31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਮਾਜ ਵਿਚ ਕਮਜ਼ੋਰ ਨਹੀਂ ਹੋ ਰਹੀ ਜਾਤੀਵਾਦੀ ਵਿਵਸਥਾ

Ad Position 21
No active advertisement
ਅਜੀਤ ਡੈਸਕ 19-10-2025

ਹਾਲ ਹੀ 'ਚ ਵਾਪਰੀਆਂ ਤਿੰਨ ਘਟਨਾਵਾਂ ਨੇ ਮੈਨੂੰ ਲਗਭਗ 25 ਸਾਲ ਪਹਿਲਾਂ ਸੁਣੀ ਇਕ ਗੁੜ-ਚਨੇ ਦੀ ਕਹਾਣੀ ਦੀ ਯਾਦ ਦਿਵਾ ਦਿੱਤੀ ਹੈ। ਮੈਂ ਇਕ ਹੁਸ਼ਿਆਰ ਤੇ ਸਪੱਸ਼ਟਵਾਦੀ ਦਲਿਤ ਵਿਦਿਆਰਥੀ ਨੂੰ ਜਾਣਦਾ ਹਾਂ, ਜੋ ਇਕ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਇਕ ਅਧਿਕਾਰੀ ਬਣਿਆ ਸੀ। ਜਦੋਂ ਮੈਂ ਉਸ ਨੂੰ ਦੁਬਾਰਾ ਮਿਲਿਆ ਤਾਂ ਉਸ ਦਾ ਵਿਆਹ ਇਕ ਅਮੀਰ ਪਰਿਵਾਰ 'ਚ ਹੋ ਚੁੱਕਾ ਸੀ ਅਤੇ ਉਸ ਦੀ ਪਤਨੀ 'ਐੱਸ.ਸੀ.' ਦਾ ਟੈਗ ਹਟਾ ਕੇ ਅਧਿਕਾਰੀਆਂ ਦੇ 'ਜਨਰਲ' ਸਮਾਜ ਵਿਚ ਰਲਣ ਲਈ ਉਤਸੁਕ ਸੀ, ਸ਼ਾਇਦ ਉਹ ਵੀ ਅਜਿਹਾ ਹੀ ਚਾਹੁੰਦਾ ਸੀ। ਇਸ ਤੋਂ ਪਹਿਲਾਂ ਕਿ ਮੈਂ ਉਸ ਦੇ ਇਸ ਪਾਣ-ਚੜ੍ਹੇ ਸੁਭਾਅ 'ਤੇ ਕੋਈ ਟਿੱਪਣੀ ਕਰਦਾ, ਉਸ ਨੇ ਝਿਜਕਦਿਆਂ ਕਿਹਾ 'ਅਡਜਸਟਮੈਂਟ ਕਰ ਲਿਆ ਹੈ, ਸਰ'। ਮੈਂ ਇਸ ਭਾਰਤੀ ਪ੍ਰਗਟਾਵੇ ਦੀ ਲਚਕਤਾ 'ਤੇ ਹੈਰਾਨ ਰਹਿ ਗਿਆ, ਜਿਸ ਵਿਚ ਹਾਲਾਤ ਦੀ ਅਨੁਕੂਲਤਾ ਤੋਂ ਲੈ ਕੇ ਆਤਮਸਾਤ ਕਰਨ ਤੇ ਸਮਰਪਣ ਤੱਕ ਸਭ ਕੁਝ ਸ਼ਾਮਿਲ ਸੀ। ਇਸ ਤੋਂ ਕੁਝ ਸਾਲਾਂ ਬਾਅਦ ਜਦੋਂ ਮੈਂ ਉਸ ਨੂੰ ਮਿਲਣ ਗਿਆ ਤਾਂ ਉਨ੍ਹਾਂ ਦੇ ਡਰਾਇੰਗ ਰੂਮ ਵਿਚ ਅੰਬੇਡਕਰ ਦੀ ਤਸਵੀਰ ਦੇਖ ਕੇ ਹੈਰਾਨ ਰਹਿ ਗਿਆ। ਉਸ ਨੇ ਮੇਰੀਆਂ ਅੱਖਾਂ ਵਿਚ ਸਵਾਲ ਦੇਖ ਕੇ ਮੇਰੇ ਪੁੱਛਣ ਤੋਂ ਪਹਿਲਾਂ ਹੀ ਇਕ ਕਹਾਣੀ ਸੁਣਾ ਦਿੱਤੀ, ਜਿਸ ਦਿਨ ਉਨ੍ਹਾਂ ਦੇ ਜੇਠੇ ਪੁੱਤਰ ਨੇ ਤੁਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਰਿਵਾਜ ਅਨੁਸਾਰ ਅਫ਼ਸਰਾਂ ਦੀ ਕਾਲੋਨੀ ਵਿਚ ਆਪਣੇ ਗੁਆਂਢੀਆਂ ਨਾਲ ਗੁੜ-ਚਨੇ ਵੰਡ ਕੇ ਆਪਣੀ ਖੁਸ਼ੀ ਸਾਂਝੀ ਕੀਤੀ। ਪਰ ਇਸ ਜੋੜੇ ਨੇ ਸ਼ਾਮ ਨੂੰ ਸੈਰ ਕਰਦੇ ਸਮੇਂ ਦੇਖਿਆ ਕਿ ਕਈ ਗੁਆਂਢੀਆਂ ਨੇ ਉਨ੍ਹਾਂ ਦੁਆਰਾ ਵੰਡੇ ਗੁੜ-ਚਨੇ ਨੂੰ ਆਪਣੇ ਘਰਾਂ ਦੇ ਬਾਹਰ ਕੂੜੇ ਦੇ ਢੇਰ ਵਿਚ ਸੁੱਟਿਆ ਹੋਇਆ ਸੀ। ਉਨ੍ਹਾਂ ਨੂੰ ਇਕ ਪਲ ਵਿਚ ਸਮਾਜ ਦੀ ਸੱਚਾਈ ਦਾ ਪਤਾ ਲੱਗ ਗਿਆ ਕਿ ਇਹ ਜਾਤ ਹੈ, ਜੋ ਕਿ ਜਾਂਦੀ ਨਹੀਂ। ਜੋ ਟੈਗ ਉਹ ਹਟਾਉਣਾ ਚਾਹੁੰਦੇ ਸਨ, ਉਸ ਨੇ ਉਨ੍ਹਾਂ ਦਾ ਪਿੱਛਾ ਨਾ ਛੱਡਿਆ ਤਾਂ ਉਨ੍ਹਾਂ ਨੇ ਵੀ ਉਸ ਨੂੰ ਅਪਣਾ ਲਿਆ।
ਮੈਂ ਤਿੰਨ ਸਧਾਰਨ ਨੁਕਤੇ ਸਮਝਾਉਣ ਲਈ ਇਹ ਕਹਾਣੀ ਕਈ ਵਾਰ ਸੁਣਾਈ ਹੈ। ਪਹਿਲੀ ਜਾਤ ਸਾਡਾ ਅਤੀਤ ਨਹੀਂ ਹੈ; ਇਹ ਸਾਡੇ ਵਰਤਮਾਨ ਦੀ ਹਕੀਕਤ ਹੈ ਅਤੇ ਇਸ ਦੇ ਸਾਡੇ ਭਵਿੱਖ ਦਾ ਹਿੱਸਾ ਬਣੇ ਰਹਿਣ ਦਾ ਵੀ ਖ਼ਦਸ਼ਾ ਹੈ। ਦੂਜਾ ਇਹ ਪਿਛੜਾਪਣ ਸਿਰਫ਼ ਪੇਂਡੂ ਜਾਂ ਰਵਾਇਤੀ ਇਲਾਕਿਆਂ ਤੱਕ ਸੀਮਿਤ ਨਹੀਂ ਹੈ; ਸਗੋਂ ਸਾਡੇ ਸਮਾਜ ਦੇ ਆਧੁਨਿਕ ਤਬਕਿਆਂ ਵਿਚ ਵੀ ਜਾਤ ਨਵੇਂ ਮਖੌਟੇ ਪਹਿਨਦੀ ਹੈ। ਜਾਤ-ਅਧਾਰਿਤ ਜ਼ੁਲਮ ਤੇ ਬੇਇਨਸਾਫ਼ੀ ਸਪੱਸ਼ਟ ਰੂਪ ਵਿਚ ਪ੍ਰਗਟ ਨਹੀਂ ਹੁੰਦੀ, ਸਗੋਂ ਪਰਤਾਂ ਵਿਚ ਲਪੇਟੀ ਹੁੰਦੀ ਹੈ। ਤੀਜਾ ਜਾਤ ਚਿੰਬੜਵਾਂ ਭੈੜ ਹੈ; ਜਿਸ ਦੇ ਪ੍ਰਭਾਵ ਖ਼ਤਮ ਕਰਨੇ ਸੌਖੇ ਨਹੀਂ ਅਤੇ ਜਾਤੀਗਤ ਅਸਮਾਨਤਾਵਾਂ ਦਾ ਮੁਕਾਬਲਾ ਕਰਨ ਲਈ ਸਿੱਖਿਆ ਤੇ ਨੌਕਰੀਆਂ ਜ਼ਰੂਰੀ ਹਨ, ਪਰ ਇਹ ਵੀ ਕਾਫ਼ੀ ਨਹੀਂ ਹਨ। ਪਿਛਲੇ ਹਫ਼ਤੇ ਤਿੰਨ ਘਟਨਾਵਾਂ ਵਾਪਰਨ ਤੋਂ ਬਾਅਦ ਇਹ ਤਿੰਨੋਂ ਸਬਕ ਮੈਨੂੰ ਮੁੜ ਯਾਦ ਆ ਗਏ- ਰਾਏਬਰੇਲੀ ਵਿਚ ਹਰੀਓਮ ਵਾਲਮੀਕਿ ਦੀ 'ਲਿੰਚਿੰਗ', ਚੰਡੀਗੜ੍ਹ ਵਿਚ ਆਈ.ਪੀ.ਐੱਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਅਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ. ਆਰ. ਗਵੱਈ ਦੀ ਅਦਾਲਤ ਵਿਚ ਉਨ੍ਹਾਂ 'ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕਰਨਾ।
ਇਹ ਤਿੰਨੋਂ ਘਟਨਾਵਾਂ ਵੱਖ-ਵੱਖ ਹੈਸੀਅਤ ਵਾਲੇ 3 ਵਿਅਕਤੀਆਂ ਦੇ ਵਿਰੁੱਧ ਸਨ, ਜਿਨ੍ਹਾਂ ਨੂੰ ਜੋੜਨ ਵਾਲਾ ਕੋਈ ਕਾਰਨ ਨਹੀਂ ਸਿਵਾਏ ਇਸ ਦੇ ਕਿ ਉਹ ਸਾਰੇ ਦਲਿਤ ਸਨ। ਮੀਡੀਆ ਰਿਪੋਰਟਾਂ ਅਨੁਸਾਰ ਹਰੀਓਮ ਨੂੰ ਕੁੱਟ-ਕੁੱਟ ਕੇ ਮਾਰਨ (ਲਿੰਚਿੰਗ) ਦੀ ਘਟਨਾ ਇਸ ਲਈ ਨਹੀਂ ਵਾਪਰੀ ਕਿ ਉਹ ਇਕ ਦਲਿਤ ਸੀ, ਸਗੋਂ ਇਸ ਲਈ ਵਾਪਰੀ ਕਿ ਉਹ ਭੀੜ ਨੂੰ ਸਹੀ ਜਵਾਬ ਨਹੀਂ ਦੇ ਸਕਿਆ, ਕਿਉਂਕਿ ਭੀੜ ਨੂੰ ਉਸ 'ਤੇ ਚੋਰ ਹੋਣ ਦਾ ਸ਼ੱਕ ਸੀ। ਮੰਨਿਆ ਜਾਂਦਾ ਹੈ ਕਿ ਜਸਟਿਸ ਗਵੱਈ 'ਤੇ ਹਮਲਾ ਕਰਨ ਦੀ ਕੋਸ਼ਿਸ਼ ਉਸ ਦੀ ਜਾਤ ਕਰਕੇ ਨਹੀਂ, ਸਗੋਂ ਹਿੰਦੂ ਧਰਮ ਪ੍ਰਤੀ ਉਨ੍ਹਾਂ ਦੀ ਕਥਿਤ ਅਪਮਾਨਜਨਕ ਟਿੱਪਣੀ ਕਰਕੇ ਹੋਈ ਹੈ, ਜਦਕਿ ਨੌਕਰਸ਼ਾਹੀ ਘੁਸਰ-ਮੁਸਰ ਦੇ ਅਨੁਸਾਰ ਪੂਰਨ ਕੁਮਾਰ ਆਪਣੇ ਖੁਦਕੁਸ਼ੀ ਨੋਟ ਵਿਚ ਜ਼ਿਕਰ ਕੀਤੇ ਜਾਤੀ-ਆਧਾਰਿਤ ਵਿਤਕਰੇ ਨਾਲੋਂ ਜ਼ਿਆਦਾ ਦਫ਼ਤਰ ਦੀ ਅੰਦਰੂਨੀ ਸ਼ਰੀਕੇਬਾਜ਼ੀ ਦਾ ਸ਼ਿਕਾਰ ਹੋਇਆ ਹੈ। ਹੁਣ ਸਾਨੂੰ ਇਸ ਭਰਮਪਾਊ ਪਰਤ ਨੂੰ ਇਕ ਉਲਟ ਸਵਾਲ ਪੁੱਛ ਕੇ ਦੂਰ ਕਰ ਦੇਣਾ ਚਾਹੀਦਾ ਹੈ: ਕੀ ਹੁੰਦਾ ਜੇਕਰ ਸਾਰੇ ਪੀੜਤ ਵਿਅਕਤੀ ਦਲਿਤ ਨਾ ਹੁੰਦੇ? ਕੀ ਤਾਂ ਵੀ ਉਨ੍ਹਾਂ ਦਾ ਇਹੀ ਹਾਲ ਹੁੰਦਾ? ਕੀ ਹੁੰਦਾ ਜੇਕਰ ਭੀੜ ਵਿਚ ਘਿਰਿਆ ਹੋਇਆ ਹਰੀਓਮ ਜਿਸ 'ਤੇ ਚੋਰ ਹੋਣ ਦਾ ਸ਼ੱਕ ਸੀ, ਉਹ ਕਹਿ ਦਿੰਦਾ ਕਿ ਉਹ ਠਾਕੁਰ ਹੈ? ਹੋ ਸਕਦਾ ਹੈ ਕਿ ਉਹ ਫਿਰ ਵੀ ਅਪਮਾਨ ਤੇ ਕੁੱਟਮਾਰ ਤੋਂ ਨਾ ਬਚ ਸਕਦਾ, ਪਰ ਕੀ ਉਸ ਨੂੰ ਫਿਰ ਵੀ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਅਤੇ ਕੋਈ ਵੀ ਉਸ ਦੇ ਬਚਾਅ ਲਈ ਨਾ ਆਉਂਦਾ? ਕੀ ਉਸ ਦੀ ਲਾਸ਼ ਨੂੰ ਇਸੇ ਤਰ੍ਹਾਂ ਸੜਨ ਲਈ ਛੱਡ ਦਿੱਤਾ ਜਾਂਦਾ? ਕੀ ਪੁਲਿਸ ਤੇ ਪ੍ਰਸ਼ਾਸਨ ਕਾਰਵਾਈ ਕਰਨ ਵਿਚ ਇੰਨੀ ਹੀ ਦੇਰੀ ਕਰਦੇ? ਹਰੀਓਮ ਦਾ ਇਹ ਹਾਲ ਇਕ ਅਪਰਾਧੀ ਹੋਣ ਦੇ ਸ਼ੱਕ ਜਾਂ ਉਸ ਦੇ ਮਾਨਸਿਕ ਹਾਲਤ ਕਰਕੇ ਨਹੀਂ, ਸਗੋਂ ਉਸ ਦੇ ਇਕ ਵਾਲਮੀਕਿ ਹੋਣ ਕਰਕੇ ਹੋਇਆ ਹੈ।
ਜੋ ਕੁਝ ਚੀਫ਼ ਜਸਟਿਸ ਗਵੱਈ ਦੀ ਅਦਾਲਤ ਵਿਚ ਹੋਇਆ ਹੁਣ ਉਸ ਮਾਮਲੇ ਨੂੰ ਲੈ ਲਓ, ਤੁਸੀਂ ਜੱਜ ਦੇ ਸਮਾਜਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਕਿਸੇ ਪਾਗਲ ਵਿਅਕਤੀ ਦੁਆਰਾ ਕਿਸੇ ਵੀ ਅਦਾਲਤ ਵਿਚ ਅਜਿਹਾ ਕੁਝ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ। ਪਰ ਕੀ ਇਕ 'ਸੰਤੁਲਿਤ' ਵਕੀਲ ਦੇਸ਼ ਦੇ ਮੁੱਖ ਜੱਜ ਦੀ ਅਦਾਲਤ ਵਿਚ ਅਜਿਹਾ ਕਰਦਾ, ਜੇਕਰ ਉਸ ਦੀਆਂ ਨਜ਼ਰਾਂ ਵਿਚ ਜਾਤ ਬਾਰੇ ਅਜਿਹਾ ਕੁਝ ਨਾ ਹੁੰਦਾ, ਤਾਂ ਕੀ ਉਨ੍ਹਾਂ ਦੇ ਅਹੁਦੇ ਦੇ ਰੁਤਬੇ ਨੂੰ ਘਟਾਉਂਦਾ? ਕੀ ਉਸ ਲਈ 'ਸਨਾਤਨ' ਦਾ ਅਪਮਾਨ ਸਿਰਫ਼ ਧਾਰਮਿਕ ਪਰੰਪਰਾ ਤੱਕ ਹੀ ਸੀਮਤ ਸੀ? ਕੀ ਉਸ ਦੇ ਕਹਿਣ ਅਨੁਸਾਰ ਜਾਤੀਗਤ ਹਿੰਦੂ ਸਰਬਉੱਚਤਾ ਹੀ ਸਭ ਕੁਝ ਸੀ? ਦੂਜੇ ਸ਼ਬਦਾਂ ਵਿਚ ਕੀ ਉਹ ਸਿਰਫ਼ ਕਹੀ ਗਈ ਉਸ ਗੱਲ 'ਤੇ ਹੀ ਨਹੀਂ, ਸਗੋਂ ਇਹ ਕਹਿਣ ਵਾਲੇ 'ਤੇ ਵੀ ਪ੍ਰਤੀਕਿਰਿਆ ਦੇ ਰਿਹਾ ਸੀ? ਐਨ ਸੁਕੁਮਾਰ ਇਸ ਨੂੰ 'ਨਫ਼ਰਤ ਦੇ ਜਾਤੀਵਾਦੀ ਪ੍ਰਗਟਾਵੇ' ਵਜੋਂ ਦਰਸਾਉਂਦਾ ਹੈ, ਜੋ ਸਾਡੇ ਸਮਿਆਂ ਵਿਚ ਆਮ ਹੋ ਚੁੱਕਾ ਹੈ। ਕੀ ਹੁੰਦਾ ਜੇਕਰ ਇਸੇ ਤਰ੍ਹਾਂ ਦੀ ਘਟਨਾ ਪਹਿਲਾਂ ਵਾਲੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਦਾਲਤ ਵਿਚ ਵਾਪਰੀ ਹੁੰਦੀ ਅਤੇ ਅਪਰਾਧੀ ਕੋਈ ਮੁਸਲਮਾਨ ਹੁੰਦਾ? ਕੀ ਤਾਂ ਵੀ ਪੂਰਾ ਦੇਸ਼ ਇਸੇ ਤਰ੍ਹਾਂ ਸ਼ਾਂਤੀ ਨਾਲ ਪ੍ਰਤੀਕਿਰਿਆ ਦਿੰਦਾ, ਜਿਵੇਂ ਹੁਣ ਇਸ ਮਾਮਲੇ ਵਿਚ ਹੋਇਆ ਹੈ? ਕੀ ਗ੍ਰਹਿ ਮੰਤਰਾਲਾ ਅਤੇ ਰਾਸ਼ਟਰੀ ਸੁਰੱਖਿਆ ਸੰਸਥਾਨ ਵੀ ਇਸੇ ਤਰ੍ਹਾਂ ਜਵਾਬ ਦਿੰਦੇ, ਜਿਸ ਤਰ੍ਹਾਂ ਉਨ੍ਹਾਂ ਹੁਣ ਕੀਤਾ ਹੈ? ਕੀ ਟੀ.ਵੀ. ਚੈਨਲ ਇਸ ਨੂੰ ਕਈ ਦਿਨਾਂ ਤੱਕ ਨਾ ਦਿਖਾਉਂਦੇ? ਕੀ ਅਸੀਂ ਅਪਰਾਧੀ ਨੂੰ ਕਈ ਹਲਕੇ ਪੱਧਰ ਦੇ ਇੰਟਰਵਿਊਆਂ ਦੇ ਨਾਲ ਬਚਾਅ ਕਰਦਾ ਹੋਇਆ ਦੇਖਦੇ? ਕੀ ਅਸੀਂ ਅਪਰਾਧੀ ਦਾ ਸਮਰਥਨ ਅਤੇ ਉਸਤਤ ਕਰਨ ਲਈ ਸੋਸ਼ਲ-ਮੀਡੀਆ ਮੁਹਿੰਮਾਂ ਦੀ ਕਲਪਨਾ ਕਰਦੇ, ਜਿਵੇਂ ਕਿ ਇਸ ਮਾਮਲੇ ਵਿਚ ਹੋਇਆ ਹੈ? ਜਸਟਿਸ ਗਵੱਈ ਸੰਵਿਧਾਨਕ ਵਿਵਸਥਾ 'ਚ ਸਭ ਤੋਂ ਉੱਚੇ ਨਿਆਂਇਕ ਅਹੁਦੇ 'ਤੇ ਬਿਰਾਜਮਾਨ ਹੋ ਸਕਦੇ ਹਨ, ਪਰ ਇਸ ਨਾਲ ਵੀ ਉਨ੍ਹਾਂ ਦੀ ਸਮਾਜਿਕ ਸਥਿਤੀ ਵਿਚ ਕੋਈ ਫਰਕ ਨਹੀਂ ਪਵੇਗਾ। ਅੰਤ ਵਿਚ ਕੀ ਹੁੰਦਾ ਜੇਕਰ ਪੂਰਨ ਕੁਮਾਰ ਦਲਿਤ ਨਾ ਹੁੰਦਾ? ਅਫ਼ਸਰਾਂ ਵਿਚ ਸ਼ਰੀਕੇਬਾਜ਼ੀ ਅਤੇ ਅਸੁਵਿਧਾਜਨਕ ਆਵਾਜ਼ਾਂ ਦਾ ਅੱਤਿਆਚਾਰ ਬਾਬੂਆਂ ਦੀ ਦੁਨੀਆ ਵਿਚ ਕੋਈ ਨਵੀਂ ਗੱਲ ਨਹੀਂ ਹੈ। ਪਰ ਕੁਮਾਰ ਦਾ ਅੰਤਿਮ ਨੋਟ ਇਕ ਤੋਂ ਬਾਅਦ ਇਕ ਸੀਨੀਅਰਾਂ ਦੁਆਰਾ ਉਸ ਨੂੰ ਲਗਾਤਾਰ ਹਾਸ਼ੀਏ 'ਤੇ ਧੱਕਣ ਦੀ ਕਹਾਣੀ ਬਿਆਨ ਕਰਦਾ ਹੈ। ਜੇਕਰ ਉਹ ਆਪਣੇ ਹੀ ਭਾਈਚਾਰੇ ਦੇ ਅਫ਼ਸਰਾਂ ਦੇ ਸੋਸ਼ਲ ਨੈੱਟਵਰਕ ਨਾਲ ਘਿਰਿਆ ਹੁੰਦਾ ਤਾਂ ਕੀ ਉਸ ਨੂੰ ਇਸ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ? ਉਸ ਨੇ ਖੁਦ ਆਪਣੇ ਨਾਲ ਹੋਏ ਅੱਤਿਆਚਾਰ ਦਾ ਮੂਲ ਕਾਰਨ ਜਾਤੀ ਵਿਤਕਰੇ ਨੂੰ ਦੱਸਿਆ ਹੈ। ਹਾਲਾਂਕਿ ਇਸ ਘਟਨਾ 'ਤੇ ਵਿਆਪਕ ਚਿੰਤਾ ਪ੍ਰਗਟਾਉਂਦਿਆਂ ਆਈ.ਏ.ਐੱਸ. ਐਸੋਸੀਏਸ਼ਨ ਨੇ ਸਮਰਥਨ ਪੱਤਰ ਅਤੇ ਆਈ.ਪੀ.ਐੱਸ ਭਾਈਚਾਰੇ ਦਾ ਰਸਮੀ ਪੱਤਰ ਭੇਜਿਆ ਹੈ, ਪਰ ਇਨ੍ਹਾਂ ਵਿਚ ਘਟਨਾ ਦੇ ਜਾਤੀਗਤ ਪਹਿਲੂ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ ਅਤੇ ਨਾ ਹੀ ਇਸ 'ਤੇ ਕੋਈ ਚਰਚਾ ਹੋਈ ਹੈ। ਜਿਵੇਂ ਕਿ ਸੁਮੀਤ ਮਹਾਸਕਰ ਅਤੇ ਪ੍ਰਬੋਧਨ ਪੋਲ ਨੇ ਅਖਬਾਰ ਵਿਚ ਦੱਸਿਆ ਹੈ ਕਿ ਇਹ ਘਟਨਾ ਇਕ ਵਾਰ ਫਿਰ ਸਾਬਤ ਕਰਦੀ ਹੈ ਕਿ 'ਜਾਤੀ ਰਹਿਤ ਨੌਕਰਸ਼ਾਹ ਸਿਰਫ਼ ਇਕ ਮਿੱਥ ਹੈ'।
ਜੋ ਗੁੜ-ਚਨਾ ਵਾਲੀ ਕਹਾਣੀ ਦੱਸੀ ਹੈ, ਉਸ ਦੇ ਨਤੀਜੇ ਵਜੋਂ ਬਾਬਾ ਸਾਹਿਬ ਦੀ ਤਸਵੀਰ ਸਥਾਪਤ ਹੋਈ ਹੈ। ਕੀ ਇਹ ਤਿੰਨੋਂ ਕਹਾਣੀਆਂ ਬਾਬਾ ਸਾਹਿਬ ਦੇ ਜਾਤੀ ਦੇ ਖ਼ਾਤਮੇ ਦੇ ਸੰਕਲਪ ਨੂੰ ਦੁਬਾਰਾ ਸਥਾਪਿਤ ਕਰਨਗੀਆਂ?

-ਰਾਸ਼ਟਰੀ ਕਨਵੀਨਰ 'ਭਾਰਤ ਜੋੜੋ' ਅਭਿਆਨ
ਵੱਟਸਐਪ ਨੰਬਰ :09868888986

Ad Position 22
No active advertisement
ਪਿਛਲੀ ਖ਼ਬਰ ਭੁਲੱਕੜਨਾਮਾ ਅਗਲੀ ਖ਼ਬਰ ਸਿੱਖਿਆ ਦੇ ਖੇਤਰ 'ਚ ਬੱਚਿਆਂ 'ਤੇ ਆਪਣੀ ਮਰਜ਼ੀ ਨਾ ਥੋਪੋ
Ad Position 24