ਧਾਰਮਿਕ ਤਿਉਹਾਰ ਅਤੇ ਮੇਲੇ ਭਾਰਤੀ ਸਮਾਜ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਸਾਡੇ ਦੇਸ਼ ਦੇ ਵੱਖ-ਵੱਖ ਖਿੱਤਿਆਂ ਵਿਚ ਸਾਰਾ ਸਾਲ ਵੱਖ-ਵੱਖ ਤਰ੍ਹਾਂ ਦੇ ਤਿਉਹਾਰ ਅਤੇ ਮੇਲੇ ਮਨਾਏ ਜਾਂਦੇ ਰਹਿੰਦੇ ਹਨ। ਇਨ੍ਹਾਂ ਤਿਉਹਾਰਾਂ ਅਤੇ ਮੇਲਿਆਂ ਦਾ ਇਕ ਆਪਣਾ ਇਤਿਹਾਸਕ, ਸੱਭਿਆਚਾਰਕ, ਇਲਾਕਾਈ ਅਤੇ ਧਾਰਮਿਕ ਪਿਛੋਕੜ ਹੈ ਅਤੇ ਇਹ ਲੋਕਾਂ ਦੀ ਜ਼ਿੰਦਗੀ ਵਿਚ ਤਾਜ਼ਗੀ ਭਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਵਿਰਸੇ, ਭਾਈਚਾਰਕ ਸਾਂਝ ਅਤੇ ਇਤਿਹਾਸ ਦੇ ਚੰਗੇ ਪੱਖਾਂ ਦੀ ਯਾਦ ਦਿਵਾਉਂਦੇ ਹਨ।
ਅਫ਼ਸੋਸ ਇਸ ਗੱਲ ਦਾ ਹੈ ਕਿ ਮੌਜੂਦਾ ਵਿਗਿਆਨ ਤੇ ਤਕਨਾਲੋਜੀ ਦੇ ਯੁੱਗ ਵਿਚ ਵੀ ਅਜਿਹੇ ਤਿਉਹਾਰਾਂ ਅਤੇ ਮੇਲਿਆਂ ਨੂੰ ਪੁਰਾਤਨ ਰੂੜ੍ਹੀਵਾਦੀ ਢੰਗਾਂ ਨਾਲ ਹੀ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਵਿਚ ਕੋਈ ਸਾਰਥਿਕ ਸੰਦੇਸ਼ ਦੇਣ ਦੀ ਬਜਾਏ ਸਿਰਫ਼ ਰੂੜ੍ਹੀਵਾਦੀ ਰਵਾਇਤਾਂ, ਫ਼ਜ਼ੂਲਖਰਚੀ ਅਤੇ ਅੰਧ ਵਿਸ਼ਵਾਸਾਂ ਨੂੰ ਹੀ ਉਭਾਰਿਆ ਜਾਂਦਾ ਹੈ, ਜੋ ਮਨੁੱਖੀ ਜੀਵਨ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ, ਰੁਕਾਵਟਾਂ, ਬੁਰਾਈਆਂ ਅਤੇ ਬਿਮਾਰੀਆਂ ਪੈਦਾ ਕਰਦੇ ਹਨ। ਇਹੀ ਵਜ੍ਹਾ ਹੈ ਕਿ ਬਹੁਤੀ ਵਾਰ ਮੌਜੂਦਾ ਸਮਿਆਂ ਵਿਚ ਦੀਵਾਲੀ, ਦੁਸਹਿਰਾ, ਦੁਰਗਾ ਪੂਜਾ, ਗਣੇਸ਼ ਪੂਜਾ, ਧਾਰਮਿਕ ਮੇਲੇ ਅਤੇ ਧਾਰਮਿਕ ਯਾਤਰਾਵਾਂ ਸਮਾਜ ਵਿਚ ਫਜ਼ੂਲ ਖਰਚੀ, ਰੂੜੀਵਾਦ ਅਤੇ ਪ੍ਰਦੂਸ਼ਣ ਫੈਲਾਉਣ ਦੇ ਨਾਲ-ਨਾਲ ਵੱਡੇ ਜਾਨ-ਲੇਵਾ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੀਆਂ ਹਨ।
ਸਾਡੇ ਦੇਸ਼ ਵਿਚ ਸਭ ਤੋਂ ਵੱਧ ਮਹਿੰਗਾ ਅਤੇ ਖਰਚੀਲਾ ਤਿਉਹਾਰ ਦੀਵਾਲੀ ਹੈ, ਜਿਸ ਦੇ ਧਾਰਮਿਕ ਪਿਛੋਕੜ ਵਜੋਂ ਖੁਸ਼ੀ ਦਾ ਇਜ਼ਹਾਰ ਕਰਨ ਲਈ ਸਿਰਫ ਇਕੋ ਦਿਨ ਵਿਚ ਹੀ ਅਰਬਾਂ ਰੁਪਏ ਦੀ ਆਤਿਸ਼ਬਾਜ਼ੀ ਅਤੇ ਬਿਜਲੀ ਦੀ ਫ਼ਜ਼ੂਲਖਰਚੀ ਕਰ ਦਿੱਤੀ ਜਾਂਦੀ ਹੈ ਅਤੇ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਡਾਕਟਰੀ ਵਿਗਿਆਨ ਅਨੁਸਾਰ ਮਿਲਾਵਟੀ ਅਤੇ ਰੰਗਦਾਰ ਮਠਿਆਈਆਂ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੁੰਦੀਆਂ ਹਨ। ਹਰ ਸਾਲ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਸਿਹਤ ਵਿਭਾਗ ਵਲੋਂ ਮਿਲਾਵਟੀ ਖੋਇਆ ਅਤੇ ਮਠਿਆਈਆਂ ਫੜਨ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪਦੀਆਂ ਹਨ ਪਰ ਅਸਲੀਅਤ ਇਹ ਹੈ ਕਿ ਉਸ ਤੋਂ ਹਜ਼ਾਰਾਂ ਗੁਣਾ ਵੱਧ ਮਿਕਦਾਰ ਵਿਚ ਮਿਲਾਵਟੀ ਮਠਿਆਈਆਂ ਅਤੇ ਖਾਧ ਪਦਾਰਥ ਸਿਹਤ ਵਿਭਾਗ ਅਤੇ ਪੁਲਿਸ ਦੀ ਛਤਰ ਛਾਇਆ ਹੇਠ ਦੀਵਾਲੀ ਦੇ ਦਿਨ ਬਾਜ਼ਾਰਾਂ ਵਿਚ ਸ਼ਰੇਆਮ ਵਿਕ ਰਹੇ ਹੁੰਦੇ ਹਨ ਅਤੇ ਸਾਰਾ ਸਾਲ ਵੀ ਵਿਕਦੇ ਰਹਿੰਦੇ ਹਨ। ਅਸਲ ਵਿਚ ਵਪਾਰੀਆਂ ਵਲੋਂ ਕਈ ਕੁਇੰਟਲ ਮਿਲਾਵਟੀ ਮਠਿਆਈ ਕਾਫੀ ਦਿਨ ਪਹਿਲਾਂ ਹੀ ਤਿਆਰ ਕਰਵਾ ਕੇ ਗੋਦਾਮਾਂ ਵਿਚ ਸਟੋਰ ਕਰ ਲਈ ਜਾਂਦੀ ਹੈ ਅਤੇ ਦੀਵਾਲੀ ਵਾਲੇ ਦਿਨ ਸ਼ਰੇਆਮ ਖੁੱਲ੍ਹੇ ਅਸਮਾਨ ਹੇਠ ਅਣਢਕੀ ਹੀ ਵੇਚੀ ਜਾਂਦੀ ਹੈ। ਨਿਰੰਤਰ ਮਿਲਾਵਟੀ ਚੀਜ਼ਾਂ ਖਾਣ ਮਗਰੋਂ ਲੋਕ ਹੈਜ਼ਾ, ਦਮਾ, ਪੀਲੀਆ, ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਅਫ਼ਸੋਸਨਾਕ ਪਹਿਲੂ ਇਹ ਹੈ ਕਿ ਦੀਵਾਲੀ ਦੀਆਂ ਖੁਸ਼ੀਆਂ ਵਿਚ ਰੁੱਝੇ ਲੋਕ ਨਾ ਤਾਂ ਖੁਦ ਇਸ ਮਿਲਾਵਟਖੋਰੀ ਦੀ ਪਰਖ ਕਰਦੇ ਹਨ ਅਤੇ ਨਾ ਹੀ ਸਿਹਤ ਵਿਭਾਗ ਨੂੰ ਇਸ ਸੰਬੰਧੀ ਸ਼ਿਕਾਇਤ ਕਰਦੇ ਹਨ। ਸ਼ਰਮ ਵਾਲੀ ਗੱਲ ਇਹ ਹੈ ਕਿ ਲਾਲਚੀ ਅਤੇ ਮੁਨਾਫ਼ਾਖੋਰ ਵਪਾਰੀਆਂ ਅਤੇ ਭ੍ਰਿਸ਼ਟ ਅਧਿਕਾਰੀਆਂ ਵਲੋਂ ਭੋਲੇ ਭਾਲੇ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕਣ ਤੋਂ ਜ਼ਰਾ ਜਿੰਨਾ ਵੀ ਤਰਸ ਨਹੀਂ ਕੀਤਾ ਜਾਂਦਾ। ਅਦਾਲਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖ਼ਤਰਨਾਕ ਆਤਿਸ਼ਬਾਜ਼ੀ ਬਣਾਉਣ, ਸਟੋਰ ਕਰਨ, ਵੇਚਣ ਅਤੇ ਚਲਾਉਣ ਉਤੇ ਰੋਕ ਲਾਉਣ ਦੇ ਆਦੇਸ਼ ਸਿਰਫ ਖ਼ਾਨਾਪੂਰਤੀ ਹੀ ਸਾਬਤ ਹੁੰਦੇ ਹਨ ਪਰ ਇਨ੍ਹਾਂ ਹੁਕਮਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਵਾਉਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਜਾਂਦੀਆਂ। ਨਤੀਜੇ ਵਜੋਂ ਜਾਨ-ਲੇਵਾ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਅਜਾਈਂ ਚਲੇ ਜਾਂਦੀਆਂ ਹਨ।
ਪਿਛਲੇ ਕੁਝ ਸਾਲਾਂ ਤੋਂ ਸੁਪਰੀਮ ਕੋਰਟ ਵਲੋਂ ਆਤਿਸ਼ਬਾਜ਼ੀ ਤੇ ਪਟਾਕੇ ਚਲਾਉਣ ਦੇ ਸਮੇਂ ਵਿਚ ਕਟੌਤੀ ਕਰਨ ਜਾਂ ਗਰੀਨ ਪਟਾਕੇ ਚਲਾਉਣ ਦੀਆਂ ਹਦਾਇਤਾਂ ਦੇ ਬਾਵਜੂਦ ਦੀਵਾਲੀ ਵਾਲੇ ਦਿਨ ਸ਼ਾਮ ਛੇ ਵਜੇ ਤੋਂ ਲੈ ਕੇ ਰਾਤ ਬਾਰ੍ਹਾਂ ਵਜੇ ਤੱਕ ਲਗਾਤਾਰ ਚੱਲਣ ਵਾਲੀ ਆਤਿਸ਼ਬਾਜ਼ੀ ਤੇ ਪਟਾਕਿਆਂ ਨਾਲ ਵਾਤਾਵਰਨ ਵਿਚ ਜਿਥੇ ਕਈ ਹਜ਼ਾਰਾਂ ਟਨ ਕਾਰਬਨ ਮੋਨੋਆਕਸਾਈਡ, ਮੋਨੋ ਕਾਰਬਨ, ਸਲਫ਼ਰ ਅਤੇ ਸਿੱਕੇ ਦੇ ਪ੍ਰਦੂਸ਼ਿਤ ਕਣ ਫੈਲ ਜਾਂਦੇ ਹਨ, ਉਥੇ ਹੀ 140 ਡੈਸੀਬਲ ਤੋਂ ਵੱਧ ਦਾ ਆਵਾਜ਼ ਪ੍ਰਦੂਸ਼ਣ ਵੀ ਲਗਾਤਾਰ ਪੈਦਾ ਹੁੰਦਾ ਹੈ। ਵਾਤਾਵਰਨ ਵਿਗਿਆਨੀਆਂ ਅਨੁਸਾਰ ਅਜਿਹੀਆਂ ਪ੍ਰਦੂਸ਼ਿਤ ਗੈਸਾਂ ਦਮਾ, ਕੈਂਸਰ, ਦਿਲ ਦੇ ਰੋਗ, ਖੂਨ ਦਾ ਵੱਧ ਦਬਾਅ, ਅਧਰੰਗ, ਫੇਫੜੇ ਅਤੇ ਗੁਰਦੇ ਦੇ ਰੋਗਾਂ ਨੂੰ ਜਨਮ ਦਿੰਦੀਆਂ ਹਨ ਅਤੇ 95 ਡੈਸੀਬਲ ਤੋਂ ਉੱਚਾ ਲਗਾਤਾਰ ਸ਼ੋਰ ਸਥਾਈ ਬੋਲਾਪਣ ਪੈਦਾ ਕਰਨ ਦਾ ਆਧਾਰ ਬਣਦਾ ਹੈ।
ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਕਈ ਹੋਰ ਸੂਬਿਆਂ ਵਿਚ ਦੁਰਗਾ ਪੂਜਾ ਅਤੇ ਗਣੇਸ਼ ਚਤੁਰਥੀ ਦੇ ਮੌਕਿਆਂ 'ਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਕਾਫੀ ਦਿਨਾਂ ਤੱਕ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਨਦੀਆਂ - ਨਾਲਿਆਂ ਜਾਂ ਸਮੁੰਦਰਾਂ ਵਿਚ ਜਲ ਪ੍ਰਵਾਹ ਕੀਤਾ ਜਾਂਦਾ ਹੈ। ਸਭ ਤੋਂ ਵੱਧ ਚਿੰਤਾਜਨਕ ਪਹਿਲੂ ਇਹ ਹੈ ਕਿ ਇਨ੍ਹਾਂ ਮੂਰਤੀਆਂ ਨੂੰ ਖੂਬਸੂਰਤ ਬਣਾਉਣ ਦੇ ਨਾਂਅ ਹੇਠ ਇਨ੍ਹਾਂ ਦੇ ਨਿਰਮਾਣ ਵਿਚ ਕੁਝ ਅਜਿਹੇ ਜ਼ਹਿਰੀਲੇ ਰਸਾਇਣ ਅਤੇ ਧਾਤਾਂ ਵਰਤੀਆਂ ਜਾਂਦੀਆਂ ਹਨ, ਜਿਹੜੀਆਂ ਸਮੁੰਦਰ ਅਤੇ ਨਦੀਆਂ ਵਿਚ ਰਹਿੰਦੇ ਜੀਵ ਜੰਤੂਆਂ ਲਈ ਖ਼ਤਰਨਾਕ ਸਾਬਤ ਹੁੰਦੀਆਂ ਹਨ। ਅਦਾਲਤੀ ਹੁਕਮਾਂ ਦੇ ਬਾਵਜੂਦ ਕੇਂਦਰ ਤੇ ਰਾਜ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਆਪਣੀ ਵੋਟ ਸਿਆਸਤ ਕਾਰਨ ਇਸ ਮਨੁੱਖ ਵਿਰੋਧੀ ਵਰਤਾਰੇ ਨੂੰ ਰੋਕਣ ਵਿਚ ਨਾਕਾਮ ਸਾਬਤ ਹੁੰਦੀਆਂ ਹਨ।
ਫ਼ਜ਼ੂਲਖਰਚੀ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਦੀਵਾਲੀ ਦੇ ਤਿਉਹਾਰ ਦੇ ਦਿਨਾਂ ਵਿਚ ਹਰ ਵਰਗ ਦੇ ਲੋਕਾਂ ਵਲੋਂ ਆਤਿਸ਼ਬਾਜ਼ੀ, ਮਠਿਆਈਆਂ, ਬਿਜਲਈ ਦੀਪਮਾਲਾ, ਪਾਠ ਪੂਜਾ ਦੀ ਸਮੱਗਰੀ ਤੋਂ ਇਲਾਵਾ ਘਰੇਲੂ ਸਜਾਵਟੀ ਸਾਮਾਨ ਅਤੇ ਤੋਹਫਿਆਂ ਦੀ ਖਰੀਦਦਾਰੀ ਉਤੇ ਕਰੋੜਾਂ ਰੁਪਏ ਖਰਚੇ ਜਾਂਦੇ ਹਨ। ਸਪੱਸ਼ਟ ਹੈ ਕਿ ਦੀਵਾਲੀ ਦਾ ਤਿਉਹਾਰ ਅਜਿਹਾ ਸਾਮਾਨ ਤਿਆਰ ਕਰਨ ਵਾਲੇ ਵਪਾਰਕ ਅਦਾਰਿਆਂ, ਬਹੁਕੌਮੀ ਕੰਪਨੀਆਂ, ਵੱਡੇ ਦੁਕਾਨਦਾਰਾਂ ਅਤੇ ਅਜਿਹੇ ਸਾਮਾਨ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੇ ਮੀਡੀਏ ਲਈ ਕੁਝ ਦਿਨਾਂ ਵਿਚ ਹੀ ਕਰੋੜਾਂ ਅਰਬਾਂ ਰੁਪਏ ਦਾ ਮੁਨਾਫ਼ਾ ਕਮਾਉਣ ਦੇ ਮੌਕੇ ਪ੍ਰਦਾਨ ਕਰਦਾ ਹੈ। ਵੱਡੇ-ਵੱਡੇ ਵਪਾਰਕ ਅਦਾਰੇ ਵੀ ਇਹੀ ਚਾਹੁੰਦੇ ਹਨ ਕਿ ਲੋਕ ਅੰਧ ਵਿਸ਼ਵਾਸਾਂ ਅਤੇ ਰੂੜੀਵਾਦੀ ਰਵਾਇਤਾਂ ਵਿਚ ਫਸੇ ਰਹਿਣ।
ਇਸ ਲਈ ਮੁੱਖ ਸਵਾਲ ਇਹ ਵੀ ਹੈ ਕਿ ਜਿਸ ਦੇਸ਼ ਵਿਚ ਕਰੋੜਾਂ ਗਰੀਬ ਲੋਕ, ਹਕੂਮਤਾਂ ਦੀਆਂ ਸਾਮਰਾਜ ਪੱਖੀ ਨੀਤੀਆਂ ਦੇ ਨਤੀਜੇ ਵਜੋਂ ਸਿੱਖਿਆ, ਸਿਹਤ, ਰੁਜ਼ਗਾਰ, ਬਿਜਲੀ, ਸਾਫ ਪਾਣੀ, ਸੀਵਰੇਜ, ਸੜਕਾਂ ਅਤੇ ਦੋ ਵਕਤ ਦੀ ਰੋਟੀ ਤੇ ਮਕਾਨ ਨੂੰ ਤਰਸ ਰਹੇ ਹੋਣ, ਗਰੀਬੀ, ਬੇਰੁਜ਼ਗਾਰੀ ਤੋਂ ਤੰਗ ਆ ਕੇ ਹਜ਼ਾਰਾਂ ਲੋਕ ਹਰ ਸਾਲ ਖੁਦਕੁਸ਼ੀ ਕਰ ਰਹੇ ਹੋਣ ਅਤੇ ਵਿਦੇਸ਼ਾਂ ਨੂੰ ਪਰਵਾਸ ਕਰ ਰਹੇ ਹੋਣ ਉਥੇ ਅਜਿਹੇ ਬਦਤਰ ਹਾਲਾਤ ਵਿਚ ਸਦੀਆਂ ਪੁਰਾਣੀਆਂ ਧਾਰਮਿਕ ਰਵਾਇਤ ਦੇ ਇਜ਼ਹਾਰ ਲਈ ਦੀਵਾਲੀ ਦੇ ਇਕੋ ਦਿਨ ਵਿਚ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਸਾੜ ਕੇ ਸੁਆਹ ਕਰ ਦੇਣੀ, ਕਿੱਥੋਂ ਦੀ ਸਿਆਣਪ ਹੈ?, ਦੇਸ਼ ਵਿਚ ਹਵਾ ਅਤੇ ਪਾਣੀ ਦਾ ਕਈ ਟਨ ਪ੍ਰਦੂਸ਼ਣ ਫੈਲਾ ਕੇ ਸਮੁੱਚੀ ਜਨਤਾ ਅਤੇ ਜੀਵ ਜੰਤੂਆਂ, ਬੂਟਿਆਂ ਨੂੰ ਗੰਭੀਰ ਬਿਮਾਰੀਆਂ ਅਤੇ ਮੌਤ ਦੇ ਮੂੰਹ ਵਿਚ ਧੱਕਣਾ ਦੁਨੀਆਂ ਦੇ ਕਿਸ ਸੱਭਿਅਕ ਸਮਾਜ ਦੀ ਪ੍ਰੰਪਰਾ ਹੈ? , ਦੇਸ਼ ਦੇ ਕਰੋੜਾਂ ਗਰੀਬ ਅਤੇ ਪਿਛੜੇ ਖੇਤਰਾਂ ਦੇ ਲੋਕਾਂ ਦੀ ਜ਼ਿੰਦਗੀ ਹਨੇਰਿਆਂ ਨਾਲ ਭਰੀ ਪਈ ਹੈ ਪਰ ਦੀਵਾਲੀ ਦੇ ਇਕੋ ਦਿਨ ਰਾਤ ਵਿਚ ਕਰੋੜਾਂ ਯੂਨਿਟ ਬਿਜਲੀ ਵਿਅਰਥ ਹੀ ਫੂਕ ਦੇਣੀ ਕਿੱਥੋਂ ਤੱਕ ਜਾਇਜ਼ ਹੈ? ਉਂਝ ਵੀ ਸਾਡੇ ਦੇਸ਼ ਦੇ ਆਮ ਲੋਕਾਂ ਦੀ ਆਰਥਿਕਤਾ ਇੰਨੀ ਵੱਡੀ ਫ਼ਜ਼ੂਲਖਰਚੀ ਦਾ ਭਾਰ ਚੁੱਕਣ ਦੇ ਸਮਰੱਥ ਨਹੀਂ ਹੈ।
ਜੇਕਰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਦੀਵਾਲੀ ਅਤੇ ਹੋਰ ਤਿਉਹਾਰਾਂ ਵਾਲੇ ਦਿਨ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਸਾਡੇ ਕੋਲ ਹੋਰ ਵੀ ਕਈ ਤਰ੍ਹਾਂ ਦੇ ਲੋਕ ਪੱਖੀ ਬਦਲ ਮੌਜੂਦ ਹਨ। ਆਤਿਸ਼ਬਾਜ਼ੀ ਅਤੇ ਮਠਿਆਈਆਂ ਉਤੇ ਫ਼ਜ਼ੂਲਖਰਚੀ ਕਰਨ ਦੀ ਬਜਾਏ ਸਾਨੂੰ ਇਸ ਦਿਨ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀਆਂ ਕਿਤਾਬਾਂ, ਕੱਪੜਿਆਂ, ਸਕੂਲ ਫੀਸਾਂ ਅਤੇ ਹੋਰ ਜ਼ਰੂਰੀ ਲੋੜਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਖ਼ੁਸ਼ੀ ਦੇਣੀ ਚਾਹੀਦੀ ਹੈ। ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਸਹਾਇਤਾ ਕੀਤੀ ਜਾ ਸਕਦੀ ਹੈ। ਲੋਕਾਂ ਨੂੰ ਆਤਿਸ਼ਬਾਜ਼ੀ ਦੀ ਫ਼ਜ਼ੂਲਖਰਚੀ, ਮਿਲਾਵਟੀ ਮਠਿਆਈਆਂ, ਵਾਤਾਵਰਨ ਪ੍ਰਦੂਸ਼ਣ ਅਤੇ ਰੂੜੀਵਾਦੀ ਰਵਾਇਤਾਂ ਖਿਲਾਫ਼ ਜਾਗਰੂਕ ਕਰਨਾ ਚਾਹੀਦਾ ਹੈ।
ਇਸ ਲਈ ਆਓ, ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਵਿਚ ਸਦੀਆਂ ਪੁਰਾਣੀਆਂ ਰੂੜੀਵਾਦੀ ਰਵਾਇਤਾਂ ਅਤੇ ਅੰਧ ਵਿਸ਼ਵਾਸਾਂ ਨੂੰ ਤਿਲਾਂਜਲੀ ਦਿੰਦੇ ਹੋਏ ਵਿਗਿਆਨਕ ਚੇਤਨਾ ਨੂੰ ਆਪਣੀ ਜ਼ਿੰਦਗੀ ਅਤੇ ਮਾਨਸਿਕਤਾ ਦਾ ਇਕ ਅਹਿਮ ਹਿੱਸਾ ਬਣਾਈਏ ਅਤੇ ਦੀਵਾਲੀ, ਦੁਸਹਿਰਾ, ਦੁਰਗਾ ਪੂਜਾ, ਗਣੇਸ਼ ਚਤੁਰਥੀ ਆਦਿ ਤਿਉਹਾਰਾਂ ਨੂੰ ਨਵੇਂ ਤੇ ਸਾਰਥਿਕ ਢੰਗ ਨਾਲ ਮਨਾਉਣ ਲਈ ਨਵੇਂ ਰਸਤਿਆਂ ਦੀ ਤਲਾਸ਼ ਕਰੀਏ।
-ਅੰਮ੍ਰਿਤਸਰ। ਮੋਬਾਈਲ : 7696030173