ਹਰੰਚਦ ਗਿੱਲ ਮਿਆਣੀ ਨਾਲ ਮੇਰੀ ਕਲਮੀ ਸਾਂਝ 1961-62 'ਚ ਪਈ, ਜਦੋਂ ਉਹ ਨਵਦੀਪ ਪੰਜਾਬੀ ਸਾਹਿਤ ਸਭਾ ਕੁਹਾੜਾ ਦੀਆਂ ਮੀਟਿੰਗਾਂ ਵਿਚ ਆਇਆ ਕਰਦਾ ਸੀ । ਉਦੋਂ ਸਤਲੁਜ ਉਤੇ ਮੱਤੇਵਾੜਾ ਅਤੇ ਰਾਹੋਂ ਦਾ ਪੁਲ ਨਹੀਂ ਸੀ ਬਣਿਆ। ਉਨ੍ਹਾਂ ਦੇ ਨਾਲ ਬੇੜੀ ਪਾਰ ਕਰਕੇ ਸ਼ਾਇਰ ਸਰਦਾਰਾ ਸਿੰਘ ਬਹਿਲ ਵੀ ਆਇਆ ਕਰਦਾ ਸੀ। ਅਨੁਵਾਦ ਕਰਨ ਦੀ ਰੀਝ ਵੀ ਉਸ ਨੇ ਕ੍ਰਿਸ਼ਨ ਚੰਦਰ ਦੇ ਨਾਵਲ 'ਗਧੇ ਦੀ ਆਤਮ ਕਥਾ' ਅਤੇ ਏ ਹਮੀਦ ਦੇ ਨਾਵਲ 'ਬਦਨਾਮ ਚਿਹਰੇ' ਦਾ ਅਨੁਵਾਦ ਕਰਕੇ ਪੂਰੀ ਕੀਤੀ। ਮਾਤ ਭਾਸ਼ਾ ਪੰਜਾਬੀ ਵਿਚ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ਤ੍ਰਿਹਾਈ ਝੀਲ ਅਤੇ ਪਹਿਲਾ ਨਾਵਲ 'ਮਸੀਹਾ' ਪ੍ਰਕਾਸ਼ਤ ਹੋਇਆ। ਸਾਡੀ ਕੁਹਾੜਾ ਸਾਹਿਤ ਸਭਾ ਕਿਸੇ ਕਾਰਨ ਬੰਦ ਹੋ ਗਈ। ਫਿਰ ਸਾਡੀਆਂ ਮੁਲਾਕਾਤਾਂ ਪਿੰਡ ਦੇ ਦਰਵਾਜ਼ੇ ਅੰਦਰਲੇ ਸਾਡੇ ਘਰ ਚੁਬਾਰੇ ਵਿਚ ਹੁੰਦੀਆਂ। ਇਨ੍ਹਾਂ ਮੁਲਕਾਤਾਂ ਨਾਲ ਸਾਡੀ ਨੇੜਤਾ ਹੋਰ ਗਈ। ਉਹ ਮੈਨੂੰ 'ਮਾਟ੍ਹਰ ਯਾਰ' ਕਹਿਕੇ ਬੁਲਾਉਂਦਾ ਸੀ। ਹਰਚੰਦ ਗਿੱਲ ਨੇ ਆਪਣੀ ਮਿਆਣੀ ਵਾਲੀ ਜ਼ਮੀਨ ਵੇੇਚ ਕੇ ਸਤਲੁਜ ਪਾਰ ਰਾਹੋਂ ਵਿਖੇ ਜ਼ਮੀਨ ਲੈ ਲਈ। ਉਥੇ ਹੀ ਉਹ ਆਪਣਾ ਘਰ ਬਣਾ ਕੇ ਰਹਿਣ ਲੱਗ ਪਿਆ। ਉਥੇ ਹੀ ਉਸਦੀ ਮੌਤ ਹੋ ਗਈ। ਮੇਰੇ ਹਾਲਾਤ ਵੀ ਕੁਝ ਅਜਿਹੇ ਸਨ ਕਿ ਮੇਰੇ ਕੋਲੋਂ ਉਸਦਾ ਅਫਸੋਸ ਕਰਨ ਵੀ ਨਾ ਜਾ ਹੋਇਆ।
ਲੇਖਕ ਮੰਚ ਸਮਰਾਲਾ ਦੇ ਸ੍ਰਪਰਸਤ ਪ੍ਰਿੰਸੀਪਲ ਡਾਕਟਰ ਪਰਮਿੰਦਰ ਸਿੰਘ ਬੈਨੀਪਾਲ ਨੇ ਵਿਛੜ ਚੁਕੇ ਸਾਹਿਤਕਾਰ ਵੀਰਾਂ ਬਾਰੇ ਇਕ ਪੁਸਤਕ ਸੰਪਾਦਤ ਕਰਨੀ ਚਾਹੀ। ਉਨ੍ਹਾਂ ਨੇ ਕਈ ਲੇਖਕਾਂ ਨੂੰ ਇਸ ਸੰਬੰਧੀ ਰਚਨਾਵਾਂ ਭੇਜਣ ਲਈ ਕਿਹਾ। ਮੇਰੇ ਮਨ ਵਿਚ ਆਇਆ ਕਿ ਕਿਉਂ ਨਾ ਮੈਂ ਆਪਣੇ ਪੁਰਾਣੇ ਮਿੱਤਰ ਹਚਚੰਦ ਗਿੱਲ ਮਿਆਣੀ ਬਾਰੇ ਕੁਝ ਲਿਖ ਕੇ ਡਾਕਟਰ ਬੈਨੀਪਾਲ ਨੂੰ ਭੇਜ ਦੇਵਾਂ।
ਹਰਚੰਦ ਗਿੱਲ ਦੇ ਪੁਰਾਣੇ ਮਿੱਤਰ ਮਿਆਣੀ ਦੇ ਸਰਪੰਚ ਰਾਜਿੰਦਰ ਸਿੰਘ ਤੋਂ ਮੈਂ ਹਰਚੰਦ ਗਿੱਲ ਮਿਆਣੀ ਦੀ ਪਤਨੀ ਸੁਰਿੰਦਰ ਕੌਰ ਦਾ ਫੋਨ ਲੈ ਕੇ ਉਨ੍ਹਾਂ ਨਾਲ ਕਿਤਾਬਾਂ ਬਾਰੇ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਸੀ 'ਵੀਰ ਜੀ ਮੈਂ ਤਾਂ ਘਰ ਹੀ ਹੁੰਦੀ ਹਾਂ, ਕਿਤਾਬਾਂ ਨੂੰ ਤਾਂ ਉਹ ਪੁੱਤਾਂ ਧੀਆ ਵਾਂਗ ਪਿਆਰ ਕਰਦੇ ਸਨ। ਦੋ ਅਲਮਾਰੀਆ ਕਿਤਾਬਾਂ ਨਾਲ ਭਰੀਆਂ ਪਈਆਂ ਹਨ। ਜਿਹੜੀਆਂ ਮਰਜ਼ੀ ਲੈ ਜਾਇਓ।'। ਉਨ੍ਹਾਂ ਤੋਂ ਮੈਂ ਉਨ੍ਹਾਂ ਦੇ ਘਰ ਪਹੁੰਚਣ ਦਾ ਰਾਹ ਵੀ ਪੁਛ ਲਿਆ, ਮੈਂ ਬਿਨਾਂ ਕਿਸੇ ਦੇਰੀ ਦੇ ਡਰਾਈਵਰ ਨੂੰ ਲੈ ਕੇ ਗੱਡੀ 'ਤੇ ਸਵਾਰ ਹੋ ਕੇ ਰਾਹੋਂ ਵੱਲ ਨੂੰ ਚੱਲ ਪਿਆ। ਰਸਤੇ ਵਿਚ ਮੈਨੂੰ ਹਰਚੰਦ ਗਿੱਲ ਨਾਲ ਬਿਤਾਏ ਪਲ ਵੀ ਯਾਦ ਆਉਣ ਲੱਗੇ।
ਕਦੇ ਪਹਿਲਾਂ ਅਸੀਂ ਸਾਡੇ ਪਿੰਡ ਵਿਚਲੇ ਘਰ ਵਿਚ ਮਿਲਦੇ ਹੁੁੰਦੇ ਸੀ। ਫਿਰ ਸਾਡੇ ਦੋਹਾਂ ਦੀਆਂ ਮੁਲਾਕਾਤਾਂ ਚੌਕ ਨੇੜਲੀ ਸਾਡੀ ਐਨਕਾਂ ਦੀ ਦੁਕਾਨ ਦੇ ਪਿੱਛੇ ਬੈਠਣ ਲਈ ਬਣੀ ਥਾਂ ਵਿਚ ਹੋਣ ਲੱਗ ਪਈਆਂ। ਇਕ ਦਿਨ ਉਥੇ ਬੈਠ ਕੇ ਅਸੀਂ ਚਾਹ ਪੀਂਦਿਆਂ-ਪੀਂਦਿਆਂ ਬਹੁਤ ਗੱਲਾਂ ਕੀਤੀਆਂ। ਸਾਨੂੰ ਪਤਾ ਹੀ ਨਾ ਲੱਗਿਆ ਜਦੋਂ ਬਾਹਰ ਥੋੜ੍ਹਾ-ਥੋੜ੍ਹਾ ਹਨੇਰਾ ਉੱਤਰ ਆਇਆ। ਉਹ ਦੁਕਾਨ ਦੇ ਬਾਹਰਲੇ ਦਰਵਾਜ਼ੇ ਵਿਚ ਖੜ੍ਹਾ ਆਪਣੀ ਗੁੱਟ ਘੜੀ ਦੇਖ ਕੇ ਕਹਿਣ ਲੱਗਿਆ 'ਮਾਟ੍ਹਰ ਯਾਰ ਸੂਰਜ ਤਾਂ ਡੁੱਬਣ, ਡੁੱਬਣ ਕਰਦਾ ਹੁਣ ਚਲਾਂ ਪਿੰਡ ਨੂੰ'। ਦੁਕਾਨ ਦੇ ਬਾਹਰਲੇ ਦਰਵਾਜ਼ੇ ਤੇ ਖੜ੍ਹ ਕੇ ਕਦੇ ਉਹ ਉੱਪਰ ਨੂੰ, ਕਦੇ ਖੱਬੇ, ਕਦੇ ਸੱਜੇ ਵੱਲ ਨੂੰ ਦੇਖੀ ਜਾਵੇ। ਮੈਂ ਕਿਹਾ 'ਹਨੇਰਾ ਹੋ ਗਿਆ, ਜੇ ਜਾਣ ਨੂੰ ਜੀਅ ਨਹੀਂ ਕਰਦਾ ਤਾਂ ਇਥੇ ਹੀ ਰਹਿ ਪੈ'। 'ਤੇਰਾ ਯਾਰ ਕਿਤੇ ਹਨੇਰਿਆਂ ਤੋਂ ਡਰਨ ਵਾਲਾ', ਉਸ ਨੇ ਬੜ੍ਹਕ ਮਾਰਕੇ ਕਿਹਾ। 'ਫਿਰ ਸੋਚਾਂ ਵਿਚ ਕਿਉਂ ਡੁੱਬਿਆ ਖੜ੍ਹਾਂ?' 'ਮਾਟ੍ਹਰ ਯਾਰ ਅੱਜ ਤਾਂ ਰੱਜ ਕੇ ਜਲੇਬੀਆਂ ਖਾਣ ਨੂੰ ਜੀ ਕਰਦਾ' 'ਅੱਛਾ ! ਤੈਨੂੰ ਹੋਰ ਨਾ ਕੁਸ਼ ਖੁਆ ਦਿਆ'। 'ਜਦ ਤੂੰ ਜਲੇਬੀਆਂ ਨਹੀਂ ਖੁਆ ਸਕਦਾ ਹੋਰ ਕੀ ਖੁਆ ਦੇਵੇਂਗਾ' ਉਹ ਮੇਰੇ ਮੋਢਿਆਂ ਨੂੰ ਹਿਲੂਣ ਕੇ ਕਹਿੰਦਾ, 'ਮਾਟ੍ਹਰ ਯਾਰ ਮੈਨੂੰ ਪਤਾ ਤੂੰ ਮੈਨੂੰ ਸ਼ੂਗਰ ਹੋਣ ਕਰਕੇ ਰੋਕਦਾਂ, ਖੁਆ ਦੇ ਯਾਰ ਰਾਤ ਨੂੰ ਇਕ ਗੋਲੀ ਹੋਰ ਲੈ ਲਵਾਂਗੇ'', ਉਸ ਨੇ ਕਿਹਾ। ਮੈਨੂੰ ਲੱਗਿਆ ਜਿਵੇਂ ਉਸ ਦੀ ਗੱਲ ਵਿਚ ਕੋਈ ਤਰਲਾ ਹੋਵੇ। ਉਸ ਦਾ ਤਰਲਾ ਯਾਦ ਕਰਕੇ ਮੇਰੇ ਅੰਦਰੋਂ ਇਕ ਹਉਕਾ ਸਹਿਜੇ ਹੀ ਨਿਕਲ ਗਿਆ।
ਸੋਚਾਂ ਵਿਚ ਡੁੱਬੇ ਅਸੀਂ ਰਾਹੋਂ ਪੁੱਜ ਕੇ ਉਸ ਚੌਕ ਵਿਚੋਂ ਗੱਡੀ ਮੋੜਨਾ ਭੁਲ ਗਏ ਜਿਥੋਂ ਅਸੀਂ ਹਰਚੰਦ ਗਿੱਲ ਦੇ ਘਰ ਨੂੰ ਮੁੜਨਾ ਸੀ। ਮੈਂ ਡਰਾਈਵਰ ਨੂੰ ਕਿਹਾ 'ਗੱਡੀ ਪਿੱਛੇ ਵੱਲ ਨੂੰ ਮੋੜ ਲੈ'। ਡਰਾਈਵਰ ਨੇ ਮੇਰੇ ਕਹੇ ਤੇ ਗੱਡੀ ਪਿੱਛੇ ਮੋੜ ਲਈ ਅਤੇ ਪਿਛਲੇ ਵਾਲੇ ਚੌਕ ਵਿਚ ਪਹੁੰਚ ਕੇ ਗੱਡੀ ਖੱਬੇ ਮੋੜਨ ਹੀ ਲੱਗਿਆ ਸੀ, ਮੈਂ ਡਰਾਈਵਰ ਨੂੰ ਕਿਹਾ 'ਰੁਕ-ਰੁਕ ਆਪਾਂ ਤਾਂ ਕੇਲੇ ਲੈਣੇ ਭੁਲ ਗਏ ਸੀ। ਇਥੋਂ ਨਾਲੇ ਕੇਲੇ ਲੈਂਦੇ ਹਾਂ ਨਾਲੇ ਰੇਹੜੀ ਵਾਲੇ ਤੋਂ ਹਸਪਤਾਲ ਪੁੱਛ ਲੈਂਦੇ ਹਾਂ, ਜਿਸ ਦੇ ਕੋਲ ਉਨ੍ਹਾਂ ਦਾ ਘਰ ਹੈ, ਕੇਲੇ ਲਿਫਾਫੇ ਵਿਚ ਪਾਉਂਦੇ ਹੋਏ ਰੇਹੜੀ ਵਾਲੇ ਨੇ ਦੱਸਿਆ ''ਥੋੜ੍ਹਾ ਅੱਗੇ ਜਾ ਕੇ ਸੱਜੇ ਹੱਥ ਹਸਪਤਾਲ ਆਊਗਾ।'
ਹਸਪਤਾਲ ਦੇ ਕੋਲ ਜਾ ਕੇ ਅਸੀਂ ਬਿਲਕੁਲ ਧੀਮੀ, ਧੀਮੀ ਚਾਲ ਜਾ ਰਹੇ ਸੀ ਤਾਂ ਕਿ ਤੇਜ-ਤੇਜ ਜਾਂਦਿਆਂ ਘਰ ਦੇਖਣ ਤੋਂ ਨਾ ਰਹਿ ਜਾਈਏ। ਹਸਪਤਾਲ ਦੇ ਨਾਲ ਤਾਂ ਸਾਨੂੰ ਕੋਈ ਘਰ ਨਜ਼ਰ ਨਾ ਆਇਆ । ਬਸ ਖਾਲੀ ਪਲਾਟ ਪਏ ਸਨ, ਮੈਨੂੰ ਲੱੱਗਿਆ ਜਿਵੇਂ ਅਜੇ ਕੋਈ ਕਲੋਨੀ ਨਵੀਂ, ਨਵੀਂ ਆਬਾਦ ਹੋ ਰਹੀ ਹੋਵੇ। ਮੈਂ ਡਰਾਈਵਰ ਨੂੰ ਕਿਹਾ, 'ਅੱਗੇ ਚੱਲਦੇ ਹਾਂ ਔਹ ਸਾਹਮਣੇ ਇਕ ਘਰ ਅੱਗੇ ਖੜ੍ਹੇ ਬੰਦੇ ਨੂੰ ਜਾ ਕੇ ਪੁੱਛਦੇ ਹਾਂ'। ਜਦੋਂ ਉਸ ਬੰਦੇ ਨੂੰ ਜਾ ਕੇ ਪੁੱਛਿਆ, 'ਅਸੀਂ ਹਰਚੰਦ ਸਿੰਘ ਗਿੱਲ ਦੇ ਘਰ ਜਾਣਾ, ਉਨ੍ਹਾਂ ਦਾ ਇਕ ਮੁੰਡਾ ਬਾਹਰ ਵੀ ਰਹਿੰਦਾ' ਉਹ ਬੰਦਾ ਬੋਲਿਆ, 'ਔਹ ਸਾਹਮਣੇ ਘਰਾਂ ਵਿਚੋਂ ਉਹ ਦੂਜਾ ਘਰ ਹੈ। ਅਸੀਂ ਘਰ ਅੱਗੇ ਜਾ ਕੇ ਗੱਡੀ ਰੋਕੀ ਤਾਂ ਦਰਵਾਜ਼ਾ ਖੁਲ੍ਹਾ ਹੀ ਸੀ। ਉਸਦੇ ਵਿਹੜੇ ਵਿਚ ਇਕ ਮੁੰਡਾ ਖੜ੍ਹਾ ਸੀ। ਮੈਂ ਗੱਡੀ ਵਿਚੋਂ ਉਤਰ ਕੇ ਮੁੰਡੇ ਨੂੰ ਪੁੱਛਿਆ, 'ਬੀਬੀ ਜੀ ਘਰ ਹੀ ਨੇ'। 'ਹਾਂ ਜੀ'' ਕਹਿਕੇ ਉਸਨੇ ਸਾਨੂੰ ਆਪਣੇ ਘਰ ਦੇ ਡਰਾਇੰਗ ਰੂਮ ਵਿਚ ਬਿਠਾ ਦਿੱਤਾ। ਉਸ ਦੀ ਬੀਬੀ ਪਾਣੀ ਲੈ ਆਈ। ਨਾ ਉਸਨੇ ਸਾਨੂੰ ਪੁੱਛਿਆ ਕਿ ਤੁਸੀਂ ਕਿਥੋਂ ਆਏ ਹੋ? ਨਾ ਹੀ ਅਸੀਂ ਕੁੱਝ ਦੱਸਿਆ। ਮੈਨੂੰ ਪਲ ਦੀ ਪਲ ਪੰਜਾਬ ਦੇ ਪੁਰਾਤਨ ਅਮੀਰ ਵਿਰਸੇ ਦੀ ਇਕ ਝਲਕ ਨਜ਼ਰ ਆਉਣ ਲੱਗੀ ਜਿਸ ਅਨੁਸਾਰ ਕਿਸੇ ਮਹਿਮਾਨ ਦੇ ਘਰ ਆਉਣ ਨਾਲ ਘਰ ਵਾਲੇ ਆਪਣੀ ਖੁਸ਼ੀ ਨਾ ਸਾਂਭ ਸਕਦੇ। ਕਾਹਲੀ, ਕਾਹਲੀ ਵਿਚ ਗਿਲਾਸ ਚੁੱਕਣ ਆਈ ਬੀਬੀ ਨੇ ਸਾਨੂੰ ਪੁੱਛਿਆ, 'ਬਾਈ ਜੀ ਚਾਹ ਮਿੱਠੀ ਪੀਣੀ ਹੈ ਕਿ ਫਿੱਕੀ'। ਅਸੀਂ ਕਿਹਾ 'ਮਿੱਠੀ ਹੀ ਪੀ ਲਵਾਂਗੇ' ਉਹ ਸਾਡੀ ਗਲ ਸੁਣਕੇ ਫਿਰ ਰਸੋਈ ਵਿਚ ਨੂੰ ਚਲੀ ਗਈ। ਮੈਂ ਆਪਣੇ ਡਰਾਈਵਰ ਨੂੰ ਕਿਹਾ, 'ਬਲਬੀਰ ਸਿੰਹਾਂ ਮੈਨੂੰ ਲਗਦਾ ਆਪਾਂ ਗ਼ਲਤ ਘਰ ਵਿਚ ਆ ਗਏ ਹਾਂ। ਦੀਵਾਰ ਉਤੇ ਤਾਂ ਫੋਟੋ ਹਰਚੰਦ ਸਿੰਘ ਦੀ ਹੋਣੀ ਚਾਹੀਦੀ ਹੈ। ਇਹ ਫੋਟੋ ਵੀ ਹੋਰ ਕਿਸੇ ਦੀ ਹੈ। ਹੇਠਾਂ ਨਾਂ ਵੀ ਹਰਚਰਨ ਸਿੰਘ ਲਿਖਿਆ ਹੋਇਆ'। 'ਗੱਲ ਤਾਂ ਥੋਡੀ ਠੀਕ ਹੈ', ਉਸ ਨੇ ਕਿਹਾ। ਮੈਂ ਕੁਝ ਚਿਰ ਸੋਚਣ ਤੋਂ ਪਿਛੋਂ ਉਨ੍ਹਾਂ ਦੀ ਰਸੋਈ ਕੋਲ ਨੂੰ ਹੋ ਕੇ ਕਿਹਾ, 'ਬੀਬੀ ਇਕ ਗੱਲ ਸੁਣਿਓਂ। ਸਾਨੂੰ ਲੱਗਦਾ ਅਸੀਂ ਗ਼ਲਤ ਘਰ ਆ ਗਏ ਹਾਂ। ਅਸੀਂ ਤਾਂ ਹਰਚੰਦ ਸਿੰਘ ਦੇ ਘਰ ਜਾਣਾ ਸੀ। ਦੱਸਣ ਵਾਲੇ ਨੇ ਸਾਨੂੰ ਹਰਚੰਦ ਸਿੰਘ ਦਾ ਘਰ ਦੱਸਣ ਦੀ ਬਜਾਏ ਹਰਚਰਨ ਸਿੰਘ ਦਾ ਘਰ ਦੱਸ ਦਿੱਤਾ। ਬੀਬੀ ਤੁਸੀਂ ਚਾਹ ਨਾ ਬਣਾਇਓ। ਜੇ ਤੁਸੀਂ ਸਮਝਾ ਸਕਦੇ ਹੋ ਤਾਂ ਸਾਨੂੰ ਹਰਚੰਦ ਸਿੰਘ ਦਾ ਘਰ ਸਮਝਾ ਦਿਓ। ਉਨ੍ਹਾਂ ਦਾ ਦੋਹਤਾ ਸਿਮਰਨ ਸਿੰਘ ਇੰਗਲੈਂਡ ਵਿਚ ਹੈ', ਉਹ ਬੀਬੀ ਮੇਰੀ ਗੱਲ ਸੁਣ ਕੇ ਕੁਝ ਚਿਰ ਪਿਛੋਂ ਬੋਲੀ, 'ਬਾਈ ਜੀ ਘਰ ਤਾਂ ਮੈ ਦੱਸ ਦਉਂ ਪਰ ਹੁਣ ਚਾਹ ਪੀਤੇ ਬਿਨ੍ਹਾਂ ਮੈਂ ਨਹੀ ਜਾਣ ਦੇਣਾ।'
ਅਸੀਂ ਚਾਹ ਪੀਤੀ ਤਾਂ ਉਹ ਬੀਬੀ ਕਹਿੰਦੀ, 'ਤੁਸੀਂ ਫਿਕਰ ਨਾ ਕਰੋ, ਮੈਂ ਸਮਝ ਗਈ, ਮੈਂ ਥੋਨੂੰ ਉਨ੍ਹਾਂ ਦੇ ਘਰ ਛੱਡ ਕੇ ਆਊਂ'। ਉੁਹ ਆਪਣੇ ਮੁੰਡੇ ਨੂੰ ਘਰ ਰਹਿਣ ਦੀ ਹਦਾਇਤ ਕਰਕੇ ਸਾਨੂੰ ਹਰਚੰਦ ਸਿੰਘ ਦੇ ਘਰ ਛੱਡਣ ਲਈ ਸਾਡੇ ਨਾਲ ਗੱਡੀ ਵਿਚ ਬੈਠ ਗਈ। ਪਰ ਜਦੇ ਹੀ ਗੱਡੀ ਵਿਚੋਂ ਉਤਰ ਕੇ ਘਰ ਦੇ ਅੰਦਰ ਗਈ ਅਤੇ ਕਾਹਲੀ ਨਾਲ ਮੁੜ ਕੇ ਗੱਡੀ ਵਿਚ ਬੈਠ ਗਈ। ਮੈਂ ਰਾਹ ਵਿਚ ਸੋਚ ਰਿਹਾ ਸੀ, 'ਇਹ ਬੀਬੀ ਕਿੱਡੀ ਜਿਗਰੇ ਵਾਲੀ ਹੈ, ਜੋ ਅਣਜਾਣ ਬੰਦਿਆਂ ਨਾਲ ਗੱਡੀ ਵਿਚ ਬੈਠ ਗਈ'। ਜਿਸ ਹਸਪਤਾਲ ਕੋਲ ਅਸੀਂ ਘਰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਘਰ ਉਸਦੇ ਬਿਲਕੁਲ ਨਾਲ ਨਹੀਂ ਸੀ ਬਲਕਿ ਉਸ ਹਸਪਤਾਲ ਦੀ ਬਗਲ ਕੋਲੋਂ ਜਾਂਦੀ ਗਲੀ ਦੇ ਅਖੀਰ ਵਿਚ ਹਸਪਤਾਲ ਦੇ ਪਿੱਛੇ ਨੂੰ ਸੀ।
ਉਹ ਬੀਬੀ ਹਰਚੰਦ ਗਿੱੱਲ ਦੇ ਘਰ ਵੜ੍ਹਦਿਆਂ ਹੀ ਕਹਿੰਦੀ, 'ਭੈਣ ਜੀ ਤੁਹਾਡੇ ਮਹਿਮਾਨ ਭੁੱਲ ਕੇ ਸਾਡੇ ਘਰ ਚਲੇ ਗਏ ਸਨ। ਮੈਂ ਸੋਚਿਆ ਕਿਤੇ ਫਿਰ ਨਾ ਭੁਲ ਜਾਣ ਤਾਂ ਆਪ ਛੱਡਣ ਆਈ ਹਾਂ', ਕਹਿੰਦਿਆਂ ਉਸਨੇ ਆਪਣੇ ਹੱਥ ਵਿਚ ਫੜਿਆ ਲਿਫਾਫਾ ਮੇਜ਼ ਉਤੇ ਰੱਖਦਿਆਂ ਕਿਹਾ। ਹਰਚੰਦ ਗਿੱਲ ਦੀ ਪਤਨੀ ਬੋਲੀ 'ਭੈਣੇ ਇਹ ਕੀ?' ਤਾਂ ਉਹ ਬੀਬੀ ਬੋਲੀ 'ਇਹ ਕੇਲਿਆਂ ਵਾਲਾ ਲਿਫਾਫਾ ਬਾਈ ਜੀ ਸਾਡੇ ਘਰ ਭੁਲ ਆਏ ਸੀ', ਮੈਂ ਕਿਹਾ 'ਬੀਬੀ ਭੁਲ ਕੇ ਨਹੀਂ ਮੈਂ ਛੱਡ ਕੇ ਆਇਆ ਸੀ'। ਉਹ ਬੀਬੀ ਸਾਨੂੰ ਛੱਡ ਕੇ ਮੁੜਨ ਲੱਗੀ ਤਾਂ ਮੈਂ ਅਜੇ ਡਰਾਈਵਰ ਬਲਬੀਰ ਸਿੰਘ ਨੂੰ ਕਿਹਾ ਹੀ ਰਿਹਾ ਸੀ 'ਜਾ ਬੀਬੀ ਨੂੰ ਇਨ੍ਹਾਂ ਦੇ ਘਰ ਛੱੱਡ ਕੇ ਆ', ਉਸੇ ਵੇਲੇ ਹਰਚੰਦ ਗਿੱਲ ਦੀ ਪਤਨੀ ਸੁਰਿੰਦਰ ਕੌਰ ਨੇ ਅੱਧੇ ਕੇਲੇ ਉਸ ਬੀਬੀ ਨੂੰ ਫੜਾੳਂਦੇ ਹੋਏ ਕਿਹਾ, 'ਪਹਿਲਾਂ ਤਾਂ ਇਹ ਥੋਡੇ ਘਰ ਹੀ ਆਏ ਸਨ।'
ਹਰਚੰਦ ਗਿੱਲ ਦੇ ਡਰਾਇੰਗ ਰੂਮ ਵਿਚ ਵੜਦਿਆਂ ਹੀ ਦੀਵਾਰ ਤੇ ਲੱਗੀਆਂ ਵੱਡ ਅਕਾਰੀ ਹਰਚੰਦ ਗਿੱਲ ਦੀਆਂ ਤਸਵੀਰਾਂ ਦੇਖ ਕੇ ਮੈਂ ਭਾਵੁਕ ਹੋ ਗਿਆ । ਪਾਣੀ ਪੀਂਦੇ-ਪੀਂਦੇ ਨੇ ਆਪਣੇ ਅੱਥਰੂ ਮਸਾਂ ਹੀ ਰੋਕੇ। ਮੈਂ ਉਨ੍ਹਾਂ ਦੀ ਪਤਨੀ ਨਾਲ ਹਰਚੰਦ ਗਿੱਲ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਹਰਚੰਦ ਗਿੱਲ ਦੀ ਪਤਨੀ ਨੇ ਦੱਸਿਆ 'ਉਨ੍ਹਾਂ ਦੀ ਮੌਤ ਪਿਛੋਂ ਇੰਗਲੈਂਡ ਰਹਿੰਦੇ ਸਾਡੇ ਦੋਹਤੇ ਸਿਮਰਨ ਨੇ ਉਨ੍ਹਾਂ ਦੀਆ ਦੋ ਪੁਸਤਕਾਂ ਨਾਵਲ 'ਉਜੜਿਆ ਘਰ' ਅਤੇ ਸਵੈ- ਜੀਵਨੀ 'ਯਾਦਾਂ ਦੇ ਚਿਰਾਗ਼' ਛਪਵਾਈਆਂ ਹਨ' ਮੈਂ ਉਨ੍ਹਾਂ ਦੀਆਂ ਅਲਮਾਰੀਆਂ ਵਿਚੋਂ ਉਨ੍ਹਾਂ ਦੀਆਂ ਪੁਸਤਕਾਂ 'ਯਾਦਾਂ ਦੇ ਚਿਰਾਗ਼' (ਜੀਵਨੀ) 'ਉਜੜਿਆ ਘਰ', ਨਾਵਲ 'ਖੂੰਡਾ', 'ਮਾਰੂਥਲ ਦਾ ਫੁੱਲ' ਲੈ ਲਈਆਂ'। ਤੁਰਨ ਲੱਗਿਆਂ ਨੂੰ ਬੀਬੀ ਸੁਰਿੰਦਰ ਕੌਰ ਕਹਿਣ ਲੱਗੀ 'ਜਿਹੜੀ ਕਿਤਾਬ ਵਿਚ ਗਿੱਲ ਸਾਹਿਬ ਬਾਰੇ ਤੁਹਾਡਾ ਲਿਖਿਆ ਕੁਝ ਵੀ ਛਪਿਆ, ਉਹ ਕਿਤਾਬ ਸਾਨੂੰ ਜ਼ਰੂਰ ਦਿਓ'। 'ਜ਼ਰੂਰ ਦਿਆਂਗੇ', ਕਹਿ ਕੇ ਉਨ੍ਹਾਂ ਦੇ ਘਰੋਂ ਨਿਕਲ ਕੇੇ ਕਾਰ ਵਿਚ ਬੈਠਣ ਪਿਛੋਂ ਮੈਂ ਹਰਚੰਦ ਗਿੱਲ ਮਿਆਣੀ ਦੀ ਸਵੈ- ਜੀਵਨੀ 'ਯਾਦਾਂ ਦੇ ਚਿਰਾਗ਼' ਪੁਸਤਕ ਨੂੰ ਫਰੋਲਣ ਲੱਗਿਆ ਜਿਸਦੇ ਅੰਤ ਵਿਚ ਦਰਜ ਇਕ ਸ਼ੇਅਰ :-
ਸੁਬ੍ਹਾ ਹੋਤੀ ਹੈ ਸ਼ਾਮ ਹੋਤੀ ਹੈ ।
ਜ਼ਿੰਦਗੀ ਯੂੰਹ ਹੀ ਤਮਾਮ ਹੋਤੀ ਹੈ।
ਪਿੰਡ ਪਹੁੰਚਣ ਤਕ ਮੇਰੇ ਦਿਮਾਗ ਵਿਚ ਘੁੰਮੀਂ ਗਿਆ। ਘਰ ਪੁੱਜ ਕੇ ਮੈਂ ਖੁਦ 'ਤੇ ਹੈਰਾਨ ਹੋ ਰਿਹਾ ਸੀ ਕਿ ਜ਼ਿੰਦਗੀ ਵਿਚ ਮੈਂ ਬਹੁਤ ਕੁਝ ਭੁੱਲਦਾ ਰਿਹਾ ਅਤੇ ਭੁਲਦਾ ਵੀ ਹਾਂ। ਪਰ ਆਪਣੇ ਸਾਹਿਤਕ ਮਿੱਤਰਾਂ ਨਾਲ ਕੀਤੀਆਂ ਗੱਲਾਂ ਅਤੇ ਬਿਤਾਏ ਪਲ ਮੈਂਨੂੰ ਕਦੇ ਨਹੀਂ ਭੁੱਲਦੇ। ਸੋਚਦਿਆਂ, ਸੋਚਦਿਆਂ ਮੈਂ ਇਹ ਮਹਿਸੂਸ ਕੀਤਾ ਕਿ ਸ਼ਾਇਦ ਇਨ੍ਹਾਂ ਨੇ ਹੀ ਮੈਨੂੰ ਜਿਊਂਦੇ ਰੱਖਿਆ ਹੋਇਆ ਹੈ।
- ਮੋਬਾਈਲ : 94633-53760