31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਿੱਖਿਆ ਦੇ ਖੇਤਰ 'ਚ ਬੱਚਿਆਂ 'ਤੇ ਆਪਣੀ ਮਰਜ਼ੀ ਨਾ ਥੋਪੋ

Ad Position 21
No active advertisement
ਅਜੀਤ ਡੈਸਕ 19-10-2025

ਮਹਾਰਾਸ਼ਟਰ ਵਿਚ ਐਮ.ਬੀ.ਬੀ.ਐੱਸ. ਵਿਚ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆ 'ਨੀਟ' 'ਚੋਂ 99.99 ਫ਼ੀਸਦੀ ਅੰਕ ਲੈ ਕੇ ਪਹਿਲੇ ਸਥਾਨ 'ਤੇ ਆਉਣ ਵਾਲੇ ਇਕ ਵਿਦਿਆਰਥੀ ਅਨੁਰਾਗ ਅਨਿਲ ਵਲੋਂ ਕਾਲਜ ਵਿਚ ਦਾਖਲਾ ਲੈਣ ਤੋਂ ਪਹਿਲਾਂ ਹੀ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੈਣੀ, ਕੋਈ ਛੋਟੀ ਜਿਹੀ ਗੱਲ ਜਾਂ ਖ਼ਬਰ ਨਹੀਂ ਹੈ, ਸਗੋਂ ਇਹ ਮਾਪਿਆਂ ਤੇ ਪਰਿਵਾਰਾਂ ਲਈ ਇਕ ਚਿਤਾਵਨੀ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਦਿਆਂ ਉਨ੍ਹਾਂ ਦੀ ਪਸੰਦ ਦੀ ਪੜ੍ਹਾਈ/ਕਿੱਤਾ ਚੁਣਨ ਦਾ ਅਧਿਕਾਰ ਦੇਣਾ ਚਾਹੀਦਾ ਹੈ। ਹੁਣ ਮਾਪਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ 'ਤੇ ਆਪਣੇ ਵਿਚਾਰ ਜਾਂ ਮਰਜ਼ੀ ਨਹੀਂ ਥੋਪ ਸਕਦੇ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਜੋ ਚਾਹੁੰਦੇ ਹਾਂ ਸਾਡਾ ਬੱਚਾ ਵੀ ਉਹੀ ਬਣਨਾ ਜਾਂ ਕਰਨਾ ਚਾਹੁੰਦਾ ਹੋਵੇ।
ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਬੱਚਾ ਮੌਤ ਵੱਲ ਕਿਉਂ ਜਾਂਦਾ ਹੈ? ਕੀ ਉਸ ਨੂੰ ਵਿਸ਼ਵਾਸ ਨਹੀਂ ਹੈ ਕਿ ਉਸ ਦੇ ਮਾਪੇ ਉਸ ਦੀ ਗੱਲ ਸੁਣਨਗੇ ਤੇ ਸਮਝਣਗੇ? ਅੱਜ ਦੇ ਸਮੇਂ ਵਿਚ ਜੇਕਰ ਮਾਪੇ ਆਪਣੇ ਬੱਚਿਆਂ ਨੂੰ ਇਹ ਯਕੀਨ ਨਾ ਦਿਵਾ ਸਕਣ ਕਿ ਉਹ ਉਨ੍ਹਾਂ ਨਾਲ ਦੋਸਤਾਂ ਵਾਂਗ ਵਿਚਰਦਿਆਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਨ੍ਹਾਂ ਦੀ ਕਦਰ ਕਰਨਗੇ, ਤਾਂ ਫਿਰ ਉਹ ਮਾਪਿਆਂ ਵਜੋਂ ਫੇਲ੍ਹ ਹਨ। ਅੱਜ ਹਰ ਪਰਿਵਾਰ ਵਿਚ 1-2 ਹੀ ਬੱਚੇ ਹਨ, ਜੇਕਰ ਅਸੀਂ ਦੋ ਬੱਚਿਆਂ ਦਾ ਵੀ ਵਿਸ਼ਵਾਸ ਨਹੀਂ ਜਿੱਤ ਸਕਦੇ ਤਾਂ ਫਿਰ ਅਸੀਂ ਪੜ੍ਹੇ-ਲਿਖੇ ਹੋਣ ਦਾ ਦਾਅਵਾ ਕਿਵੇਂ ਕਰ ਸਕਦੇ ਹਾਂ? ਸਾਡੇ ਨਾਲੋਂ ਤਾਂ ਅਨਪੜ੍ਹ ਮਾਪੇ ਹੀ ਚੰਗੇ ਹਨ, ਜੋ ਆਪਣੇ ਬੱਚਿਆਂ ਨੂੰ ਮਨਮਰਜ਼ੀ ਦੀ ਪੜ੍ਹਾਈ ਕਰਨ ਦਿੰਦੇ ਹਨ। ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਸਭ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਵੱਡੇ ਤੋਂ ਵੱਡਾ ਪੈਕੇਜ ਲੈ ਕੇ ਕਰੋੜਾਂ ਵਿਚ ਕਮਾਈ ਕਰੇ। ਜਦੋਂ ਤੱਕ ਅਸੀਂ ਇਸ ਸੋਚ ਦੇ ਧਾਰਨੀ ਰਹਾਂਗੇ ਕਿ ਸਿਰਫ਼ ਪੈਸਾ ਹੀ ਖੁਸ਼ੀ ਦੇ ਸਕਦਾ ਹੈ, ਉਦੋਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਖੁਸ਼ ਨਹੀਂ ਦੇਖ ਸਕਦੇ। ਅੱਜ ਸਮਾਂ ਬਹੁਤ ਬਦਲ ਗਿਆ ਹੈ, ਹਰ ਖੇਤਰ ਵਿਚ ਬਹੁਤ ਸੰਭਾਵਨਾਵਾਂ ਹਨ। ਜੇਕਰ ਬੱਚਾ ਕਲਾ ਦੇ ਖੇਤਰ ਵਿਚ ਜਾਂਦਾ ਹੈ ਤਾਂ ਉੱਥੇ ਵੀ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ। ਪਤਾ ਨਹੀਂ ਲੋਕਾਂ ਦੀ ਡਾਕਟਰੀ ਪੇਸ਼ੇ ਪ੍ਰਤੀ ਇੰਨੀ ਖਿੱਚ ਕਿਉਂ ਬਣੀ ਹੋਈ ਹੈ, ਉਨ੍ਹਾਂ ਦਾ ਵੱਸ ਚਲੇ ਤਾਂ ਦੇਸ਼ ਦੇ ਸਾਰੇ ਬੱਚਿਆਂ ਨੂੰ ਡਾਕਟਰ ਹੀ ਬਣਾ ਦੇਣਗੇ। ਲੋਕਾਂ ਨੇ 'ਸਟੇਟਸ ਸਿੰਬਲ' ਹੀ 2-3 ਕਿੱਤਿਆਂ ਨਾਲ ਜੋੜ ਰੱਖਿਆ ਹੈ। ਹਰ ਬੱਚਾ ਚਾਹ ਕੇ ਵੀ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕਦਾ। ਹੋਰ ਬਹੁਤ ਸਾਰੇ ਖੇਤਰਾਂ ਵਿਚ ਵੀ ਤਾਂ ਕਿਸੇ ਨਾ ਕਿਸੇ ਨੂੰ ਕੰਮ ਕਰਨਾ ਹੀ ਪੈਣਾ ਹੈ। ਦਰਅਸਲ ਅੱਜ ਟਿਊਸ਼ਨ ਸੰਸਥਾਵਾਂ ਦਾ ਅਜਿਹਾ ਜਾਲ ਵਿਛਿਆ ਹੋਇਆ ਹੈ ਕਿ ਸਕੂਲਾਂ ਵਿਚ ਬੱਚਿਆਂ ਦੀ 11ਵੀਂ-12ਵੀਂ ਜਮਾਤ ਵਿਚ 'ਡੰਮੀ ਐਡਮਿਸ਼ਨ' ਕਰਵਾ ਕੇ ਬੱਚਿਆਂ ਨੂੰ ਕਿਸੇ ਨਾ ਕਿਸੇ ਇੰਸਟੀਚਿਊਟ ਵਿਚ ਪਾ ਦਿੱਤਾ ਜਾਂਦਾ ਹੈ। ਫਿਰ ਅਜਿਹੇ ਇੰਸਟੀਚਿਊਟ ਬੱਚਿਆਂ 'ਤੇ ਬੇਹਿਸਾਬਾ ਮਾਨਸਿਕ ਬੋਝ ਲੱਦ ਦਿੰਦੇ ਹਨ। ਜਦੋਂ ਖੇਡਣ ਖਾਣ ਤੇ ਖ਼ੁਸ਼ ਹੋਣ ਦੀ ਉਮਰ ਵਿਚ ਬੱਚੇ 'ਤੇ ਇੰਨਾ ਜ਼ਿਆਦਾ ਮਾਨਸਿਕ ਦਬਾਅ ਪਾਇਆ ਜਾਵੇਗਾ ਤਾਂ ਉਹ ਆਪਣੇ ਆਪ ਨਾਲ ਘੁਲਦਾ ਹੋਇਆ ਪ੍ਰੇਸ਼ਾਨੀ ਦੇ ਆਲਮ ਵਿਚ ਕੁਝ ਵੀ ਸਮਝ ਨਹੀਂ ਪਾਉਂਦਾ। ਉਹ ਨਿਰਾਸ਼ਤਾ ਵਿਚ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਕਰਦਾ, ਉਸ ਅੰਦਰ ਇੰਨੀ ਨਕਾਰਾਤਮਿਕਤਾ ਭਰ ਜਾਂਦੀ ਹੈ ਕਿ ਉਹ ਮੌਤ ਨੂੰ ਗਲ ਲਗਾਉਣ ਦੇ ਰਾਹ ਤੁਰ ਪੈਂਦਾ ਹੈ।
ਸਭ ਮਾਪਿਆਂ ਲਈ ਆਪਣੇ ਬੱਚੇ ਦੇ ਸੁਭਾਅ ਤੇ ਉਸ ਦੀ ਪਸੰਦ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਨੂੰ ਬੱਚੇ ਨੂੰ ਆਪਣੀ ਪਸੰਦ ਦੀ ਪੜ੍ਹਾਈ ਕਰਨ ਦੇਣ ਤੋਂ ਇਲਾਵਾ ਉਸ ਦੀ ਪਸੰਦ ਨੂੰ ਅਪਣਾ ਕੇ ਹਰ ਤਰ੍ਹਾਂ ਨਾਲ ਉਸ ਦੀ ਮਦਦ ਕਰਨੀ ਚਾਹੀਦੀ ਹੈ। ਆਪਣੇ ਬੱਚੇ ਨੂੰ ਸ਼ਤਰੰਜ ਦੀ ਗੋਟੀ ਸਮਝ ਕੇ ਨਾ ਖੇਡੋ, ਇਸ ਨਾਲ ਹਾਰ ਤੁਹਾਡੀ ਹੀ ਹੋਵੇਗੀ, ਕਿਉਂਕਿ ਬੱਚੇ ਦਾ ਮਾਸੂਮ ਮਨ ਬਹੁਤ ਜ਼ਿਆਦਾ ਬੋਝ ਨਹੀਂ ਸਹਾਰ ਸਕਦਾ। ਅਸੀਂ ਅਕਸਰ 11ਵੀਂ-12ਵੀਂ ਜਮਾਤ ਦੇ ਬੱਚਿਆਂ ਵਲੋਂ ਖ਼ੁਦਕੁਸ਼ੀ ਕਰਨ ਬਾਰੇ ਸੁਣਦੇ ਹਾਂ। ਦਰਅਸਲ ਇਨ੍ਹਾਂ ਬੱਚਿਆਂ 'ਤੇ ਬਹੁਤ ਜ਼ਿਆਦਾ ਮਾਨਸਿਕ ਦਬਾਅ ਹੁੰਦਾ ਹੈ, ਪਰ ਉਨ੍ਹਾਂ ਦੇ ਦਿਲ ਦੀ ਗੱਲ ਘਰ ਵਿਚ ਕੋਈ ਵੀ ਨਹੀਂ ਸੁਣਦਾ ਅਤੇ ਬਾਹਰ ਕਿਸੇ ਨਾਲ ਘੁਲਣ ਮਿਲਣ ਦਾ ਮੌਕਾ ਨਹੀਂ ਮਿਲਦਾ। ਅਜਿਹੇ ਵਿਚ ਬੱਚੇ ਮਾਨਸਿਕ ਘੁਟਣ ਦੇ ਦਬਾਅ ਹੇਠ ਗ਼ਲਤ ਫ਼ੈਸਲਾ ਲੈ ਲੈਂਦੇ ਹਨ। ਹੁਣ ਜਦੋਂ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ, ਦੋਸਤਾਂ ਤੇ ਰਿਸ਼ਤੇਦਾਰਾਂ ਦਾ ਦਾਇਰਾ ਘਟਦਾ ਜਾ ਰਿਹਾ ਹੈ। ਸਭ ਮਾਪੇ ਬੱਚਿਆਂ ਨੂੰ ਆਪਣੇ ਨਾਲ ਹੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਬੱਚੇ ਦੀ ਜ਼ਿੰਦਗੀ ਕੋਚਿੰਗ ਸੈਂਟਰ ਤੋਂ ਘਰ ਅਤੇ ਘਰ ਤੋਂ ਕੋਚਿੰਗ ਸੈਂਟਰ ਤੱਕ ਹੀ ਹੋਵੇ। ਇੱਥੇ ਹੀ ਮਾਪੇ ਸਭ ਤੋਂ ਵੱਡੀ ਭੁੱਲ ਕਰਦੇ ਹਨ, ਕਿਉਂਕਿ ਇਹੀ ਉਮਰ ਤਾਂ ਬੱਚਿਆਂ ਦੀ ਦੋਸਤੀ ਦੀ ਉਮਰ ਹੁੰਦੀ ਹੈ। ਬੱਚੇ ਹਮੇਸ਼ਾ ਆਪਣੇ ਹਮਉਮਰ ਸਾਥੀਆਂ ਨਾਲ ਹੀ ਖੁਸ਼ ਰਹਿੰਦੇ ਹਨ ਅਤੇ ਆਪਣੇ ਦੋਸਤਾਂ ਨਾਲ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਕਰਦੇ ਹਨ।
ਤੁਹਾਡਾ ਬੱਚਾ ਕੋਈ ਪੈਸੇ ਕਮਾਉਣ ਵਾਲੀ ਮਸ਼ੀਨ ਨਹੀਂ ਹੈ, ਹਰ ਬੱਚਾ ਕਰੋੜਾਂ ਦਾ ਪੈਕੇਜ ਨਹੀਂ ਲੈ ਸਕਦਾ। ਹਰ ਬੱਚਾ ਸੁੰਦਰ ਪਿਚਾਈ ਵੀ ਨਹੀਂ ਬਣ ਸਕਦਾ। ਕਿਸੇ ਬੱਚੇ ਨੇ ਵੱਡਾ ਹੋ ਕੇ ਸ਼ਾਇਰੀ ਕਰਨੀ ਹੈ ਅਤੇ ਕਿਸੇ ਨੇ ਪੇਂਟਿੰਗ ਵੀ ਬਣਾਉਣੀ ਹੈ, ਕਿਸੇ ਨੇ ਕਿਤਾਬਾਂ ਲਿਖਣੀਆਂ ਹਨ ਅਤੇ ਕਿਸੇ ਨੇ ਇਤਿਹਾਸ ਜਾਂ ਸਾਹਿਤ ਪੜ੍ਹਨਾ ਅਤੇ ਪੜ੍ਹਾਉਣਾ ਹੈ। ਮਾਪਿਆਂ ਨੂੰ ਬੱਚੇ ਦੇ ਅੰਦਰੂਨੀ ਗੁਣਾਂ ਨੂੰ ਸਮਝਣ ਤੇ ਤਰਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੇ ਸਮਾਜ ਨੂੰ ਇਸ ਗੱਲ ਨੂੰ ਸਮਝ ਲੈਣ ਦੀ ਬਹੁਤ ਲੋੜ ਹੈ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਹਰ ਬੰਦੇ ਦੀ ਮਾਨਸਿਕ ਖ਼ੁਸ਼ੀ ਵੀ ਵੱਖੋ-ਵੱਖ ਹੁੰਦੀ ਹੈ। ਦੁਨੀਆ ਸਿਰਫ਼ ਵੱਡੇ ਤੇ ਅਮੀਰ ਬੰਦਿਆਂ ਦੀ ਹੀ ਨਹੀਂ ਹੈ, ਇਸ ਵਿਚ ਬਹੁਗਿਣਤੀ ਆਮ ਲੋਕ ਵੀ ਰਹਿੰਦੇ ਹਨ। ਆਪਣੇ ਬੱਚਿਆਂ ਦੇ ਦੋਸਤ ਬਣੋ, ਉਨ੍ਹਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਬੱਚੇ ਦੀਆਂ ਇੱਛਾਵਾਂ ਦਾ ਸਨਮਾਨ ਕਰੋ। ਆਪਣੇ ਬੱਚੇ ਨੂੰ ਇਕ ਬੂਟੇ ਵਾਂਗ ਵਧਣ ਫੁੱਲਣ ਦਿਓ, ਹਰ ਵੇਲੇ ਕੈਂਚੀ ਲੈ ਕੇ ਉਸ ਦੀ ਕਟਿੰਗ ਕਰਕੇ ਸ਼ੇਪ ਬਣਾਉਣੀ ਜ਼ਰੂਰੀ ਨਹੀਂ ਕਿਉਂਕਿ ਕੁਦਰਤੀ ਤੌਰ 'ਤੇ ਵਧਦੀ-ਮੌਲਦੀ ਬਨਸਪਤੀ ਦਾ ਆਪਣਾ ਹੀ ਰੰਗ ਹੁੰਦਾ ਹੈ। ਆਪਣੇ ਬੱਚਿਆਂ ਨੂੰ ਫੁੱਲਾਂ ਵਾਂਗ ਖੁੱਲੇ ਵਾਤਾਵਰਨ ਵਿਚ ਮਹਿਕਣ ਦਿਓ!

-ਮੋਬਾ: 90410-73310

Ad Position 22
No active advertisement
ਪਿਛਲੀ ਖ਼ਬਰ ਸਮਾਜ ਵਿਚ ਕਮਜ਼ੋਰ ਨਹੀਂ ਹੋ ਰਹੀ ਜਾਤੀਵਾਦੀ ਵਿਵਸਥਾ ਅਗਲੀ ਖ਼ਬਰ ਖੁਸ਼ਵੰਤ ਸਿੰਘ ਸਾਹਿਤ ਉਤਸਵ 'ਚ ਸਾਕਾ ਨੀਲਾ ਤਾਰਾ ਅਤੇ ਭਾਰਤ-ਪਾਕਿ ਸੰਬੰਧ ਛਾਏ ਰਹੇ
Ad Position 24