12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

27-09-25

Ad Position 21
No active advertisement
ਅਜੀਤ ਡੈਸਕ 27-09-2025

 ਜੰਗ ਅਜੇ ਵੀ ਜਾਰੀ ਹੈ
(ਭਾਗ -2)

ਲੇਖਕ: ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ :200 ਰੁਪਏ, ਸਫ਼ੇ : 108
ਸੰਪਰਕ : 98152-98459

ਹਥਲੀ ਪੁਸਤਕ ਪੜ੍ਹ ਕੇ ਮੈਨੂੰ ਯਕੀਨ ਕਰਨਾ ਔਖਾ ਹੋ ਗਿਆ ਕਿ ਇਸ ਪੁਸਤਕ ਨੂੰ ਲਿਖਣ ਵਾਲੀ ਕੋਈ ਇਸਤਰੀ ਹੈ, ਕਿਉਂਕਿ ਆਮ ਤੌਰ 'ਤੇ ਲੇਖਿਕਾਵਾਂ ਅਜਿਹੇ ਵਿਸ਼ਿਆਂ ਨੂੰ ਘੱਟ ਹੀ ਲਿਖਦੀਆਂ ਹਨ ਅਤੇ ਸਭ ਤੋਂ ਵੱਡੀ ਗੱਲ ਕਿ ਲੇਖਿਕਾ ਦਾ ਪੰਜਾਬ ਦੀ ਸਿਆਸਤ ਬਾਰੇ ਅਤੇ ਹੋਰ ਘਟਨਾਵਾਂ ਬਾਰੇ ਡੂੰਘਾ ਗਿਆਨ ਪੁਸਤਕ ਪੜ੍ਹਣ ਲਈ ਧਿਆਨ ਅਕਰਸ਼ਿਤ ਕਰਦਾ ਹੈ। ਪੁਸਤਕ ਵਿਚ 23 ਪਾਠ ਹਨ ਅਤੇ ਸਾਰੇ ਹੀ ਵੱਖੋ-ਵੱਖ ਸਿਆਸੀ ਵਿਸ਼ੇ ਦੀ ਤਰਜਮਾਨੀ ਕਰਦੇ ਹਨ। ਪੁਸਤਕ ਦੀ ਸ਼ੁਰੂਆਤ ਬੜੀ ਹੀ ਰੌਚਕ ਘਟਨਾ ਨਾਲ ਹੋਈ ਹੈ ਜੋ ਪਿਛਲੇ ਵਰ੍ਹੇ ਬੜੀ ਚਰਚਾ ਦਾ ਵਿਸ਼ਾ ਵੀ ਬਣੀ ਉਹ ਸੀ ਕੰਗਨਾ ਰਾਣੌਤ ਦੇ ਕੁਲਵਿੰਦਰ ਕੌਰ ਵਲੋਂ ਜੜਿਆ ਥੱਪੜ, ਜਿਸ ਦੀ ਗੂੰਜ ਸਾਰੇ ਪੰਜਾਬੀ ਜਗਤ ਨੇ ਸੁਣੀ, ਇਸ ਤਰ੍ਹਾਂ ਪੁਸਤਕ ਵਿਚ ਅਕਾਲੀ ਸਰਕਾਰ ਦੀ ਅੰਦਰੂਨੀ ਖਹਿਬਾਜ਼ੀ ਅਤੇ ਪੁਸਤਕ ਦੇ ਵਿਚਕਾਰਲੇ ਵਿਸ਼ੇ ਸਾਕਾ ਨੀਲਾ ਤਾਰਾ ਨਾਲ ਸੰਬੰਧਿਤ ਹਨ। ਲੇਖਿਕਾ ਦੇ ਅਨੁਸਾਰ ਹਰ ਸਾਲ ਜੂਨ ਦੇ ਮਹੀਨੇ ਬਹੁਤ ਸੰਤਾਪ ਪੰਜਾਬੀਆਂ ਵਲੋਂ ਹੰਢਾਇਆ ਜਾਂਦਾ ਹੈ ਅਤੇ ਸਿਆਸੀ ਸਟੇਜਾਂ ਉੱਤੇ ਸਾਕਾ ਨੀਲਾ ਤਾਰਾ ਨੂੰ ਅਧਾਰ ਬਣਾ ਕੇ ਖੂਬ ਰੌਲਾ ਪਾਇਆ ਜਾਂਦਾ ਹੈ ਜਿਵੇਂ ਹੀ ਜੂਨ ਦਾ ਅੰਤ ਹੁੰਦਾ ਹੈ ਤਾਂ ਸਭ ਸ਼ਾਂਤ ਹੋ ਜਾਂਦਾ ਹੈ ਪਰ ਅਸੀਂ ਕਿਸੇ ਸਿੱਟੇ 'ਤੇ ਨਾ ਪੁੱਜਦੇ ਹੋਏ ਫਿਰ ਆਉਣ ਵਾਲੀ ਜੂਨ ਨੂੰ ਇਸ ਸਾਕੇ ਲਈ ਝੰਡੇ ਚੁੱਕ ਲੈਂਦੇ ਹਾਂ। ਪੁਸਤਕ ਵਿਚ ਕੈਨੇਡਾ ਵਿਚ ਰਹਿਣ ਵਾਲੇ ਪੰਜਾਬੀਆਂ ਨੂੰ ਵੀ ਇਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਜੋ ਧੀਆਂ, ਭੈਣਾਂ ਪੰਜਾਬ ਤੋਂ ਇਕ ਆਸ ਨਾਲ ਬਗਾਨੇ ਦੇਸ਼ ਆਉਂਦੀਆਂ ਹਨ ਕਿ ਕੈਨੇਡਾ ਬੜੇ ਪੰਜਾਬੀ ਹਨ, ਜੋ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਨੇ ਉਨ੍ਹਾਂ ਪੰਜਾਬੀਆਂ ਨੂੰ ਲੇਖਿਕਾ ਕਹਿਣਾ ਚਾਹੁੰਦੀ ਹੈ ਕਿ ਆਪਣੀਆਂ ਧੀਆਂ ਭੈਣਾਂ ਨੂੰ ਨੰਗੇਜ਼ ਤੋਂ ਬਚਾਓ, ਉਨ੍ਹਾਂ ਦੀ ਮਦਦ ਕਰੋ। ਲੇਖਿਕਾ ਇਸ ਪੁਸਤਕ ਵਿਚ ਕਿਸਾਨ ਅੰਦੋਲਨ ਦਾ ਵੀ ਜ਼ਿਕਰ ਕਰਦੀ ਹੋਏ ਅੰਨਦਾਤਿਆਂ ਨੂੰ ਸੁਨੇਹਾ ਦਿੰਦੀ ਹੈ ਕਿ ਸੰਘਰਸ਼ ਲਈ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਭਾਰਤ ਦੀ ਸਿਆਸਤ ਬਾਰੇ ਲੇਖਿਕਾ ਵਿਅੰਗ ਕਰਦੀ ਕਹਿੰਦੀ ਹੈ ਕਿ ਮੌਜੂਦਾ ਸਰਕਾਰ ਨੇ ਜੁਮਲਿਆਂ ਵਿਚ ਦਸ ਸਾਲ ਟਪਾ ਲਏ ਫਿਰ ਉਹ ਹੋਰ ਅੱਗੇ ਕਹਿੰਦੀ ਹੈ ਕਿ ਜੇ ਕਿਸੇ ਕੌਮ ਜਾਂ ਦੇਸ਼ ਦਾ ਨਾਸ਼ ਕਰਨਾ ਹੋਏ ਤਾਂ ਦੇਸ਼ ਦੇ ਲੋਕਾਂ ਨੂੰ ਧਰਮ ਦੀ ਅੱਗ ਵਿਚ ਝੋਕ ਦਿਓ ਤੇ ਅੱਜ ਸਾਡੇ ਦੇਸ਼ ਭਾਰਤ ਵਿਚ ਵੀ ਇਹੋ ਕੁਝ ਹੋ ਰਿਹਾ ਹੈ।
ਲੇਖਿਕਾ ਨੇ ਇਸ ਪੁਸਤਕ ਰਾਹੀਂ ਖ਼ਾਲਿਸਤਾਨ, ਸਿੱਖ ਹੋਮਲੈਂਡ ਵਰਗੇ ਵਿਸ਼ਿਆਂ 'ਤੇ ਵੀ ਗੱਲ ਕੀਤੀ ਹੈ। ਸੁਰਜੀਤ ਪਾਤਰ ਦੇ ਵਿਛੋੜੇ ਦੀ ਗੱਲ ਕਰਦੇ ਹੋਏ ਉਹ ਕਵੀ 'ਜਿੰਦਰ' ਬਾਰੇ ਵੀ ਵਿਚਾਰ ਰੱਖਦੀ ਹੈ। ਮਾਂ-ਬੋਲੀ ਪੰਜਾਬੀ ਦੇ ਹਾਲਾਤਾਂ ਨੂੰ ਵੀ ਬਿਆਨ ਕਰਦੀ ਹੈ। ਕੁੱਲ ਮਿਲਾ ਕੇ ਹਥਲੀ ਕਿਤਾਬ ਇਕ ਵਧੀਆ ਅਤੇ ਸੰਵੇਦਨਸ਼ੀਲ ਕਿਤਾਬ ਹੈ, ਜੋ ਸਿਆਸੀ ਗਲਿਆਰਿਆਂ ਵਿਚ ਹਲਚਲ ਵੀ ਮਚਾ ਸਕਦੀ ਹੈ। ਸਭ ਤੋਂ ਵੱਡੀ ਪ੍ਰਸੰਸਾ ਲੇਖਿਕਾ ਇੰਦਰਜੀਤ ਕੌਰ ਸਿੱਧੂ ਦੀ ਜਿਸ ਨੇ ਲੇਖਿਕਾਵਾਂ ਲਈ ਲਿਖਣ ਦੀ ਇਕ ਨਵੀਂ ਪਿਰਤ ਪਾਈ ਅਤੇ ਅਨੋਖੇ ਵਿਸ਼ੇ ਜਿਨ੍ਹਾਂ ਦੇ ਨਾਂਅ ਸ਼ਾਇਰਾਨਾ ਅੰਦਾਜ਼ ਵਿਚ ਰੱਖੇ ਹਨ ਅਤੇ ਪੇਸ਼ਕਾਰੀ ਵੀ ਬੜੀ ਬੇਬਾਕ ਕੀਤੀ ਹੈ। ਇਸ ਪੱਖੋਂ ਇੰਦਰ ਕੌਰ ਜੀ ਵਧਾਈ ਦੀ ਪਾਤਰ ਹੈ।

-ਡਾ. ਜਸਬੀਰ ਕੌਰ
ਮੋਬਾਈਲ : 98721-17774

ਜਿਹੋ-ਜਿਹੀ ਸੋਚ ਓਹੋ-ਜਿਹੀ ਜ਼ਿੰਦਗੀ
ਲੇਖਕ : ਜੇਮਜ਼ ਐਲਨ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ,ਬਰਨਾਲਾ
ਮੁੱਲ: 119 ਰੁਪਏ, ਸਫ਼ੇ:48
ਸੰਪਰਕ: 01679-233244

ਜੇਮਜ਼ ਐਲਨ ਦੀ ਪੁਸਤਕ 'ਐਜ਼ ਏ ਮੈਨ ਥਿੰਕਥ' ਪਹਿਲੀ ਵਾਰ ਸੰਨ 1902 'ਚ ਪ੍ਰਕਾਸ਼ਿਤ ਹੋਈ ਸੀ। ਇਹ ਪੁਸਤਕ ਬਹੁਤ ਹੀ ਸੰਖੇਪ ਹੈ। ਸੰਖੇਪ ਹੋਣ ਤੋਂ ਬਾਅਦ ਵੀ ਇਹ ਆਪਣੇ-ਆਪ ਵਿਚ ਬਹੁਤ ਪ੍ਰਸਿੱਧ ਅਤੇ ਅਰਥਪੂਰਨ ਪੁਸਤਕ ਹੈ। ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਛਾਪਿਆ ਹੈ। ਬਹੁਤ ਹੀ ਸਰਲ ਤਰੀਕੇ ਨਾਲ ਪੰਜਾਬੀ ਵਿਚ ਅਨੁਵਾਦ ਅਨੁਰਾਧਾ ਰਾਣੀ ਵਲੋਂ ਕੀਤਾ ਗਿਆ ਹੈ। ਦਾਰਸ਼ਨਿਕ ਲੇਖਕ ਜੇਮਜ਼ ਐਲਨ, ਜਿਨ੍ਹਾਂ ਦਾ ਜਨਮ 28 ਨਵੰਬਰ, 1864 ਵਿਚ ਇੰਗਲੈਂਡ ਵਿਖੇ ਹੋਇਆ ਸੀ। ਆਪਣੀਆਂ ਪ੍ਰੇਰਨਾਦਾਇਕ ਪੁਸਤਕਾਂ ਅਤੇ ਕਵਿਤਾਵਾਂ ਲਈ ਅਤੇ 'ਆਪਣੇ ਆਪ ਦੀ ਮਦਦ ਕਰੋ' ਨਾਮੀ ਅੰਦੋਲਨ ਦੇ ਮੋਢੀ ਵਜੋਂ ਜਾਣੇ ਜਾਂਦੇ ਹਨ। ਹਥਲੀ ਪੁਸਤਕ ਉਨ੍ਹਾਂ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ, ਜੋ ਬਹੁਤ ਜ਼ਿਆਦਾ ਪੜ੍ਹੀ ਅਤੇ ਪਸੰਦ ਕੀਤੀ ਗਈ ਹੈ। 'ਆਪਣੇ ਆਪ ਦੀ ਮਦਦ ਕਰੋ' ਵਰਗੇ ਪ੍ਰੇਰਨਾਦਾਇਕ ਵਿਚਾਰਾਂ ਨੂੰ ਮੰਨਣ ਵਾਲੇ ਲੇਖਕਾਂ ਲਈ ਇਹ ਪੁਸਤਕ ਪ੍ਰੇਰਨਾ ਦਾ ਸਰੋਤ ਰਹੀ ਹੈ। 'ਐਜ਼ ਏ ਮੈਨ ਥਿੰਕਥ' ਪੁਸਤਕ ਦਾ ਅਨੁਵਾਦ ਕਈ ਭਾਸ਼ਾਵਾਂ ਵਿਚ ਹੋਇਆ ਹੈ। ਇਸ ਨੇ ਕਰੋੜਾਂ ਪਾਠਕਾਂ ਨੂੰ ਇਹ ਪਹਿਚਾਨਣ ਲਈ ਪ੍ਰੇਰਨਾ ਦਿੱਤੀ ਹੈ ਕਿ ਸਿਰਫ਼ ਵਿਚਾਰਾਂ ਦੀ ਸ਼ਕਤੀ ਦੁਆਰਾ ਹੀ ਵਿਅਕਤੀ ਆਪਣੇ ਦ੍ਰਿਸ਼ਟੀਕੋਣ ਮਤਲਬ ਕਿ ਸੁਪਨੇ ਨੂੰ ਅਸਲੀਅਤ ਵਿਚ ਬਦਲ ਸਕਦਾ ਹੈ। ਮੁੱਖ ਬੰਧ ਵਿਚ ਲੇਖਕ ਲਿਖਦਾ ਹੈ ਕਿ 'ਉਹ ਆਪ ਹੀ ਆਪਣੇ ਆਪ ਦੇ ਸਿਰਜਣਹਾਰ ਹਨ', ਚਰਿੱਤਰ ਰੂਪੀ ਅੰਦਰੂਨੀ ਪਹਿਰਾਵੇ ਅਤੇ ਹਾਲਾਤ ਰੂਪੀ ਬਾਹਰੀ ਪਹਿਰਾਵੇ ਦਾ ਕੁਸ਼ਲ ਨਿਰਮਾਤਾ ਮਨ ਹੀ ਹੈ ਅਤੇ ਜਿਵੇਂ ਕਿ ਹੁਣ ਤੱਕ ਕਲੇਸ਼ ਅਤੇ ਅਗਿਆਨਤਾ ਦੇ ਕਾਰਨ ਉਸ ਨੇ ਦੁੱਖ-ਦਰਦਾਂ ਨੂੰ ਹੀ ਬੁਣਿਆ ਹੈ, ਹੁਣ ਉਸ ਮਨ ਦੁਆਰਾ ਤੁਸੀਂ ਗਿਆਨ ਅਤੇ ਸੁੱਖ ਸ਼ਾਂਤੀ ਦਾ ਨਿਰਮਾਣ ਕਰ ਸਕਦੇ ਹੋ। ਪੁਸਤਕ ਵਿਚ 'ਵਿਚਾਰ ਅਤੇ ਚਰਿੱਤਰ', 'ਪਰਸਥਿਤੀਆਂ 'ਤੇ ਵਿਚਾਰਾਂ ਦਾ ਪ੍ਰਭਾਵ,' 'ਵਿਚਾਰਾਂ ਦਾ ਸਿਹਤ ਅਤੇ ਸਰੀਰ 'ਤੇ ਪ੍ਰਭਾਵ,' 'ਵਿਚਾਰ ਅਤੇ ਉਦੇਸ਼',' ਪ੍ਰਾਪਤੀ ਵਿਚ ਵਿਚਾਰ-ਤੱਤ,' 'ਕਲਪਨਾਵਾਂ ਅਤੇ ਆਦਰਸ਼' ਅਤੇ 'ਸ਼ਾਂਤੀ' ਸਿਰਲੇਖਾਂ ਅਧੀਨ 6 ਲੇਖ ਸ਼ਾਮਿਲ ਕੀਤੇ ਗਏ ਹਨ। ਸਾਰੇ ਲੇਖ ਪਾਠਕਾਂ ਦੇ ਮਨ 'ਤੇ ਵਿਸ਼ੇਸ਼ ਪ੍ਰੇਰਨਾਦਾਇਕ ਪ੍ਰਭਾਵ ਛੱਡਦੇ ਹਨ। ਤਰਕਭਾਰਤੀ ਪ੍ਰਕਾਸ਼ਨ ਇਸ ਪ੍ਰਸਿੱਧ ਪੁਸਤਕ ਪੰਜਾਬੀ ਵਿਚ ਅਨੁਵਾਦ ਕਰਕੇ ਛਾਪਣ ਲਈ ਵਧਾਈ ਦਾ ਪਾਤਰ ਹੈ।

-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020

ਅਣ ਬਣ
ਲੇਖਕ : ਅਚਾਰੀਆ ਚਤੁਰਸੇਨ
ਅਨੁਵਾਦਕ : ਕਮਲਜੀਤ ਕੌਰ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 88475-96721

ਇਸ ਪੁਸਤਕ ਵਿਚ ਵਿਆਹੁਤਾ ਜੀਵਨ ਵਿਚ ਯੋਨ ਸੰਬੰਧੀ ਹੋਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਦੱਸਿਆ ਗਿਆ ਹੈ। ਪੁਸਤਕ ਵਿਚ 12 ਚਿੱਠੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਆ ਰਹੀਆਂ ਪ੍ਰੇਸ਼ਾਨੀਆਂ ਦੇ ਸਮੱਸਿਆਵਾਂ ਨੂੰ ਚਿੱਠੀਆਂ ਵਿਚ ਖੁੱਲ੍ਹ ਕੇ ਦੱਸਿਆ ਗਿਆ ਹੈ ਅਤੇ ਲੇਖਕ ਦੇ ਵਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਚਿੱਠੀਆਂ ਦੇ ਵਿਚ ਆ ਰਹੀਆਂ ਸਮੱਸਿਆਵਾਂ ਦਾ ਕੋਈ ਹੱਲ ਕੱਢ ਕੇ ਉਨ੍ਹਾਂ ਦਾ ਜੀਵਨ ਖ਼ੁਸ਼ਹਾਲ ਕੀਤਾ ਜਾਵੇ ਅਤੇ ਉਹ ਆਪਣਾ ਪਰਿਵਾਰਕ ਜੀਵਨ ਖੁਸ਼ੀ ਖੁਸ਼ੀ ਬਤੀਤ ਕਰ ਸਕਣ। ਚਿੱਠੀਆਂ ਵਿਚ ਲਿਖੀਆਂ ਗੱਲਾਂ ਨੂੰ ਪੜ੍ਹ ਕੇ ਦਿਲ ਵੀ ਖ਼ਰਾਬ ਹੁੰਦਾ ਹੈ ਪ੍ਰੰਤੂ ਲੇਖਕ ਨੇ ਜੋ ਆਪਣੇ ਢੰਗ ਨਾਲ ਉਸ ਦਾ ਹੱਲ ਕੱਢਿਆ ਹੈ, ਉਹ ਕਾਬਲੇ ਤਾਰੀਫ਼ ਹੈ। ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਮਨੁੱਖੀ ਜੀਵਨ ਵਿਚ ਕਾਮ ਦਾ ਮਹੱਤਵਪੂਰਨ ਸਥਾਨ ਹੈ ਕਿਉਂਕਿ ਕੁਦਰਤ ਨੇ ਵੀ ਧਰਤੀ 'ਤੇ ਰਹਿ ਰਹੇ ਹਰ ਜੀਵ ਜੰਤੂ ਨੂੰ ਆਪਣੀ ਨਸਲ ਵਧਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ, ਜਿਸ ਨੂੰ ਉਹ ਨਿਭਾ ਵੀ ਰਿਹਾ ਹੈ। ਇਸੇ ਵਿਸ਼ੇ ਵਿਚ ਮਨੁੱਖ ਦੀ ਵੀ ਗੱਲ ਕੀਤੀ ਹੈ ਕਿ ਉਹ ਪਤੀ ਪਤਨੀ ਦੇ ਰੂਪ ਵਿਚ ਆਪਣੇ ਰਿਸ਼ਤੇ ਨੂੰ ਚੰਗੀ ਤਰ੍ਹਾਂ ਨਿਭਾ ਕੇ ਅਨੰਦ ਮਾਣ ਸਕਦਾ ਹੈ। ਅਚਾਰੀਆ ਚਤੁਰਸੈਨ ਨੇ 12 ਚਿੱਠੀਆਂ ਵਿਚ ਲੋਕਾਂ ਦੀਆਂ ਸਮੱਸਿਆਵਾਂ 'ਤੇ ਡੂੰਘਾ ਅਧਿਐਨ ਕਰਦੇ ਹੋਏ ਉਨ੍ਹਾਂ ਨੂੰ ਸੁਲਝਾਉਣ ਦੇ ਨਾਲ-ਨਾਲ ਚੰਗੇ ਨਤੀਜੇ ਵੀ ਪ੍ਰਾਪਤ ਕੀਤੇ ਹਨ। ਤਰਕਭਾਰਤੀ ਪ੍ਰਕਾਸ਼ਨ ਨੇ ਇਸ ਪੁਸਤਕ ਦਾ ਤਰਜਮਾ ਕਰਾ ਕੇ ਪਾਠਕਾਂ ਤੀਕ ਪੁੱਜਦੀ ਕੀਤੀ ਹੈ ਤਾਂ ਜੋ ਲੋਕ ਜਾਣਕਾਰੀ ਲੈ ਕੇ ਅਤੇ ਵਿਆਹੁਤਾ ਜੀਵਨ ਨੂੰ ਅਨੰਦਮਈ ਬਣਾ ਸਕਣ। ਭਾਵੇਂ ਉਪਰੋਕਤ ਵਿਸ਼ੇ ਦੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਤਾਂ ਨਹੀਂ ਜਾ ਸਕਦੀ ਪਰ ਸੇਧ ਦੇਣੀ ਵੀ ਬਣਦੀ ਹੈ ਤਾਂ ਜੋ ਇਨ੍ਹਾਂ ਗੱਲਾਂ ਨੂੰ ਅਪਣਾ ਕੇ ਲੋਕ ਸਿੱਧੇ ਰਸਤੇ ਪੈ ਕੇ ਆਪਣਾ ਜੀਵਨ ਸੰਵਾਰ ਸਕਣ।

-ਡਾ. ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990

ਦਿਆਲਾ ਬੰਦੇ ਵੱਢ
ਲੇਖਕ : ਗੁਰਮੇਲ ਸਿੰਘ ਬੌਡੇ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98143-04213

ਗੁਰਮੇਲ ਸਿੰਘ ਬੌਡੇ ਪ੍ਰਗਤੀਵਾਦੀ ਅਤੇ ਖੱਬੇ ਪੱਖੀ ਸੋਚ ਨੂੰ ਪ੍ਰਣਾਇਆ ਸਾਹਿਤਕਾਰ ਹੈ। ਸਰੀਰਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਉਸ ਦੀ ਆਤਮਾ ਬਲਵਾਨ ਹੈ। ਉਹ ਬਹੁ-ਵਿਧਾਈ ਲੇਖਕ ਹੈ ਅਤੇ ਕਈ ਸਾਹਿਤਕ ਵੰਨਗੀਆਂ 'ਤੇ ਲਗਾਤਾਰ ਕੰਮ ਕਰ ਰਿਹਾ ਹੈ। ਉਹ ਆਪਣੀ ਸੋਚ ਅਤੇ ਲਿਖਤ ਵਿਚ ਕਮਜ਼ੋਰ ਅਤੇ ਨਿਤਾਣੇ, ਨਿਮਾਣੇ ਲੋਕਾਂ ਦੇ ਹੱਕ 'ਚ ਖਲ੍ਹੋਤਾ ਦਿਖਾਈ ਦਿਖਾਈ ਦਿੰਦਾ ਹੈ। ਹੱਕ ਪ੍ਰਾਪਤੀ ਲਈ ਉਹ ਕਮਜ਼ੋਰ ਵਰਗਾਂ ਨਾਲ ਖਲੋ ਕੇ ਹਾਕਮ ਸਿਰ ਨੂੰ ਚੌਰਾਹੇ 'ਚ ਲਲਕਾਰਦਾ ਦਿਖਾਈ ਦਿੰਦਾ ਹੈ।
'ਦਿਆਲਾ ਬੰਦੇ ਵੱਢ' ਉਸ ਦਾ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਇਕ ਦੋ ਲੰਬੀਆਂ ਤੇ ਬਾਕੀ ਛੋਟੀਆਂ 11 ਕਹਾਣੀਆਂ ਸ਼ਾਮਿਲ ਕੀਤੀਆਂ ਹਨ।
'ਦਿਆਲਾ ਬੰਦੇ ਵੱਢ' ਕਹਾਣੀ ਦਾ ਕਥਾਨਕ ਸੰਤਾਲੀ ਦੀ ਦੇਸ਼-ਵੰਡ ਤੋਂ ਲੈ ਕੇ ਚੁਰਾਸੀ ਦੇ ਕਤਲੇਆਮ ਤੱਕ ਫੈਲਿਆ ਹੋਇਆ ਹੈ। ਦਿਆਲਾ ਆਪਣੇ ਪਿਉ ਵਾਂਗ ਜ਼ਾਲਮ ਅਤੇ ਕਰੂਰ ਕਿਸਮ ਦਾ ਬੰਦਾ ਹੈ ਜੋ ਪੈਸੇ ਦੇ ਲਾਲਚ 'ਚ ਆਪਣੇ ਪੇਂਡੂ ਮੁਸਲਮਾਨਾਂ ਨੂੰ ਬਚਾਉਣ ਦੀ ਥਾਂ ਲੁੱਟ-ਪੁੱਟ ਕੇ ਮਾਰ ਮੁਕਾ ਦਿੰਦਾ ਹੈ ਤੇ ਆਖ਼ਰ ਹੱਦ ਦਰਜੇ ਦੀ ਬਦਨਾਮੀ ਖੱਟ ਕੇ ਖ਼ੁਦ ਪਰਿਵਾਰ ਸਣੇ ਮਾਰਿਆ ਜਾਂਦਾ ਹੈ। 'ਜੈਸੀ ਕਰਨੀ ਵੈਸੀ ਭਰਨੀ' ਦੀ ਕਹਾਵਤ ਨੂੰ ਸਾਕਾਰ ਕਰਦਾ ਹੈ।
'ਬਾਰ੍ਹਾਂਸਿੰਗੇ' ਪ੍ਰਤੀਕਾਤਮਕ ਕਹਾਣੀ ਹੈ ਜਿਸ ਵਿਚ ਬਾਰ੍ਹਾਂਸਿੰਗਾਂ ਨੂੰ ਐਸੀ ਤਾਕਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੋ ਜ਼ਾਲਮਾਂ ਸਾਹਮਣੇ ਠੁੱਸ ਹੋ ਜਾਂਦੀ ਹੈ ਤੇ ਕਾਰਗਾਰ ਸਿੱਧ ਨਹੀਂ ਹੁੰਦੀ। 'ਭਾਰੀ ਪੈਰ' ਦੇ ਪਾਤਰ ਲੋਕ ਸ਼ਕਤੀ ਸਾਹਵੇਂ ਨਿਰਬਲ ਸਿੱਧ ਹੁੰਦੇ ਹਨ। 'ਬਾਦਸ਼ਾਹ' ਕਹਾਣੀ ਇਹ ਸਿੱਧ ਕਰਦੀ ਹੈ ਕਿ ਸੱਤਾ ਆਉਣ ਨਾਲ ਸੱਤਾਧਾਰੀ ਜ਼ਾਲਮ ਅਤੇ ਲਾਲਚੀ ਹੋ ਜਾਂਦੇ ਹਨ। 'ਫਰਾਕ' ਔਰਤ ਸ਼ਕਤੀ ਦੇ ਪ੍ਰਗਟਾਵਾ ਕਰਨ ਵਾਲੀ ਕਹਾਣੀ ਹੈ, ਜਿਸ ਵਿਚ ਲੇਖਕ ਇਹ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਔਰਤ ਨਿਤਾਣੀ, ਨਿਮਾਣੀ ਨਹੀਂ ਹੈ। ਸਾਧਨ ਤੇ ਸਮਾਂ ਮਿਲਣ 'ਤੇ ਉਹ ਸ਼ਕਤੀਸ਼ਾਲੀ ਸਿੱਧ ਹੁੰਦੀ ਹੈ। 'ਲੱਛਮੀ ਦੇ ਅੱਥਰੂ' ਮਿਹਨਤਕਸ਼ਾਂ ਦੀ ਰੁਲ ਰਹੀ ਮਿਹਨਤ ਦਾ ਪ੍ਰਗਟਾਵਾ ਹੈ, ਜਿੱਥੇ ਕਈ ਵਾਰੀ ਕੁਦਰਤ ਵੀ ਮਿਹਨਤਕਸ਼ਾਂ 'ਚ ਜ਼ਾਲਮ ਹੋ ਜਾਂਦੀ ਹੈ। 'ਬੂਥ' ਸਵੈ-ਜੀਵਨੀ ਮੁਲਕ ਕਹਾਣੀ ਹੈ, ਜਿਸ ਵਿਚ ਲੇਖਕ ਦੀ ਆਪਣੀ ਤ੍ਰਾਸਦੀ ਬਿਆਨ ਕੀਤੀ ਗਈ ਹੈ। ਬੌਡੇ ਮਨੁੱਖਤਾਵਾਦੀ ਲੇਖਕ ਹੈ ਤੇ ਕਮਜ਼ੋਰ ਵਰਗਾਂ ਦੇ ਹੱਕ ਵਿਚ ਕਲਮ ਚਲਾਉਂਦਾ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

ਚੰਦਰ ਸ਼ੇਖਰ ਅਜ਼ਾਦ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : 5ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94178-55876

ਮਹਾਨ ਆਜ਼ਾਦੀ ਸੰਗਰਾਮੀਏ ਚੰਦਰ ਸ਼ੇਖਰ ਦੇ ਜੀਵਨ ਦੇ ਕਈ ਪਹਿਲੂਆਂ ਦੇ ਰੁਬਰੂ ਕਰਾਉਂਦੀ ਹੈ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਇਸ ਆਜ਼ਾਦੀ ਘੁਲਾਟੀਏ ਬਾਰੇ ਜਾਣ ਸਕੇ। ਆਪਣੀ ਪੂਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾਉਣ ਵਾਲੇ ਚੰਦਰ ਸ਼ੇਖਰ ਨੇ ਬਚਪਨ ਵਿਚ ਆਪਣੇ ਪਿਤਾ ਦੇ ਆਤਮ ਸਨਮਾਨ ਵਾਲੇ ਵਿਚਾਰਾਂ ਨੂੰ ਅਪਣਾ ਲਿਆ ਅਤੇ ਪੂਰੀ ਜ਼ਿੰਦਗੀ ਉਨ੍ਹਾਂ ਤੇ ਪਹਿਰਾ ਵੀ ਦਿੱਤਾ। ਪੱਚੀ ਕਾਂਡਾਂ ਵਿਚ ਪੂਰੇ ਨਾਵਲ ਦੀ ਕਹਾਣੀ ਫੈਲੀ ਹੋਈ ਹੋਈ ਹੈ ਜਿਸ ਵਿਚ ਉਸ ਦੇ ਮਜ਼ਦੂਰ ਬਣਨ ਤੋਂ ਲੈ ਕੇ ਸੰਸਕ੍ਰਿਤ ਅਧਿਆਪਕ ਬਣਨ ਅਤੇ ਫਿਰ ਦੇਸ਼ ਭਗਤੀ ਦੇ ਰਾਹ ਪੈਣ ਦਾ ਸਫ਼ਰ ਬਿਆਨ ਕੀਤਾ ਗਿਆ ਹੈ। ਬੈਂਤਾਂ ਦੀ ਸਜ਼ਾ ਲੈਣ ਤੋਂ ਬਾਅਦ, ਮਹਾਤਮਾ ਗਾਂਧੀ ਦੇ ਨਾਮਿਲਵਰਤਨ ਅੰਦੋਲਨ ਦੇ ਵਿਚ ਸ਼ਾਮਿਲ ਹੋਣਾ,ਫਿਰ ਉਸ ਤੋਂ ਮੋਹ ਭੰਗ ਹੋਣ ਤੋਂ ਬਾਅਦ ਦੂਸਰੇ ਆਜ਼ਾਦੀ ਸੰਗਰਾਮੀਆਂ ਨਾਲ ਮਿਲ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਨਾਲ ਕੰਮ ਕਰਦਿਆਂ ਅੰਗਰੇਜ਼ਾਂ ਨੂੰ ਵਖਤ ਪਾਉਂਦਿਆਂ ਹਮੇਸ਼ਾ ਹੀ ਆਪਣੇ ਆਪ ਨੂੰ ਦੇਸ਼ ਸੇਵਾ ਵਿਚ ਲਾਈ ਰੱਖਿਆ। ਨਾਵਲ ਵਿਚ ਆਜ਼ਾਦ ਦੇ ਚਰਿੱਤਰ ਦੇ ਵੱਖ-ਵੱਖ ਪਹਿਲੂਆਂ ਨੂੰ ਉਭਾਰਿਆ ਗਿਆ ਹੈ, ਜਿਸ ਵਿਚ ਉਸ ਦਾ ਨਿਡਰ ਹੋਣਾ, ਚੰਗਾ ਲੀਡਰ ਹੋਣਾ ਅਤੇ ਸੂਝ-ਬੂਝ ਨਾਲ ਕੰਮ ਕਰਦਿਆਂ ਆਪਣੇ ਸਾਥੀਆਂ ਨੂੰ ਅਗਵਾਈ ਦੇਣਾ ਆਦਿ ਕਈ ਘਟਨਾਵਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਸਰਲ ਸਾਧਾਰਨ ਭਾਸ਼ਾ ਵਾਲਾ ਇਹ ਨਾਵਲ ਬਹੁਤ ਹੀ ਸਾਦੇ ਢੰਗ ਨਾਲ ਚੰਦਰ ਸ਼ੇਖਰ ਆਜ਼ਾਦ ਕਈ ਰੂਪ ਪੇਸ਼ ਕਰਦਾ ਹੈ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

ਅੱਖਰਾਂ ਦੀ ਦੁਨੀਆ
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ ਸਮਾਣਾ
ਮੁੱਲ : 95 ਰੁਪਏ, ਸਫ਼ੇ : 16
ਸੰਪਰਕ : 98149-01254

ਹਥਲੀ ਪੁਸਤਕ 'ਅੱਖਰਾਂ ਦੀ ਦੁਨੀਆ' ਸੁਖਦੇਵ ਸਿੰਘ ਸ਼ਾਂਤ ਦੀ ਬਾਲ ਪੁਸਤਕ ਹੈ ਜਿਸ ਵਿਚ 20 ਬਾਲ ਕਵਿਤਾਵਾਂ ਸ਼ਾਮਿਲ ਹਨ ਜੋ ਕਿ ਬਹੁਤ ਹੀ ਸ਼ਾਨਦਾਰ ਢੁਕਦੀਆਂ ਤਸਵੀਰਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ ਸੱਭੇ ਰਚਨਾਵਾਂ ਸਰਲ ਠੇਠ ਅਤੇ ਬਾਲਾਂ ਦੇ ਮਾਨਸਿਕ ਪੱਧਰ ਦੀਆਂ ਹਨ। ਸਾਰੀਆਂ ਰਚਨਾਵਾਂ ਜਿੱਥੇ ਬਾਲਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ ਉਥੇ ਸੁਭਾਵਿਕ ਹੀ ਬਾਲਾਂ ਨੂੰ ਸਿੱਖਿਆਂ ਵੀ ਦਿੰਦੀਆਂ ਹਨ। ਜਿਵੇਂ : 'ਅੱਖਰਾਂ ਦੀ ਦੁਨੀਆ' ਕਵਿਤਾ ਵਿਚ ਬਾਲਾਂ ਨੂੰ ਅੱਖਰਾਂ ਦੀ ਮਹਾਨਤਾ ਬਹੁਤ ਹੀ ਦਿਲਚਸਪ ਢੰਗ ਨਾਲ ਸਮਝਾਈ ਗਈ ਹੈ:-
-ਅੱਖਰਾਂ ਦੀ ਦੁਨੀਆ-
ਅੱਖਰਾਂ ਦੀ ਦੁਨੀਆ ਵਿਚ ਜਾ ਕੇ,
ਅੱਖਰਾਂ ਦੀ ਮੈਂ ਰਮਜ਼ ਪਛਾਣੀ।
ਅੱਖਰ ਜੁੜ ਕੇ ਗੀਤ ਨੇ ਬਣਦੇ,
ਅੱਖਰ ਜੁੜਨ ਤਾਂ ਬਣੇ ਕਹਾਣੀ।
ਅੱਖਰਾਂ ਨਾਲ ਹੀ ਬਣਨ ਕਿਤਾਬਾਂ,
ਅੱਖਰਾਂ ਨਾਲ ਹੀ ਕੁੱਲ ਪੜ੍ਹਾਈ।
ਅੱਖਰਾਂ ਨਾਲ ਹੀ ਗਿਆਨ ਮਿਲਦਾ,
ਅੱਖਰ ਹੀ ਨੇ ਕਰਦੇ ਅਗਵਾਈ।
ਏਵੇਂ ਹੀ ਸਫਾਈ ਬਾਰੇ ਬਹੁਤ ਹੀ ਪਿਆਰੀ ਕਵਿਤਾ ਹੈ 'ਸਾਫ-ਸੁਥਰੇ ਹੱਥ' ਇਸ ਕਵਿਤਾ ਰਾਹੀਂ ਸਫਾਈ ਦਾ ਆਪਣੀ ਜ਼ਿੰਦਗੀ ਵਿਚ ਕੀ ਮਹੱਤਵ ਹੈ ਬਹੁਤ ਹੀ ਸੁੰਦਰ ਢੰਗ ਨਾਲ ਸਮਝਾਇਆ ਹੈ :-
-ਸਾਫ ਸੁਥਰੇ ਹੱਥ-
ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ,
ਕੋਈ ਵੀ ਚੀਜ਼ ਖਾਣ ਤੋਂ ਬਾਅਦ।
ਹੱਥ ਸਾਬਣ ਦੇ ਨਾਲ ਨੇ ਧੋਣੇ,
ਰੱਖੀਏ ਗੱਲ ਸਦਾ ਇਹ ਯਾਦ।
ਹੱਥਾਂ ਦੇ ਨਹੁੰ ਕੱਟ ਕੇ ਰੱਖੀਏ,
ਮੈਲ਼ ਫਸਣ ਨਾ ਦਈਏ।
ਗੰਦੇ ਹੱਥ ਕਦੇ ਵੀ ਭੁੱਲ ਕੇ,
ਅੱਖਾਂ ਨੂੰ ਨਾ ਲਾਈਏ,
ਏਸੇ ਤਰ੍ਹਾਂ ਹੀ ਅਸੀਂ ਹਾਂ ਛੋਟੇ ਬਾਲ, ਮੇਰੇ ਨਿੱਕੇ-ਨਿੱਕੇ ਭਾਂਡੇ, ਮਾਤਾ ਪਿਤਾ, ਵਿੱਦਿਆ ਧਨ, ਧਰਤੀ ਤੇ ਰੁੱਖ, ਕਿਤਾਬ ਦਾ ਤੋਹਫਾ, ਅਜ਼ਾਦੀ ਦੀ ਕਹਾਣੀ, ਪਾਣੀ ਦੀ ਸੰਭਾਲ ਅਤੇ ਦੇਸ਼ ਪਿਆਰ ਆਦਿ ਸੱਭੇ ਬਾਲ ਰਚਨਾਵਾਂ ਬਹੁਤ ਹੀ ਪਿਆਰੀਆਂ ਅਤੇ ਨਿਆਰੀਆਂ ਹਨ। ਕਿਤਾਬ ਦੇ 16 ਪੰਨੇ ਬਹੁਤ ਘੱਟ ਹਨ ਪਹਿਲੀ ਜਮਾਤ ਦੀ ਕਿਤਾਬ ਦੇ ਵੀ ਅੱਜ ਕੱਲ੍ਹ ਇੱਕ ਸੌ ਚਾਲੀ ਸਫ਼ੇ ਹਨ। ਇਹ ਸਿਰਫ ਅੱਠ ਵਰਕੇ ਬਣਦੇ ਹਨ ਅੱਠਾਂ ਮਿੰਟਾਂ ਵਿਚ ਹੀ ਸਾਰੀ ਕਿਤਾਬ ਪੜ੍ਹੀ ਜਾਂਦੀ ਹੈ ਪਤਾ ਨਹੀਂ ਲੇਖਕ ਜਾਂ ਪ੍ਰਕਾਸ਼ਿਕ ਦੀ ਕੀ ਮਜਬੂਰੀ ਹੈ। ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਛੋਟੀ ਪਰ ਪਿਆਰੀ ਪੁਸਤਕ ਪਾਉਣ ਤੇ ਮੈਂ ਲੇਖਕ ਨੂੰ ਸ਼ਾਬਾਸ਼ ਅਤੇ ਮੁਬਾਰਕਬਾਦ ਦਿੰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 94635-42896

Ad Position 22
No active advertisement
ਪਿਛਲੀ ਖ਼ਬਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਮਾਰਕਸੀ ਚਿੰਤਕਾਂ ਬਾਰੇ ਖੋਜ ਪੱਤਰ ਪੇਸ਼ ਕੀਤੇ <br/> ਅਗਲੀ ਖ਼ਬਰ ਸੈਰ-ਸਪਾਟੇ ਰਾਹੀਂ ਭਾਰਤ ਦੀ ਵਿਰਾਸਤ ਨੂੰ ਪਛਾਣ ਮਿਲੀ
Ad Position 24