ਚੋਣ ਕਮਿਸ਼ਨ ਨੇ ਦੇਸ਼ ਭਰ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਮੁੜ ਪੜਤਾਲ (ਐੱਸ.ਆਈ.ਆਰ.) ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲੇ ਪੜਾਅ ਵਿਚ 10 ਤੋਂ 15 ਸੂਬਿਆਂ 'ਚ ਐੱਸ.ਆਈ.ਆਰ ਕਰਵਾਇਆ ਜਾਵੇਗਾ, ਜਿਨ੍ਹਾਂ 'ਚ 5 ਸੂਬੇ- ਪੱਛਮੀ ਬੰਗਾਲ, ਅਸਾਮ, ਕੇਰਲ, ਤਾਮਿਲਨਾਡੂ ਤੇ ਪੁਡੂਚੇਰੀ ਵੀ ਸ਼ਾਮਿਲ ਹਨ, ਜਿੱਥੇ ਅਗਲੇ ਸਾਲ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਨੇ ਤੈਅ ਕੀਤਾ ਹੈ ਕਿ ਬਿਹਾਰ ਦੀ ਤਰ੍ਹਾਂ ਹਰ ਸੂਬੇ 'ਚ ਵੱਧ ਤੋਂ ਵੱਧ 3 ਮਹੀਨਿਆਂ ਵਿਚ ਐੱਸ.ਆਈ.ਆਰ. ਦਾ ਕੰਮ ਪੂਰਾ ਕਰ ਲਿਆ ਜਾਵੇਗਾ, ਪਰ ਸਾਰੇ ਸੂਬਿਆਂ 'ਚ ਬਿਹਾਰ ਵਰਗੇ ਹਾਲਾਤ ਨਹੀਂ ਹਨ। ਬਿਹਾਰ ਵਿਚ ਐਨ.ਡੀ.ਏ. ਦੀ ਸਰਕਾਰ ਹੈ, ਜਿਸ ਕਰਕੇ ਸੂਬੇ ਦੇ ਪ੍ਰਸ਼ਾਸਨ ਤੇ ਸਥਾਨਕ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਨਿਰਧਾਰਤ ਮਿਆਦ ਵਿਚ ਐੱਸ.ਆਈ.ਆਰ. ਦਾ ਕੰਮ ਪੂਰਾ ਹੋ ਗਿਆ ਸੀ, ਪਰ ਵਿਰੋਧੀ ਧਿਰਾਂ ਦੀ ਸੱਤਾ ਵਾਲੇ ਸੂਬਿਆਂ 'ਚ ਅਜਿਹਾ ਹੋ ਸਕੇਗਾ? ਅਗਲੇ ਸਾਲ ਜਿਨ੍ਹਾਂ ਸੂਬਿਆਂ ਵਿਚ ਚੋਣਾਂ ਹੋਣੀਆਂ ਹਨ, ਉਨ੍ਹਾਂ 'ਚ 3 ਸੂਬਿਆਂ ਵਿਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹਨ। ਹਾਲਾਂਕਿ ਇਨ੍ਹਾਂ ਸੂਬਾ ਸਰਕਾਰਾਂ ਨੇ ਐੱਸ.ਆਈ.ਆਰ. ਲਈ ਤਿਆਰੀ ਕਰ ਲਈ ਹੈ ਅਤੇ ਆਪਣੇ ਬੂਥ ਪੱਧਰ ਦੇ ਏਜੰਟਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਹਨ। ਪਰ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਚੋਣ ਕਮਿਸ਼ਨ ਨੂੰ ਸਥਾਨਕ ਪ੍ਰਸ਼ਾਸਨ ਤੋਂ ਬਹੁਤਾ ਸਹਿਯੋਗ ਨਹੀਂ ਮਿਲੇਗਾ। ਬਿਹਾਰ ਵਿਚ ਗੜਬੜੀ ਦੀ ਜਿੰਨੀਆਂ ਖਬਰਾਂ ਆਈਆਂ, ਉਸ ਤੋਂ ਜ਼ਿਆਦਾਂ ਪੱਛਮੀ ਬੰਗਾਲ, ਤਾਮਿਲਨਾਡੂ ਤੇ ਕੇਰਲ ਤੋਂ ਆਉਣਗੀਆਂ। ਕੁੱਲ ਮਿਲਾ ਕੇ ਚੋਣ ਕਮਿਸ਼ਨ ਦੀ ਸਾਖ 'ਤੇ ਉੱਠਦੇ ਸਵਾਲਾਂ ਦੀ ਵਜ੍ਹਾ ਕਰਕੇ ਵਿਰੋਧੀ ਧਿਰ ਦੀਆਂ ਸਰਕਾਰਾਂ ਵਾਲੇ ਸੂਬਿਆਂ 'ਚ ਐੱਸ.ਆਈ.ਆਰ. ਦਾ ਕੰਮ ਆਸਾਨ ਨਹੀਂ ਹੋਵੇਗਾ।
ਕਰਨਾਟਕ 'ਚ ਵੋਟ ਚੋਰੀ ਦੇ ਨਵੇਂ ਮਾਮਲੇ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋ ਵਾਰ ਪ੍ਰੈੱਸ ਕਾਨਫਰੰਸ ਕਰਕੇ ਕਰਨਾਟਕ ਦੀਆਂ 2 ਸੀਟਾਂ 'ਤੇ ਵੋਟਰ ਸੂਚੀ 'ਚ ਗੜਬੜੀ ਕਰਕੇ 'ਵੋਟ ਚੋਰੀ' ਦੇ ਦੋਸ਼ ਲਗਾਏ ਸਨ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਲੋਕ ਸਭਾ ਚੋਣ ਦੇ ਦੌਰਾਨ ਬੈਂਗਲੁਰੂ ਦੇ ਇਕ ਲੋਕ ਸਭਾ ਹਲਕੇ 'ਚ ਪੈਂਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ 'ਚ ਗੜਬੜੀ ਹੋਣ ਦਾ ਦਾਅਵਾ ਕੀਤਾ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅਲੰਦ ਵਿਧਾਨ ਸਭਾ ਹਲਕੇ 'ਚ ਵੀ ਗੜਬੜੀ ਹੋਣ ਦੇ ਦੋਸ਼ ਲਗਾਏ ਸੀ। ਇਸ ਦੇ ਬਾਅਦ ਕਰਨਾਟਕ ਸਰਕਾਰ ਨੇ ਇਕ ਵਿਸ਼ੇਸ਼ ਜਾਂਚ (ਐੱਸ.ਆਈ.ਟੀ.) ਬਣਾ ਕੇ ਜਾਂਚ ਸ਼ੁਰੂ ਕਰਾਈ, ਇਸ ਐੱਸ.ਆਈ.ਟੀ. ਦੀ ਜਾਂਚ ਤੋਂ ਪਤਾ ਲੱਗਾ ਕਿ 6 ਹਜ਼ਾਰ ਤੋਂ ਵੱਧ ਵੋਟ ਕੱਟਣ ਦੀ ਜੋ ਅਰਜ਼ੀ ਚੋਣ ਕਮਿਸ਼ਨ ਦੀ ਵੈਬਸਾਈਟ 'ਤੇ ਪਾਈ ਗਈ ਸੀ, ਉਸ ਦੇ ਲਈ ਪ੍ਰਤੀ ਵਿਅਕਤੀ 80 ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਹਾਲਾਂਕਿ ਅਜੇ ਵੀ ਐੱਸ.ਆਈ.ਟੀ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਹੈ, ਪਰ ਇਸ ਦਰਮਿਆਨ ਇਕ ਹੋਰ ਖ਼ਬਰ ਆਈ ਹੈ ਕਿ ਮਹਾਦੇਪੁਰਾ ਤੇ ਅਲੰਦ ਤੋਂ ਇਲਾਵਾ ਘੱਟੋ- ਘੱਟ ਦੋ ਹੋਰ ਵਿਧਾਨ ਸਭਾ ਸੀਟਾਂ ਵਿਚ ਵੋਟਰ ਸੂਚੀ ਤੋਂ ਨਾਂਅ ਕੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਾਂਚ ਟੀਮ ਨੂੰ ਪਤਾ ਲੱਗਾ ਹੈ ਕਿ 2023 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਡੇਟਾ ਸੈਂਟਰ ਤੋਂ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਦੋ ਵਿਧਾਨ ਸਭਾ ਸੀਟਾਂ 'ਚ ਵੋਟਰਾਂ ਦੇ ਨਾਂਅ ਕੱਟਣ ਲਈ ਅਰਜ਼ੀ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਪਾਈ ਗਈ ਸੀ। ਇਹ ਦੋਵੇਂ ਸੀਟਾਂ ਕਲਬੁਰਗੀ ਜ਼ਿਲ੍ਹੇ ਵਿਚ ਹਨ। ਇਸ ਦੀ ਜਾਂਚ ਕਰਨ ਵਾਲੇ ਇਕ ਅਧਿਕਾਰੀ ਅਨੁਸਾਰ ਕਲਬੁਰਗੀ ਸ਼ਹਿਰ ਦੀ ਇਕ ਸੀਟ 'ਤੇ ਕਰੀਬ 35 ਹਜ਼ਾਰ ਵੋਟ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋਈ ਸੀ, ਜਿਨ੍ਹਾਂ 'ਚੋਂ ਜ਼ਿਆਦਾਤਰ ਵੋਟਰ ਘੱਟ-ਗਿਣਤੀ ਭਾਈਚਾਰੇ ਨਾਲ ਬਹੁਤ ਸੰਬੰਧਿਤ ਸਨ।
ਫੜਨਵੀਸ ਨੇ ਕਿਉਂ ਕਿਹਾ ਕਿ ਦਿੱਲੀ ਦੂਰ ਹੈ?
ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਨੇ ਇਕ ਪ੍ਰੋਗਰਾਮ ਵਿਚ ਅਚਾਨਕ ਇਹ ਗੱਲ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਦਿੱਲੀ ਅਜੇ ਦੂਰ ਹੈ। ਹੁਣ ਅਹਿਮ ਸਵਾਲ ਇਹ ਹੈ ਕੀ ਫੜਨਵੀਸ ਨੇ ਇਹ ਗੱਲ ਆਪਣੇ ਲਈ ਕਹੀ ਹੈ ਜਾਂ ਇਹ ਸੰਦੇਸ਼ ਦਿੱਤਾ ਹੈ ਕਿ ਉਹ ਅਜੇ ਦਿੱਲੀ ਬਾਰੇ ਨਹੀਂ ਸੋਚ ਰਹੇ ਅਤੇ ਜੇਕਰ ਸੋਚਿਆ ਵੀ ਹੈ ਤਾਂ ਉਨ੍ਹਾਂ ਆਪਣੇ ਕਦਮ ਪਿੱਛੇ ਖਿੱਚ ਲਏੇ ਹਨ? ਜ਼ਿਕਰਯੋਗ ਹੈ ਕਿ ਸੰਘ ਦੇ ਸਭ ਤੋਂ ਚਹੇਤੇ ਫੜਨਵੀਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ। ਅਮਿਤ ਸ਼ਾਹ ਦੇ ਨਾਲ ਯੋਗੀ ਆਦਿੱਤਿਆਨਾਥ ਤੇ ਫੜਨਵੀਸ ਦੀ ਵੀ ਚਰਚਾ ਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਫੜਨਵੀਸ ਨੇ ਆਪਣੀ ਦਾਵੇਦਾਰੀ ਵਾਪਸ ਲੈ ਲਈ ਹੈ, ਹਾਲਾਂਕਿ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਫੜਨਵੀਸ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ। ਉਨ੍ਹਾਂ 'ਦਿਲੀ ਦੂਰ ਹੈ' ਕਹਿ ਕੇ ਇਹ ਦੱਸਿਆ ਹੈ ਕਿ ਉਹ ਵੀ ਦਿੱਲੀ ਦੇ ਲਈ ਤਿਆਰੀ ਕਰ ਰਹੇ ਹਨ, ਪਰ ਅਜੇ ਦਿੱਲੀ ਦੂਰ ਹੈ। ਉਨ੍ਹਾਂ ਸੂਬੇ ਦੇ ਭਾਜਪਾ ਨੇਤਾਵਾਂ ਤੇ ਸਹਿਯੋਗੀ ਪਾਰਟੀਆਂ ਨੂੰ ਵੀ ਇਹ ਸੁਨੇਹਾ ਦੇ ਦਿੱਤਾ ਹੈ ਕਿ ਉਹ ਮੁੰਬਈ ਛੱਡ ਕੇ ਅਜੇ ਕਿਤੇ ਵੀ ਨਹੀਂ ਜਾ ਰਹੇ। ਦੱਸਣਯੋਗ ਹੈ ਕਿ ਸ਼ਿਵਸੈਨਾ ਦੇ ਨੇਤਾ ਏਕਨਾਥ ਸ਼ਿੰਦੇ ਦੇ ਨਾਲ ਉਨ੍ਹਾਂ ਦੇ ਸੰਬੰਧ ਚੰਗੇ ਨਹੀਂ ਹਨ, ਜੋ ਵਾਰ-ਵਾਰ ਦਿੱਲੀ ਵੱਲ ਭੱਜੇ ਰਹਿੰਦੇ ਹਨ। ਸ਼ਿੰਦੇ ਨੇ ਹਾਲ ਹੀ 'ਚ ਦਿੱਲੀ ਵਿਖੇ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਫੜਨਵੀਸ ਨੇ ਉਸ (ਸ਼ਿੰਦੇ) ਨੂੰ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ ਕਿ ਉਹ ਭਾਵੇਂ ਕਿੰਨੀ ਵਾਰ ਦਿੱਲੀ ਜਾ ਆਵੇ। ਪਰ ਉਹ (ਫੜਨਵੀਸ) ਅਜੇ ਦਿੱਲੀ ਨਹੀਂ ਜਾ ਰਹੇ ਹਨ।
ਸਭ ਨੂੰ ਯਾਦ ਆਏ ਸੀਤਾਰਾਮ ਕੇਸਰੀ
ਬਿਹਾਰ ਵਿਚ ਚੋਣਾਂ ਹਨ ਤਾਂ ਸਭ ਨੂੰ ਸੀਤਾਰਾਮ ਕੇਸਰੀ ਯਾਦ ਆ ਗਏ, ਕਾਂਗਰਸ ਦੇ ਮਰਹੂਮ ਨੇਤਾ ਸੀਤਾਰਾਮ ਕੇਸਰੀ ਦੀ 24 ਅਕਤੂਬਰ ਨੂੰ 25ਵੀਂ ਬਰਸੀ ਸੀ। ਇਸ ਮੌਕੇ ਕਾਂਗਰਸ ਦੇ ਪੁਰਾਣੇ ਹੈੱਡਕੁਆਰਟਰ 24 ਅਕਬਰ ਰੋਡ 'ਤੇ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ, ਜਿਸ 'ਚ ਰਾਹੁਲ ਗਾਂਧੀ ਵੀ ਸ਼ਾਮਿਲ ਹੋਏ। ਉਧਰ ਉਸੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ 'ਚ ਇਕ ਚੋਣ ਸਭਾ 'ਚ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਨੇ ਸੀਤਾਰਾਮ ਕੇਸਰੀ ਨੂੰ ਅਪਮਾਨਿਤ ਕੀਤਾ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਨੇ ਕੇਸਰੀ ਤੋਂ ਪਾਰਟੀ ਦੀ ਪ੍ਰਧਾਨਗੀ ਖੋਹ ਲਈ ਸੀ। ਮੋਦੀ ਨੇ ਕੇਸਰੀ ਦੇ ਬਹਾਨੇ ਕਾਂਗਰਸ ਨੂੰ ਪਛੜੇ ਵਰਗ ਦਾ ਵਿਰੋਧੀ ਦੱਸਿਆ ਹੈ। ਸੀਤਾਰਾਮ ਕੇਸਰੀ ਦੇ ਦਿਹਾਂਤ ਨੂੰ 25 ਸਾਲ ਹੋ ਗਏ ਹਨ ਅਤੇ 25 ਸਾਲਾਂ ਵਿਚ ਕਾਂਗਰਸ ਤੇ ਭਾਜਪਾ ਨੂੰ ਕਦੇ ਵੀ ਉਨ੍ਹਾਂ ਦੀ ਯਾਦ ਨਹੀਂ ਆਈ। ਪਰ ਇਸ ਵਾਰ ਚੋਣਾਂ ਵਿਚ ਸਾਰਿਆਂ ਨੂੰ ਕੇਸਰੀ ਯਾਦ ਆ ਰਹੇ ਹਨ, ਇਸੇ ਤਰ੍ਹਾਂ ਸਭ ਨੂੰ ਕਰਪੂਰੀ ਠਾਕੁਰ ਵੀ ਯਾਦ ਆ ਰਹੇ ਹਨ। ਦਰਅਸਲ ਇਸ ਵਾਰ ਬਿਹਾਰ ਚੋਣਾਂ ਜਾਤੀ ਗਣਨਾ ਬਾਅਦ ਪਹਿਲੀ ਵਾਰ ਹੋ ਰਹੀਆਂ ਹਨ ਅਤੇ ਹਰ ਛੋਟੀ ਵੱਡੀ ਜਾਤ ਬਹੁਤ ਅਹਿਮ ਹੋ ਗਈ ਹੈ। ਇਸ ਵਾਰ ਕਾਂਗਰਸ ਨੇ ਵੀ ਇਸ ਖੇਡ ਵਿਚ ਰਾਹੁਲ ਗਾਂਧੀ ਨੇ ਅਤਿ ਪਛੜੀਆਂ ਜਾਤੀਆਂ ਲਈ ਵੱਖਰੇ ਤੌਰ 'ਤੇ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਕੁਝ ਵੀ ਹੋਵੇ ਸੀਤਾਰਾਮ ਕੇਸਰੀ ਦਾ ਕਾਰਜਕਾਲ ਬਹੁਤ ਵਿਵਾਦਤ ਰਿਹਾ ਸੀ, ਜਿਨ੍ਹਾਂ ਪ੍ਰਧਾਨ ਮੰਤਰੀ ਬਣਨ ਦੀ ਕਾਹਲ ਵਿਚ ਸਾਂਝੇ ਮੋਰਚੇ ਦੀ ਸਰਕਾਰ ਤੁੜਵਾ ਦਿੱਤੀ ਅਤੇ ਅੰਤ ਵਿਚ ਪਾਰਟੀ ਪ੍ਰਧਾਨ ਦਾ ਅਹੁਦਾ ਵੀ ਗੁਆ ਲਿਆ ਸੀ। ਕੇਸਰੀ ਨੇ ਸੋਨੀਆ ਗਾਂਧੀ ਦੀ ਸਰਗਰਮ ਰਾਜਨੀਤੀ ਵਿਚ ਆਉਣ ਦੇ ਰਾਹ ਵਿਚ ਅੜਿੱਕੇ ਪਾਏ ਸਨ, ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ ਸੀ।
ਭਾਰਤ-ਅਮਰੀਕੀ ਗੱਲਾਂ 'ਚ ਫਿਰ ਵਿਰੋਧਾਭਾਸ
ਪਤਾ ਨਹੀਂ ਅਜਿਹਾ ਕੀ ਹੋ ਗਿਆ ਹੈ ਕਿ ਭਾਰਤ ਤੇ ਅਮਰੀਕਾ ਵਿਚਾਲੇ ਕਿਸੇ ਵੀ ਗੱਲ 'ਤੇ ਸਹਿਮਤੀ ਨਹੀਂ ਬਣ ਰਹੀ। ਇੱਥੇ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਟਰੰਪ ਦੇ ਵਿਚਕਾਰ ਟੈਲੀਫੋਨ 'ਤੇ ਗੱਲ ਹੋ ਰਹੀ ਹੈ ਤਾਂ ਉਸ ਬਾਰੇ ਵੀ ਦੋਵੇਂ ਪਾਸਿਆਂ ਤੋਂ ਵੱਖ-ਵੱਖ ਗੱਲਾਂ ਕਹੀਆਂ ਜਾ ਰਹੀਆਂ ਹਨ। ਭਾਰਤ ਸਰਕਾਰ ਵੱਲੋਂ ਦੱਬੀ ਜ਼ੁਬਾਨ ਵਿਚ ਅਮਰੀਕਾ ਦੀਆਂ ਗੱਲ ਦਾ ਖੰਡਨ ਕੀਤਾ ਜਾ ਰਿਹਾ ਹੈ। ਇਕ ਵਾਰ ਭਾਰਤ ਨੇ ਖੁੱਲ੍ਹ ਕੇ ਨਹੀਂ ਕਿਹਾ ਕਿ ਰਾਸ਼ਟਰਪਤੀ ਟਰੰਪ ਝੂਠ ਬੋਲ ਰਹੇ ਹਨ। ਸਭ ਤੋਂ ਤਾਜ਼ਾ ਮਾਮਲੇ ਵਿਚ ਟਰੰਪ ਨੇ ਫੋਨ ਕਰਕੇ ਮੋਦੀ ਨੂੰ ਦਿਵਾਲੀ ਦੀ ਵਧਾਈ ਦਿੱਤੀ ਅਤੇ ਇਸਦੇ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਵਿਚ ਕਿਹਾ ਕਿ ਉਸ ਨੇ ਮੋਦੀ ਦੇ ਨਾਲ ਵਪਾਰ, ਅੱਤਵਾਦ ਤੇ ਪਾਕਿਸਤਾਨ ਨਾਲ ਸੰਬੰਧ ਸੁਧਾਰਨ ਲਈ ਗੱਲ ਕੀਤੀ ਹੈ। ਦੂਜੇ ਪਾਸੇ ਮੋਦੀ ਨੇ ਸੋਸ਼ਲ ਮੀਡੀਆ ਵਿਚ ਜੋ ਪੋਸਟ ਪਾਈ ਹੈ, ਉਸ ਵਿਚ ਉਨ੍ਹਾਂ ਪਾਕਿਸਤਾਨ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਹੈ। ਇਸ ਤੋਂ ਬਾਅਦ 'ਚ ਭਾਰਤ ਵਲੋਂ ਕਿਹਾ ਗਿਆ ਕਿ ਪਾਕਿਸਤਾਨ ਨੂੰ ਲੈ ਕੇ ਦੋਹਾਂ ਧਿਰਾਂ ਦੇ ਵਿਚਕਾਰ ਕੋਈ ਗੱਲ ਨਹੀਂ ਹੋਈ। ਇਸ ਤੋਂ ਪਹਿਲਾਂ ਟਰੰਪ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਮੋਦੀ ਨੇ ਭਰੋਸਾ ਦਿੱਤਾ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖ਼ਰੀਦੇਗਾ।
ਵੋਟਰ ਸੂਚੀਆਂ ਦੀ ਸੁਧਾਈ ਦਾ ਮਾਮਲਾ-ਵਿਰੋਧੀ ਪਾਰਟੀਆਂ ਵਾਲੇ ਰਾਜਾਂ ਵਿਚ ਚੋਣ ਕਮਿਸ਼ਨ ਨੂੰ ਪੇਸ਼ ਆ ਸਕਦੀਆਂ ਹਨ ਮੁਸ਼ਕਿਲਾਂ
ਅਜੀਤ ਡੈਸਕ
03-11-2025