ਅੱਜ ਵਿਸ਼ਵ ਸੈਰ-ਸਪਾਟਾ ਦਿਵਸ 'ਤੇ ਵਿਸ਼ੇਸ਼
ਸੈਰ-ਸਪਾਟਾ ਕਿਸੇ ਦੇਸ਼ ਦੀ ਅਰਥਵਿਵਸਥਾ ਵਿਚ ਵੱਡਾ ਯੋਗਦਾਨ ਪਾਉਂਦਾ ਹੈ। ਸੈਰ-ਸਪਾਟਾ ਨਾ ਸਿਰਫ਼ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ, ਬਲਕਿ ਕਿਸੇ ਮੁਲਕ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਅਰਥਵਿਵਸਥਾ ਲਈ ਵਿਕਾਸ ਇੰਜਣ ਵਜੋਂ ਕੰਮ ਕਰਦਾ ਹੈ। ਅਸੀਂ 27 ਸਤੰਬਰ 2025 ਨੂੰ 'ਵਿਸ਼ਵ ਸੈਰ-ਸਪਾਟਾ ਦਿਵਸ' ਮਨਾ ਰਹੇ ਹਾਂ। ਪਿਛਲੇ 11 ਸਾਲਾਂ ਵਿਚ ਭਾਰਤ ਦੁਨੀਆ ਭਰ ਦੇ ਸੈਲਾਨੀਆਂ ਲਈ ਇਕ ਮੁੱਖ ਪਸੰਦ ਵਜੋਂ ਉੱਭਰਿਆ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਇਨ੍ਹਾਂ 11 ਸਾਲਾਂ ਵਿਚ ਸਾਡੇ ਦੇਸ਼ ਦੇ ਸੈਰ-ਸਪਾਟਾ ਖੇਤਰ ਵਿਚ ਬੇਮਿਸਾਲ ਵਾਧਾ ਹੋਇਆ ਹੈ। ਪਿਛਲੇ ਦਹਾਕੇ ਵਿਚ ਦੇਸ਼ ਦੀਆਂ 13 ਨਵੀਆਂ ਥਾਵਾਂ ਨੂੰ 'ਯੂਨੈਸਕੋ ਵਿਸ਼ਵ ਵਿਰਾਸਤ' ਸਥਾਨਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਵਿਸ਼ਵ ਯਾਤਰਾ ਤੇ ਸੈਰ-ਸਪਾਟਾ ਕੌਂਸਲ (ਡਬਲਿਊ.ਟੀ.ਟੀ.ਸੀ.) 2025 ਦੀ ਰਿਪੋਰਟ ਅਨੁਸਾਰ ਭਾਰਤ ਹੁਣ ਇਟਲੀ ਤੇ ਸਪੇਨ ਨੂੰ ਪਛਾੜ ਕੇ ਅੱਠਵਾਂ ਸਭ ਤੋਂ ਵੱਡਾ ਸੈਰ-ਸਪਾਟਾ ਅਰਥਚਾਰਾ ਬਣ ਗਿਆ ਹੈ। 2024-25 ਤੱਕ ਸਿਰਫ਼ ਸੈਰ-ਸਪਾਟੇ ਰਾਹੀਂ ਭਾਰਤ ਵਿਚ 231.6 ਬਿਲੀਅਨ ਅਮਰੀਕੀ ਡਾਲਰ (20.42 ਲੱਖ ਕਰੋੜ ਰੁਪਏ) ਦੀ ਆਮਦਨ ਹੋਈ।
ਜੀ.ਐੱਸ.ਟੀ. ਦਰਾਂ 'ਚ ਸੁਧਾਰ ਦਾ ਫ਼ਾਇਦਾ
ਸੋਨੇ 'ਤੇ ਸੁਹਾਗਾ ਤਾਂ ਇਹ ਹੈ ਕਿ ਹਾਲ ਹੀ ਵਿਚ ਜੀ.ਐੱਸ.ਟੀ. ਦਰਾਂ ਵਿਚ ਸੁਧਾਰ ਕੀਤਾ ਗਿਆ ਹੈ, ਜਿਸ ਨਾਲ ਸੈਰ-ਸਪਾਟੇ ਨੂੰ ਹੋਰ ਹੁਲਾਰਾ ਮਿਲੇਗਾ ਤੇ ਆਮਦਨ ਦੁੱਗਣੀ ਹੋਵੇਗੀ। ਜੀ.ਐੱਸ.ਟੀ. ਦੀਆਂ ਤਾਜ਼ਾ ਦਰਾਂ ਅਨੁਸਾਰ ਹੁਣ ਹੋਟਲਾਂ ਵਿਚ ਰਹਿਣਾ ਹੋਰ ਵੀ ਸਸਤਾ ਹੋ ਗਿਆ ਹੈ, ਕਿਉਂਕਿ ਸੈਲਾਨੀਆਂ ਨੂੰ ਹੋਟਲ ਵਿਚ ਰੁਕਣ 'ਤੇ ਸਿਰਫ਼ 5 ਫ਼ੀਸਦੀ ਜੀ.ਐੱਸ.ਟੀ. (ਪਹਿਲਾਂ 12 ਫ਼ੀਸਦੀ) ਦੇਣਾ ਪਵੇਗਾ। ਇਸ ਦੇ ਨਾਲ ਵਿਦੇਸ਼ੀ ਹੀ ਨਹੀਂ, ਘਰੇਲੂ ਸੈਲਾਨੀ ਵੀ ਬਾਹਰ ਘੁੰਮਣ-ਫਿਰਨ ਲਈ ਉਤਸ਼ਾਹਿਤ ਹੋਣਗੇ।
ਸੈਰ-ਸਪਾਟਾ ਤੇ ਵਿਰਾਸਤ ਦੀ ਸੰਭਾਲ
ਹੁਣ 'ਵਿਕਾਸ ਵੀ ਤੇ ਭਾਰਤ ਵੀ' ਦੇ ਮੰਤਰ ਨਾਲ ਕੇਂਦਰ ਸਰਕਾਰ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਵਿਕਾਸ ਪ੍ਰੋਜੈਕਟਾਂ 'ਤੇ ਬਰਾਬਰ ਧਿਆਨ ਦੇ ਰਹੀ ਹੈ। ਭਾਵੇਂ ਇਹ ਵਾਰਾਨਸੀ ਵਿਚ 'ਕਾਸ਼ੀ ਵਿਸ਼ਵਨਾਥ ਕੋਰੀਡੋਰ' ਹੋਵੇ, ਉਜੈਨ ਵਿਚ 'ਮਹਾਕਾਲ ਪ੍ਰੋਜੈਕਟ' ਹੋਵੇ ਜਾਂ ਗੁਹਾਟੀ ਵਿਚ 'ਮਾਂ ਕਾਮਾਖਿਆ ਕੋਰੀਡੋਰ' ਹੋਵੇ, ਸੈਲਾਨੀ ਹੁਣ ਇਨ੍ਹਾਂ ਸਥਾਨਾਂ 'ਤੇ ਵਿਸ਼ਵ ਪੱਧਰੀ ਸਹੂਲਤਾਂ ਦਾ ਅਨੰਦ ਮਾਣ ਰਹੇ ਹਨ। ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਇਕ ਵਿਸ਼ਵਵਿਆਪੀ ਅਧਿਆਤਮਿਕ ਕੇਂਦਰ ਬਣ ਗਿਆ ਹੈ, ਜਿਸ ਨੇ 2024 ਤੱਕ 160 ਮਿਲੀਅਨ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ, ਜੋ 2020 ਵਿਚ ਸਿਰਫ਼ 6 ਮਿਲੀਅਨ ਸੀ।
ਸਮੂਹਿਕ ਵਿਕਾਸ
ਕੇਂਦਰ ਸਰਕਾਰ ਨੇ ਸਾਰੇ ਭਾਈਚਾਰਿਆਂ ਨਾਲ ਸੰਬੰਧਿਤ ਪਵਿੱਤਰ ਸਥਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਤੀਰਥ ਯਾਤਰਾ ਪੁਨਰ-ਸੁਰਜੀਤੀ ਅਤੇ ਅਧਿਆਤਮਿਕ ਵਿਰਾਸਤ ਸੋਧ ਮੁਹਿੰਮ ਨੇ 46 ਅਜਿਹੇ ਸਥਾਨਾਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕੀਤੀ ਹੈ। ਇਸ ਯੋਜਨਾ 'ਚ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਕਈ ਸਥਾਨ ਸ਼ਾਮਿਲ ਹਨ, ਜਿਨ੍ਹਾਂ ਵਿਚ ਹਜ਼ਰਤਬਲ ਦਰਗਾਹ ਅਤੇ ਅਜਮੇਰ ਸ਼ਰੀਫ਼ ਦਰਗਾਹ, ਚਮਕੌਰ ਸਾਹਿਬ ਗੁਰਦੁਆਰਾ, ਨਾਢਾ ਸਾਹਿਬ ਗੁਰਦੁਆਰਾ ਅਤੇ ਪਟਨਾ ਸਾਹਿਬ ਸ਼ਾਮਿਲ ਹਨ। ਇਸੇ ਤਰ੍ਹਾਂ 12 ਰਾਸ਼ਟਰੀ ਵਿਰਾਸਤੀ ਸ਼ਹਿਰਾਂ ਦੇ ਵਿਕਾਸ ਲਈ ਬਣਾਈ ਯੋਜਨਾ ਵਿਚ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਵਿਰਾਸਤੀ ਸਥਾਨ ਅਜਮੇਰ ਵਿਚ ਅਜਮੇਰ ਸ਼ਰੀਫ਼ ਦਰਗਾਹ, ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਬਿਹਾਰ ਵਿਚ ਬੋਧ ਗਯਾ ਵੀ ਸ਼ਾਮਿਲ ਕੀਤੇ ਗਏ ਹਨ।
ਬੁਨਿਆਦੀ ਢਾਂਚੇ ਦਾ ਵਿਸਥਾਰ
ਭਾਰਤ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਵਿਕਾਸ ਨੇ ਸੈਰ-ਸਪਾਟਾ ਖੇਤਰ ਨੂੰ ਕਾਫ਼ੀ ਹੁਲਾਰਾ ਦਿੱਤਾ ਹੈ। 2014 ਤੇ 2025 ਦੇ ਵਿਚਕਾਰ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ ਵਿਚ 60% ਦਾ ਵਾਧਾ ਹੋਇਆ (91,287 ਕਿਲੋਮੀਟਰ ਤੋਂ 146,204 ਕਿਲੋਮੀਟਰ)। 333 ਜ਼ਿਲ੍ਹਿਆਂ ਵਿਚ 38 ਵੰਦੇ ਭਾਰਤ ਰੇਲ ਗੱਡੀਆਂ ਚੱਲਦੀਆਂ ਹਨ, ਜੋ ਸੈਲਾਨੀਆਂ ਲਈ ਤੇਜ਼ ਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਂਦੀਆਂ ਹਨ। 'ਉਡਾਣ ਯੋਜਨਾ' ਤਹਿਤ 625 ਨਵੇਂ ਹਵਾਈ ਰੂਟਾਂ ਦੀ ਸ਼ੁਰੂਆਤ ਦੇ ਨਾਲ ਸੈਲਾਨੀ ਹੁਣ ਛੋਟੇ ਸ਼ਹਿਰਾਂ ਤੇ ਦੂਰ-ਦੁਰਾਡੇ ਦੇ ਖੇਤਰਾਂ ਨਾਲ ਬਿਹਤਰ ਸੰਪਰਕ ਦਾ ਅਨੰਦ ਮਾਣ ਸਕਦੇ ਹਨ, ਜਿਸ ਨਾਲ 15.1 ਮਿਲੀਅਨ ਤੋਂ ਵੱਧ ਯਾਤਰੀਆਂ ਨੂੰ ਲਾਭ ਹੋ ਰਿਹਾ ਹੈ।
ਮੈਡੀਕਲ ਟੂਰਿਜ਼ਮ
ਭਾਰਤ ਹੁਣ ਦੁਨੀਆ ਭਰ ਦੇ ਸੈਲਾਨੀਆਂ ਨੂੰ ਕਿਫ਼ਾਇਤੀ ਕੀਮਤਾਂ 'ਤੇ ਉੱਚ ਮਿਆਰੀ ਡਾਕਟਰੀ ਸੇਵਾਵਾਂ ਲਈ ਆਕਰਸ਼ਿਤ ਕਰ ਰਿਹਾ ਹੈ। ਅਜਿਹੇ ਸੈਲਾਨੀਆਂ ਦੀ ਗਿਣਤੀ 2020 ਵਿਚ 1.83 ਲੱਖ ਤੋਂ ਵਧ ਕੇ 2024 ਵਿਚ ਲਗਭਗ 6.50 ਲੱਖ ਅਤੇ 2025 ਦੇ ਪਹਿਲੇ ਚਾਰ ਮਹੀਨਿਆਂ ਵਿਚ 1.31 ਲੱਖ ਤੋਂ ਵੱਧ ਹੋ ਗਈ ਹੈ। ਕੇਂਦਰੀ ਬਜਟ 2025-26 ਨੇ 'ਹੀਲ ਇਨ ਇੰਡੀਆ' ਪਹਿਲਕਦਮੀ ਨਾਲ ਮੈਡੀਕਲ ਟੂਰਿਜ਼ਮ ਨੂੰ ਹੋਰ ਉਤਸ਼ਾਹਿਤ ਕੀਤਾ ਹੈ। ਈ-ਮੈਡੀਕਲ ਵੀਜ਼ਾ/ਈ-ਮੈਡੀਕਲ ਅਟੈਂਡੈਂਟ ਵੀਜ਼ਾ ਸਹੂਲਤ ਹੁਣ 171 ਦੇਸ਼ਾਂ ਦੇ ਨਾਗਰਿਕਾਂ ਲਈ ਉਪਲਬਧ ਹੈ।
ਨਵੀਆਂ ਪਹਿਲਕਦਮੀਆਂ
ਕੇਂਦਰ ਸਰਕਾਰ ਨੇ ਭਾਰਤ ਨੂੰ ਇਕ ਨਵੀਂ ਪਛਾਣ ਦੇਣ ਲਈ 15 ਥੀਮ-ਆਧਾਰਿਤ ਟੂਰਿਸਟ ਸਰਕਟਾਂ ਲਈ 'ਸਵਦੇਸ਼ ਦਰਸ਼ਨ' ਯੋਜਨਾ ਸ਼ੁਰੂ ਕੀਤੀ ਹੈ। 'ਦੇਖੋ ਆਪਣਾ ਦੇਸ਼' ਮੁਹਿੰਮ ਘਰੇਲੂ ਸੈਲਾਨੀਆਂ ਨੂੰ ਉਨ੍ਹਾਂ ਥਾਵਾਂ 'ਤੇ ਜਾਣ ਲਈ ਉਤਸ਼ਾਹਿਤ ਕਰਦੀ ਹੈ, ਜਿੱਥੇ ਕਦੇ ਕੋਈ ਨਹੀਂ ਗਿਆ। ਜਦੋਂ ਕਿ 'ਚਲੋ ਇੰਡੀਆ' ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦਾ ਬ੍ਰਾਂਡ ਅੰਬੈਸਡਰ ਬਣਾਇਆ ਹੈ, 'ਵੈੱਡ ਇਨ ਇੰਡੀਆ' ਮੁਹਿੰਮ ਭਾਰਤ ਨੂੰ ਭਾਰਤੀ ਤੇ ਵਿਦੇਸ਼ੀ ਸੈਲਾਨੀਆਂ ਦੋਵਾਂ ਲਈ ਵਿਆਹ ਦੇ ਸਥਾਨ ਵਜੋਂ ਪ੍ਰਦਰਸ਼ਿਤ ਕਰ ਰਹੀ ਹੈ।
ਸੁਝਾਅ
ਹਰ ਸੂਬੇ ਨੂੰ ਅਣਪਛਾਤੇ ਟੂਰਿਸਟ ਸਥਾਨਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਟੂਰਿਸਟ ਸਰਕਟ ਵਿਕਸਿਤ ਕਰਨੇ ਚਾਹੀਦੇ ਹਨ। ਦੂਰ-ਦੁਰਾਡੇ ਜਾਂ ਘੱਟ ਜਾਣੇ-ਪਛਾਣੇ ਟੂਰਿਸਟ ਸਥਾਨਾਂ 'ਤੇ ਸੰਪਰਕ, ਸੈਲਾਨੀ ਸਹੂਲਤਾਂ ਅਤੇ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣੇ ਚਾਹੀਦੇ ਹਨ। ਭਾਰਤ ਦੇ ਵਿਲੱਖਣ ਤਿਉਹਾਰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਯਾਤਰਾ ਕਰਨ ਵਾਲੇ ਸੈਲਾਨੀਆਂ ਲਈ ਵੱਡਾ ਖਿੱਚ ਦਾ ਕੇਂਦਰ ਬਣ ਸਕਦੇ ਹਨ। ਦੇਸ਼ ਦੇ ਸਾਰੇ ਹਿੱਸਿਆਂ ਵਿਚ ਆਉਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਸੈਲਾਨੀ ਸਥਾਨਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਹਨ।
-ਸੰਸਦ ਮੈਂਬਰ (ਰਾਜ ਸਭਾ)
satnam.sandhu@sansad.nic.in