31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਖੁਸ਼ਵੰਤ ਸਿੰਘ ਸਾਹਿਤ ਉਤਸਵ 'ਚ ਸਾਕਾ ਨੀਲਾ ਤਾਰਾ ਅਤੇ ਭਾਰਤ-ਪਾਕਿ ਸੰਬੰਧ ਛਾਏ ਰਹੇ

Ad Position 21
No active advertisement
ਅਜੀਤ ਡੈਸਕ 19-10-2025

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ 'ਚ ਪੈਂਦੇ ਪਰਬਤੀ ਟਿਕਾਣੇ ਕਸੌਲੀ ਨੂੰ 'ਖੁਸ਼ਵੰਤ ਸਿੰਘ ਸਾਹਿਤ ਉਤਸਵ' ਨੇ ਲੇਖਕਾਂ, ਬੁੱਧੀਜੀਵੀਆਂ ਤੇ ਵਿਚਾਰਵਾਨਾਂ ਦੇ ਮਨਾਂ 'ਚ ਵਸਾ ਦਿੱਤਾ ਹੈ। 14 ਸਾਲ ਤੋਂ ਇਹ ਉਤਸਵ ਅਕਤੂਬਰ ਮਹੀਨੇ ਦੇ ਚੋਣਵੇਂ ਦਿਨਾਂ ਵਿਚ ਨਵੇਂ ਤੇ ਨਿਵੇਕਲੇ ਵਿਸ਼ਿਆਂ ਦੀ ਮਹਿਫ਼ਲ ਦਾ ਕੇਂਦਰ ਬਣਦਾ ਆ ਰਿਹਾ ਹੈ। 2025 ਵਾਲੇ ਉਤਸਵ 'ਚ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਨਜਿੱਠਣ ਦੇ ਢੰਗ-ਤਰੀਕਿਆਂ 'ਤੇ ਚਰਚਾ ਕਰਨੀ ਸੀ। ਚਰਚਾ ਕਰਨ ਵਾਲੇ ਮਹਾਂਰਥੀਆਂ 'ਚ ਜਨਰਲ ਐਮ.ਐਮ. ਨਰਵਾਣੇ, ਅਮੋਲ ਪਾਲੇਕਰ, ਪੀ. ਚਿਦੰਬਰਮ, ਸ਼ੋਭਾ ਡੇਅ, ਮਨੀ ਸ਼ੰਕਰ ਆਈਅਰ, ਏ.ਐਸ. ਦੁੱਲਤ, ਪੂਜਾ ਬੇਦੀ, ਹਰਿੰਦਰ ਬਵੇਜਾ, ਸੰਦੀਪ ਭਮਰ ਤੇ ਸੰਗੀਤਾ ਵਾਲਡਰਨ ਸਨ। ਇਹ ਗੱਲ ਵੱਖਰੀ ਹੈ ਕਿ ਸਭ ਤੋਂ ਵੱਧ ਚਰਚਾ ਪੀ. ਚਿਦਬੰਰਮ ਦੀ ਸਾਕਾ ਨੀਲਾ ਤਾਰਾ ਬਾਰੇ ਟਿੱਪਣੀ ਅਤੇ ਭਾਰਤ ਪਾਕਿਸਤਾਨ ਦੇ ਆਪਸੀ ਸੰਬੰਧਾਂ ਬਾਰੇ ਹੋਈ। ਪੀ. ਚਿਦੰਬਰਮ ਨੇ ਆਪਣੀ ਟਿੱਪਣੀ ਵਿਚ ਸਾਕਾ ਨੀਲਾ ਤਾਰਾ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ ਫੌਜ, ਪੁਲਿਸ, ਖ਼ੁਫ਼ੀਆ ਤੇ ਉਸ ਵੇਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਜਿਨ੍ਹਾਂ ਦੀ ਸਲਾਹ ਸਦਕਾ ਇੰਦਰਾ ਗਾਂਧੀ ਨੇ ਖਾੜਕੂਆਂ ਨੂੰ ਹਰਿਮੰਦਰ ਸਾਹਿਬ ਦੀ ਪਰਕਰਮਾ 'ਚੋਂ ਕੱਢਣ ਲਈ ਫ਼ੌਜੀ ਕਾਰਵਾਈ ਕੀਤੀ। ਪੀ. ਚਿਦੰਬਰਮ ਦੀ ਇਸ ਟਿੱਪਣੀ ਨੂੰ ਕਾਂਗਰਸੀ ਆਗੂ ਰਾਸ਼ਿਦ ਅਲਵੀ ਨੇ ਭਾਜਪਾ ਦੀ ਸੋਚ ਗਰਦਾਨ ਕੇ ਆਪਣੇ ਟਿੱਪਣੀਕਾਰ ਨੂੰ ਅਜਿਹਾ ਘੇਰਿਆ ਕਿ ਪੰਡਾਲ 'ਚ ਹਲਚਲ ਹੋ ਗਈ। ਬੋਲਣ ਲੱਗੇ ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹੀਓ ਟਿੱਪਣੀ ਖੁਸ਼ਵੰਤ ਸਿੰਘ ਖ਼ੁਦ ਵੀ ਆਪਣੀ ਸਿੱਖ ਹਿਸਟਰੀ ਦੀ ਦੂਜੀ ਜਿਲਦ ਵਿਚ 1984 ਦੀਆਂ ਘਟਨਾਵਾਂ ਨੂੰ 'ਆਤਮ ਗਿਣਤੀ ਮਿਣਤੀ' ਕਹਿ ਕੇ ਇੰਨ-ਬਿੰਨ ਲਿਖ ਚੁੱਕੇ ਸਨ ਜਿਵੇਂ ਕਿ: 'ਕਿਸੇ ਵੀ ਗਿਣਤੀ-ਮਿਣਤੀ ਅਨੁਸਾਰ ਸੰਤ ਭਿੰਡਰਾਵਾਲੇ ਕੋਲ ਹਥਿਆਰਬੰਦ ਸਹਾਇਕਾਂ ਦੀ ਤਾਦਾਦ ਤਿੰਨ-ਚਾਰ ਸੌ ਤੋਂ ਵੱਧ ਨਹੀਂ ਸੀ। ਬਹੁਤੀ ਵਾਰੀ ਜਦੋਂ ਉਹ ਪੱਤਰਕਾਰਾਂ ਜਾਂ ਦੂਜੇ ਮੁਲਾਕਾਤੀਆਂ ਨੂੰ ਮਿਲਦੇ ਸੀ ਤਾਂ ਉਨ੍ਹਾਂ ਕੋਲ ਇਨ੍ਹਾਂ 'ਚੋਂ ਦਸ-ਬਾਰਾਂ ਬੰਦੇ ਹੀ ਹਾਜ਼ਰ ਹੁੰਦੇ ਸਨ। ਹੌਸਲੇ ਵਾਲੇ ਕਮਾਂਡੋਆਂ ਦਾ ਕੇਵਲ ਇਕ ਦਸਤਾ ਸਾਦਾ ਕੱਪੜਿਆਂ ਵਿਚ ਜਾ ਕੇ ਇਨ੍ਹਾਂ ਨੂੰ ਕੰਟਰੋਲ ਕਰ ਸਕਦਾ ਸੀ। ਪਰ ਸਰਕਾਰ ਹੀ ਜਾਣਦੀ ਹੋਵੇਗੀ ਕਿ ਕਿਉਂ ਉਸ ਨੇ ਅਕਾਲ ਤਖ਼ਤ 'ਤੇ ਧਾਵਾ ਬੋਲਣ ਲਈ ਆਪਣੀ ਫੌਜ ਨੂੰ ਏਨੀਆਂ ਤੋਪਾਂ ਤੇ ਟੈਂਕਾਂ ਸਮੇਤ ਅੰਦਰ ਭੇਜਿਆ। ਇੱਥੇ ਸਿੱਖਾਂ ਦਾ ਇਹ ਸੋਚਣਾ ਕਿ ਇੰਦਰਾ ਗਾਂਧੀ ਨੇ ਇਹ ਸਭ ਕੁਝ ਸਿੱਖਾਂ ਨੂੰ ਸਬਕ ਸਿਖਾਉਣ ਲਈ ਕੀਤਾ ਸਮਝ ਆਉਂਦਾ ਹੈ। ਸਿੱਖ ਸੁਭਾਅ ਲਈ ਸਾਕਾ ਨੀਲਾ ਤਾਰਾ ਨਾਲ ਦੂਰ ਜਾਂ ਨੇੜੇ ਦਾ ਸੰਬੰਧ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਭੁੱਲਣਾ ਤੇ ਮੁਆਫ਼ ਕਰਨਾ ਸੰਭਵ ਨਹੀਂ ਸੀ। ਸਰਕਾਰ ਨੂੰ ਇਸ ਘਾਤਕ ਗਿਣਤੀ-ਮਿਣਤੀ ਦਾ ਬਹੁਤ ਭਿਅੰਕਰ ਮੁੱਲ ਤਾਰਨਾ ਪਿਆ, ਸਭ ਤੋਂ ਵੱਧ ਹਰਮਨ ਪਿਆਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਰੂਪ ਵਿਚ।'
ਸਾਕਾ ਨੀਲਾ ਤਾਰਾ ਨੂੰ ਅਜੋਕੇ ਆਗੂ ਅਤੇ ਟਿੱਪਣੀਕਾਰ ਇਤਿਹਾਸ ਦੇ ਪੰਨਿਆਂ 'ਚੋਂ ਨਹੀਂ ਮਿਟਾ ਸਕਦੇ। ਇਹ ਇਕ ਅਜਿਹਾ ਸੱਚ ਹੈ ਜਿਸ ਨੂੰ ਮੱਸਾ ਰੰਘੜ ਦੇ ਹਰਿਮੰਦਰ ਸਾਹਿਬ ਵਿਚ ਕੰਜਰੀਆਂ ਨਚਾਉਣ ਨਾਲ ਤੋਲਿਆ ਜਾਂਦਾ ਹੈ, ਜਦੋਂ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਮੱਸੇ ਦੀ ਹੱਤਿਆ ਕਰਕੇ ਜੱਸ ਖੱਟਿਆ ਸੀ।
ਪੀ. ਚਿਦੰਬਰਮ ਵਾਂਗ ਸਾਬਕਾ ਕੇਂਦਰੀ ਮੰਤਰੀ ਮਨੀਸ਼ੰਕਰ ਆਈਅਰ ਨੇ ਉਸ ਵੇਲੇ ਦੇ ਫੌਜੀ ਅਫ਼ਸਰਾਂ ਨੂੰ ਕੋਸਿਆ, ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਹੁਕਮ 'ਤੇ ਅਮਲ ਕਰਦਿਆਂ ਉਚਿਤ ਵਿਉਂਤਬੰਦੀ ਤੇ ਸਿਆਣਪ ਨਹੀਂ ਵਰਤੀ। ਉਸ ਨੇ ਆਪਣੇ ਭਾਸ਼ਨ ਵਿਚ ਰਾਜੀਵ ਗਾਂਧੀ ਵਾਲੇ ਪੰਜਾਬ ਤੇ ਕਸ਼ਮੀਰ ਸਮਝੌਤਿਆਂ ਦੀ ਅਸਫ਼ਲਤਾ ਦਾ ਭਾਂਡਾ ਵੀ ਸੰਤ ਲੌਂਗੋਵਾਲ ਅਤੇ ਸ਼ੇਖ ਅਬਦੁੱਲਾ ਦੇ ਸਿਰ ਭੰਨ ਕੇ ਰਾਜੀਵ ਗਾਂਧੀ ਦਾ ਪੱਖ ਪੂਰਿਆ। ਕਹਿਣ ਵਾਲੇ ਕੁਝ ਵੀ ਕਹਿਣ 'ਖੁਸ਼ਵੰਤ ਸਿੰਘ ਸਾਹਿਤ ਉਤਸਵ' ਵਿਚ ਇਨ੍ਹਾਂ ਬੋਲਾਂ ਨੇ ਉਤਸਵ ਦਾ ਘੇਰਾ ਹੀ ਵੱਡਾ ਨਹੀਂ ਕੀਤਾ, ਇਸ ਨੂੰ ਚਰਚਾ ਵਿਚ ਵੀ ਲਿਆਂਦਾ ਹੈ। ਮੁੱਢ-ਕਦੀਮਾਂ ਤੋਂ ਅਜਿਹੇ ਵਿਚਾਰ ਉੱਤਮ ਸਾਹਿਤ ਦਾ ਵਸੀਲਾ ਬਣਦੇ ਆਏ ਹਨ। 2025 ਵਾਲਾ ਉਤਸਵ ਆਉਣ ਵਾਲੀ ਪੀੜ੍ਹੀ ਦਾ ਮਾਰਗਦਰਸ਼ਕ ਬਣ ਸਕਦਾ ਹੈ।
ਇਹ ਵੀ ਚੰਗੀ ਗੱਲ ਹੈ ਕਿ ਇਸ ਉਤਸਵ 'ਚ ਭਾਰਤ-ਪਾਕਿ ਸੰਬੰਧਾਂ 'ਤੇ ਵੀ ਖ਼ੂਬ ਚਰਚਾ ਹੋਈ। ਇਸ ਚਰਚਾ ਦਾ ਸੋਮਾ ਵੀ ਖੁਸ਼ਵੰਤ ਸਿੰਘ ਦਾ ਨਾਵਲ 'ਟ੍ਰੇਨ ਟੂ ਪਾਕਿਸਤਾਨ' ਸੀ, ਜਿਸ ਨੂੰ ਉਤਸਵ 'ਚ ਉਤਾਰਨ ਵਾਲਾ ਰਾਅ (R1W) ਦਾ ਸਾਬਕਾ ਮੁਖੀ ਏ.ਐੱਸ. ਦੁੱਲਤ ਸੀ। ਜੇ ਮੈਂ ਆਪਣੀ ਪਿੱਠ ਥਾਪੜਨੀ ਹੋਵੇ ਤਾਂ ਕਹਿ ਸਕਦਾ ਹਾਂ ਪੰਜਾਬੀ ਦੇ ਪਾਠਕ ਦਾਸ ਵਲੋਂ ਕੀਤੇ ਇਸ ਨਾਵਲ ਦੇ ਪੰਜਾਬੀ ਅਨੁਵਾਦ ਨੂੰ ਸੱਤਰ ਸਾਲਾਂ ਤੋਂ ਪੜ੍ਹਦੇ ਤੇ ਮਾਣਦੇ ਆ ਰਹੇ ਹਨ। ਮਨੀਸ਼ੰਕਰ ਆਈਅਰ ਦਾ ਮੱਤ ਹੈ ਕਿ ਭਾਰਤ-ਪਾਕਿਸਤਾਨ ਸੰਬੰਧਾਂ ਦਾ ਸੁਧਰਨਾ ਵੱਖਵਾਦੀਆਂ ਲਈ ਵਧੀਆ ਸਬਕ ਹੈ, ਭਾਵੇਂ ਉਹ ਜੰਮੂ ਕਸ਼ਮੀਰ ਦੇ ਹੋਣ, ਲੇਹ ਲੱਦਾਖ ਦੇ ਜਾਂ ਦਰਾਵੜ। ਏਸ ਪ੍ਰਸੰਗ ਵਿਚ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਸਲਾਹਿਆ, ਜਿਸ ਨੇ ਕਾਰਗਿਲ ਯੁੱਧ ਦੇ ਕਰਤਾ-ਧਰਤਾ ਜਨਰਲ ਮੁਸ਼ੱਰਫ਼ ਨੂੰ ਆਗਰਾ ਵਾਰਤਾਲਾਪ 'ਚ ਸ਼ਾਮਿਲ ਹੋਣ ਦਾ ਉਚੇਚਾ ਸੱਦਾ ਦਿੱਤਾ ਸੀ। ਆਈਅਰ ਦੀ ਧਾਰਨਾ 'ਤੇ ਮੋਹਰ ਲਾਉਂਦਿਆਂ ਪ੍ਰਸਿੱਧ ਅਦਾਕਾਰ ਅਨੂਪ ਸੋਨੀ ਨੇ ਵੀ ਜੰਮੂ-ਕਸ਼ਮੀਰ 'ਚ ਦਿਲ ਦੀ ਦੂਰੀ ਮਿਟਾਉਣ ਦਾ ਵਾਸਤਾ ਪਾਇਆ।
ਏਸੇ ਤਰ੍ਹਾਂ ਪੱਤਰਕਾਰਾ ਹਰਿੰਦਰ ਬਵੇਜਾ ਨੇ ਇਸ ਪ੍ਰਸੰਗ ਨੂੰ ਸੱਭਿਆਚਾਰਕ ਚੌਖਟ ਵਿਚ ਫਿੱਟ ਕਰਕੇ ਦਿਲ ਕੀ ਦੂਰੀ ਮਿਟਾਉਣ ਦਾ ਸੰਦੇਸ਼ ਦਿੱਤਾ। ਉਸ ਦਾ ਕਹਿਣਾ ਸੀ ਕਿ ਪੰਜਾਬ, ਜੰਮੂ-ਕਸ਼ਮੀਰ ਤੇ ਲੇਹ ਲੱਦਾਖ ਜੱਫੀਆਂ ਦੀ ਉਡੀਕ ਵਿਚ ਹਨ ਅਤੇ ਦੂਰੀਆਂ ਤੋਂ ਪਾਸਾ ਵੱਟਣ ਲਈ ਤਰਸਦੇ ਹਨ। ਉਸ ਨੇ ਕਸ਼ਮੀਰੀਆਂ ਨੂੰ ਹਊਆ ਬਣਾ ਕੇ ਪੇਸ਼ ਕਰਨ ਦੀ ਧਾਰਨਾ ਨੂੰ ਫ਼ਜ਼ੂਲ ਤੇ ਬੇਅਰਥ ਦੱਸਿਆ। ਇਹ ਵੀ ਕਿ ਅਜਿਹੀਆਂ ਦੂਰੀਆਂ 'ਆਪ੍ਰੇਸ਼ਨ ਸੰਧੂਰ' ਵਰਗੀਆਂ ਚਾਲਾਂ ਨਾਲ ਮਿਟਣ ਵਾਲੀਆਂ ਨਹੀਂ। ਸਬੂਤ ਵਜੋਂ ਉਸ ਨੇ ਜੰਮੂ ਕਸ਼ਮੀਰ ਦੀ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਦੀ ਸੱਜਰੀ ਤਿਰੰਗਾ ਯਾਤਰਾ ਦਾ ਪ੍ਰਮਾਣ ਦਿੱਤਾ। ਇਹ ਪਹਿਲੀ ਵਾਰ ਹੈ ਕਿ ਇਸ ਤਿੰਨ ਦਿਨਾ ਉਤਸਵ 'ਚ ਖੁਸ਼ਵੰਤ ਸਿੰਘ ਗ਼ੈਰ-ਹਾਜ਼ਰ ਹੋ ਕੇ ਵੀ ਪੂਰੀ ਤਰ੍ਹਾਂ ਹਾਜ਼ਰ-ਨਾਜ਼ਰ ਲੱਗ ਰਹੇ ਸਨ, ਆਪਣੀ ਦੋ ਜਿਲਦਾਂ ਵਾਲੀ 'ਸਿੱਖ ਹਿਸਟਰੀ' ਅਤੇ ਨਾਵਲ 'ਟ੍ਰੇਨ ਟੂ ਪਾਕਿਸਤਾਨ' ਭਾਵ 'ਪਾਕਿਸਤਾਨ ਮੇਲ' ਦੇ ਰੂਪ ਵਿਚ। ਜ਼ਿੰਦਾਬਾਦ!

sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਦੇ ਖੇਤਰ 'ਚ ਬੱਚਿਆਂ 'ਤੇ ਆਪਣੀ ਮਰਜ਼ੀ ਨਾ ਥੋਪੋ ਅਗਲੀ ਖ਼ਬਰ ਦੀਵਾਲੀ ਤੇ ਹੋਰ ਤਿਉਹਾਰ ਮਨਾਉਣ ਲਈ ਨਵੇਂ ਢੰਗਾਂ ਦੀ ਤਲਾਸ਼ ਕਰੋ
Ad Position 24