ਚਿੱਪ ਇਸ ਸਾਲ ਬਾਜ਼ਾਰ 'ਚ ਆ ਜਾਵੇਗੀ। ਗੁਜਰਾਤ ਦੇ ਸਾਨੰਦ ਸਥਿਤ ਇਕ ਯੂਨਿਟ ਵਿਚ ਇਕ ਪਾਇਲਟ ਉਤਪਾਦਨ ਲਾਈਨ ਸ਼ੁਰੂ ਹੋ ਗਈ ਹੈ ਅਤੇ ਅਗਲੇ ਸਾਲ ਦੌਰਾਨ 4 ਹੋਰ ਯੂਨਿਟਾਂ ਤੋਂ ਉਤਪਾਦਨ ਸ਼ੁਰੂ ਹੋ ਜਾਵੇਗਾ। ਅਪਲਾਈਡ ਮੈਟੀਰੀਅਲਜ਼, ਲੈਮ ਰਿਸਰਚ, ਮਰਕ ਅਤੇ ਲਿੰਡੇ ਵਰਗੀਆਂ ਆਲਮੀ ਕੰਪਨੀਆਂ ਵੀ ਭਾਰਤ ਵਿਚ ਨਿਵੇਸ਼ ਕਰ ਰਹੀਆਂ ਹਨ। ਭਾਰਤ ਦੇ ਸੈਮੀਕੰਡਕਟਰ ਉਦਯੋਗ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਦੀ ਉਤਪਾਦਨ ਲਈ ਸਾਜ਼ਗਾਰ ਮਾਹੌਲ ਦੇਣ ਦੀ ਪਹੁੰਚ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਘੱਟ ਸਮੇਂ ਵਿਚ ਵੱਡੀ ਸਫਲਤਾ ਦੇ ਪਿੱਛੇ ਪ੍ਰਧਾਨ ਮੰਤਰੀ ਦਾ ਸਪੱਸ਼ਟ ਦ੍ਰਿਸ਼ਟੀਕੋਣ, ਅਮਲ 'ਤੇ ਖ਼ਾਸ ਧਿਆਨ, ਆਲਮੀ ਸਹਿਯੋਗ ਤੇ ਸੂਬਾ ਸਰਕਾਰਾਂ ਦੇ ਮਜ਼ਬੂਤ ਹੁੰਗਾਰੇ ਇਸ ਦੌੜ ਵਿਚ ਭਾਰਤ ਨੂੰ ਮਜ਼ਬੂਤ ਕਦਮਾਂ ਨਾਲ ਅੱਗੇ ਵਧਾ ਰਹੇ ਹਨ।
ਡਿਜ਼ਾਈਨ ਅਤੇ ਪ੍ਰਤਿਭਾ
ਭਾਰਤ ਦੀ ਅਸਲ ਤਾਕਤ ਇਸ ਦੇ ਲੋਕ ਹਨ, ਇਸ ਤਾਕਤ ਤੋਂ ਲਾਭ ਲੈਣ ਲਈ ਨੀਤੀਆਂ ਤੇ ਨਿਵੇਸ਼ ਬਹੁਤ ਜ਼ਰੂਰੀ ਹੈ। ਅੱਜ ਭਾਰਤ ਕੋਲ ਵਿਸ਼ਵ ਸੈਮੀਕੰਡਕਟਰ ਡਿਜ਼ਾਈਨ ਕਿਰਤ ਬਲ ਦਾ 20 ਫ਼ੀਸਦੀ ਤੋਂ ਵੱਧ ਹਿੱਸਾ ਹੈ। ਅਗਲੇ ਦਹਾਕੇ ਦੌਰਾਨ ਦੁਨੀਆ ਨੂੰ 10 ਲੱਖ ਤੋਂ ਵੱਧ ਸੈਮੀਕੰਡਕਟਰ ਪੇਸ਼ੇਵਰਾਂ ਦੀ ਲੋੜ ਹੋਵੇਗੀ, ਜਿਸ ਦੀ ਪੂਰਤੀ ਭਾਰਤ ਕਰ ਸਕਦਾ ਹੈ। ਸਰਕਾਰ ਵਲੋਂ ਪ੍ਰਦਾਨ ਕੀਤੇ ਗਏ ਵਿਸ਼ਵ ਪੱਧਰੀ ਇਲੈਕਟ੍ਰੋਨਿਕ ਡਿਜ਼ਾਈਨ ਆਟੋਮੇਸ਼ਨ (ਈ.ਡੀ.ਏ) ਟੂਲ 350 ਸੰਗਠਨਾਂ ਅਤੇ ਸਟਾਰਟਅੱਪਸ ਦੇ 60,000 ਤੋਂ ਵੱਧ ਲੋਕਾਂ ਵਲੋਂ ਵਰਤੇ ਜਾ ਰਹੇ ਹਨ। ਮਾਈਂਡਗਰੋਵ ਟੈਕਨਾਲੋਜੀਜ਼ ਆਈ.ਆਈ. ਟੀ. ਮਦਰਾਸ ਵਿਖੇ ਵਿਕਸਿਤ ਕੀਤੇ ਗਏ ਸਵਦੇਸ਼ੀ 'ਸ਼ਕਤੀ ਪ੍ਰੋਸੈਸਰ' ਦੇ ਅਧਾਰ 'ਤੇ ਆਈ.ਓ.ਟੀ. ਚਿੱਪ ਬਣਾ ਰਹੀ ਹੈ। ਨੇਤਰਸੇਮੀ ਨਾਮਕ ਇਕ ਸਟਾਰਟਅੱਪ ਨੇ 107 ਕਰੋੜ ਰੁਪਏ ਦਾ ਰਿਕਾਰਡ ਫੰਡ ਹਾਸਿਲ ਕੀਤਾ ਹੈ, ਜੋ ਭਾਰਤ ਵਿਚ ਇਸ ਖੇਤਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ।
ਕਲਾਸਰੂਮ ਤੋਂ ਕਲੀਨਰੂਮ ਤੱਕ
ਮੋਹਾਲੀ ਦੀ ਸੈਮੀਕੰਡਕਟਰ ਲੈਬਾਰਟਰੀ (ਐੱਸ.ਸੀ.ਐੱਲ) ਵਿਚ 17 ਕਾਲਜਾਂ ਦੇ ਵਿਦਿਆਰਥੀਆਂ ਨੇ ਹੁਣ ਤੱਕ 20 ਚਿੱਪ ਵਿਕਸਿਤ ਕੀਤੇ ਹਨ। ਆਉਣ ਵਾਲੇ ਮਹੀਨਿਆਂ ਦੌਰਾਨ ਇਸ ਹੁਨਰ ਨੂੰ ਹੋਰ ਵਿਕਸਿਤ ਕਰਨ ਨਾਲ ਭਾਰਤ ਨੂੰ ਸੈਮੀਕੰਡਕਟਰ ਖੇਤਰ ਵਿਚ ਮਜ਼ਬੂਤ ਸਥਾਨ ਮਿਲੇਗਾ। ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਤੇ ਭਾਰਤ ਦੇ ਹੁਨਰ ਨੂੰ ਕਲਾਸਰੂਮਾਂ ਤੋਂ ਕਲੀਨਰੂਮਾਂ ਤੱਕ ਭੇਜਣ ਲਈ ਐੱਸ.ਸੀ.ਐੱਲ. ਦਾ ਆਧੁਨਿਕੀਕਰਨ ਵੀ ਕੀਤਾ ਜਾ ਰਿਹਾ ਹੈ। ਆਲਮੀ ਕੰਪਨੀਆਂ ਭਾਰਤੀ ਹੁਨਰ ਵਿਕਾਸ ਵਿਚ ਨਿਵੇਸ਼ ਕਰ ਰਹੀਆਂ ਹਨ, ਲੈਮ ਰਿਸਰਚ ਭਾਰਤ 'ਚ 60,000 ਇੰਜੀਨੀਅਰਾਂ ਨੂੰ ਸਿਖਲਾਈ ਦੇਵੇਗੀ। ਅਪਲਾਈਡ ਮੈਟੀਰੀਅਲਜ਼, ਏ.ਐੱਮ.ਡੀ. ਅਤੇ ਮਾਈਕ੍ਰੋਚਿੱਪ ਖੋਜ ਤੇ ਵਿਕਾਸ (ਆਰ.ਐਂਡ. ਡੀ) ਵਿਚ 1.1ਅਰਬ ਡਾਲਰ ਦਾ ਨਿਵੇਸ਼ ਕਰ ਰਹੇ ਹਨ। ਭਾਰਤ ਵਲੋਂ ਅਮਰੀਕਾ, ਜਪਾਨ, ਯੂਰਪੀ ਯੂਨੀਅਨ ਅਤੇ ਸਿੰਗਾਪੁਰ ਵਰਗੇ ਭਾਈਵਾਲਾਂ ਦੇ ਸਹਿਯੋਗ ਨਾਲ ਭਵਿੱਖ ਲਈ ਤਿਆਰ ਹੁਨਰ ਵਿਕਸਿਤ ਕੀਤਾ ਜਾ ਰਿਹਾ ਹੈ।
ਸੈਮੀਕੌਨ ਇੰਡੀਆ ਤੱਕ ਦਾ ਸਫ਼ਰ
ਭਾਰਤ ਦੀ ਇਹ ਸੈਮੀਕੰਡਕਟਰ ਯਾਤਰਾ ਪ੍ਰਧਾਨ ਮੰਤਰੀ ਮੋਦੀ ਦੇ ਵੱਡੇ ਦ੍ਰਿਸ਼ਟੀਕੋਣ ਦਾ ਹਿੱਸਾ ਹੈ, ਜਿਸ ਨੇ ਡਿਜੀਟਲ ਇੰਡੀਆ ਨਾਲ ਸ਼ੁਰੂਆਤ ਕਰਕੇ ਡਿਜੀਟਲ ਬੁਨਿਆਦੀ ਢਾਂਚਾ ਬਣਾਇਆ। ਇੰਡੀਆ ਸਟੈਕ, ਯੂ.ਪੀ.ਆਈ., ਆਧਾਰ ਅਤੇ ਟੈਲੀਕਾਮ ਨੈੱਟਵਰਕਾਂ ਨੇ ਹਰ ਭਾਰਤੀ ਲਈ ਟੈਕਨਾਲੋਜੀ ਉਪਲੱਬਧ ਕਰਵਾਈ ਹੈ। ਅਸੀਂ ਇਲੈਕਟ੍ਰੋਨਿਕਸ ਨਿਰਮਾਣ ਲਈ ਮਾਹੌਲ ਨੂੰ ਮਜ਼ਬੂਤ ਬਣਾਇਆ ਹੈ ਅਤੇ ਸੈਮੀਕੰਡਕਟਰਾਂ, ਇਲੈਕਟ੍ਰੋਨਿਕ ਪੁਰਜ਼ਿਆਂ ਤੇ ਯੰਤਰਾਂ ਦੇ ਨਿਰਮਾਣ ਲਈ ਇਕ ਸਾਜ਼ਗਾਰ ਮਾਹੌਲ ਬਣਾ ਰਹੇ ਹਾਂ। ਇਹ ਸੈਮੀਕੌਨ ਇੰਡੀਆ ਸੰਮੇਲਨ 2025 ਇਸ ਯਾਤਰਾ ਦਾ ਅਗਲਾ ਕਦਮ ਹੈ, ਜਿਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ ਹੈ। ਇਸ ਸਾਲ 48 ਦੇਸ਼ਾਂ ਦੇ 500 ਤੋਂ ਵੱਧ ਆਲਮੀ ਉਦਯੋਗ ਮੋਹਰੀ ਇਸ ਸੰਮੇਲਨ ਵਿਚ ਹਿੱਸਾ ਲੈ ਰਹੇ ਹਨ, ਜਦਕਿ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ ਸਿਰਫ਼ 100 ਦੇ ਕਰੀਬ ਸੀ। ਜਪਾਨ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਮਲੇਸ਼ੀਆ ਦੇ ਵਿਸ਼ੇਸ਼ ਪਵੇਲੀਅਨ ਸਹਿਯੋਗ ਇਸ ਨੂੰ ਹੋਰ ਮਜ਼ਬੂਤ ਬਣਾਉਣਗੇ।
ਉਤਪਾਦ ਰਾਸ਼ਟਰ
ਸਾਡਾ ਟੀਚਾ ਭਾਰਤ ਨੂੰ 'ਉਤਪਾਦ ਰਾਸ਼ਟਰ' ਬਣਾਉਣਾ ਹੈ। ਸਾਡੀਆਂ ਸੈਮੀਕੰਡਕਟਰ ਫੈਕਟਰੀਆਂ 'ਚ ਬਣਨ ਵਾਲੀਆਂ ਚਿੱਪਾਂ ਨਾ ਸਿਰਫ਼ ਭਾਰਤ ਵਿਚ ਸਗੋਂ ਸਮੁੱਚੀ ਦੁਨੀਆ ਵਿਚ ਟੈਲੀਕੌਮ, ਆਟੋਮੋਬਾਈਲ, ਡੇਟਾ ਸੈਂਟਰ, ਖਪਤਕਾਰ ਇਲੈਕਟ੍ਰੋਨਿਕਸ ਅਤੇ ਉਦਯੋਗਿਕ ਇਲੈਕਟ੍ਰੋਨਿਕਸ ਵਰਗੇ ਮੁੱਖ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੀਆਂ। ਆਉਣ ਵਾਲੇ ਦਹਾਕੇ ਦੌਰਾਨ ਜਦੋਂ ਸਾਡੀਆਂ ਸੈਮੀਕੰਡਕਟਰ ਇਕਾਈਆਂ ਵਿਕਸਿਤ ਹੋ ਕੇ ਵੱਡੇ ਪੱਧਰ 'ਤੇ ਉਤਪਾਦਨ ਸ਼ੁਰੂ ਕਰਨਗੀਆਂ ਤਾਂ ਭਾਰਤ ਸਮੁੱਚੇ ਸੈਮੀਕੰਡਕਟਰ ਖੇਤਰ ਵਿਚ ਇਕ ਮਜ਼ਬੂਤ ਤੇ ਪ੍ਰਤੀਯੋਗੀ ਕੇਂਦਰ ਬਣ ਕੇ ਉੱਭਰੇਗਾ।
-ਲੇਖਕ ਭਾਰਤ ਸਰਕਾਰ ਦੇ ਰੇਲਵੇ, ਸੂਚਨਾ ਤੇ ਪ੍ਰਸਾਰਣ, ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨਾਲੋਜੀ ਮੰਤਰੀ ਹਨ।