14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ 'ਤੇ ਵਿਸ਼ੇਸ਼-ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ

Ad Position 21
No active advertisement
ਅਜੀਤ ਡੈਸਕ 25-11-2025

ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਵਿਚ ਜੇਕਰ ਕੋਈ ਇਕ ਸ਼ਖ਼ਸੀਅਤ ਸਦੀਆਂ ਤੋਂ ਅਡੋਲ, ਰੌਸ਼ਨ ਅਤੇ ਅਮਰ ਰਹੀ ਹੈ ਤਾਂ ਉਹ ਹਨ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਜੋ ਪੀੜ੍ਹੀਆਂ ਤੋਂ ਮਨੁੱਖਤਾ ਤੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਦੇ ਸੱਚੇ ਰੱਖਿਅਕ, ਜ਼ੁਲਮ ਦੇ ਵਿਰੁੱਧ ਅਦੁੱਤੀ ਹਿੰਮਤ ਦੇ ਪ੍ਰਤੀਕ ਅਤੇ ਧਾਰਮਿਕ ਆਜ਼ਾਦੀ ਦੇ ਇਕ ਮਹਾਨ ਰਖਵਾਲੇ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀ ਕੁਰਬਾਨੀ ਕਿਸੇ ਇਕ ਭਾਈਚਾਰੇ ਜਾਂ ਖੇਤਰ ਲਈ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਸੀ। ਇਕ ਕੁਰਬਾਨੀ ਜਿਸ ਨੇ ਭਾਰਤ ਦੀ ਅਧਿਆਤਮਿਕ ਆਤਮਾ ਨੂੰ ਸੁਰੱਖਿਅਤ ਰੱਖਿਆ ਅਤੇ 'ਵਸੁਦੇਵ ਕੁਟੁੰਬਕਮ' ਦੇ ਸਿਧਾਂਤ ਨੂੰ ਜੀਵੰਤ ਕੀਤਾ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਬਚਪਨ ਦਾ ਨਾਂਅ ਤਿਆਗ ਮੱਲ ਸੀ। ਉਹ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਦੇ ਸਪੁੱਤਰ ਸਨ। ਉਨ੍ਹਾਂ ਦਾ ਪ੍ਰਕਾਸ਼ 1 ਅਪ੍ਰੈਲ 1621 ਈ. ਨੂੰ ਅੰਮ੍ਰਿਤਸਰ ਵਿਖੇ ਹੋਇਆ, ਜਿੱਥੇ ਅੱਜ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਸੁਸ਼ੋਭਿਤ ਹੈ।
ਗੁਰੂ ਜੀ ਦੇ ਸਮੇਂ ਹਿੰਦੁਸਤਾਨ 'ਤੇ ਮੁਗ਼ਲ ਸਮਰਾਟ ਔਰੰਗਜ਼ੇਬ ਦਾ ਰਾਜ ਸੀ, ਜੋ ਪੂਰੇ ਦੇਸ਼ ਦਾ ਇਸਲਾਮੀਕਰਨ ਕਰਨਾ ਚਾਹੁੰਦਾ ਸੀ। ਔਰੰਗਜ਼ੇਬ ਵਲੋਂ ਧਰਮ ਪਰਿਵਰਤਨ ਲਈ ਕੀਤੇ ਜਾ ਰਹੇ ਅੱਤਿਆਚਾਰਾਂ ਤੋਂ ਸਤਾਏ ਹੋਏ ਹਿੰਦੂ ਆਗੂ ਪੰਡਿਤ ਕਿਰਪਾ ਰਾਮ ਨੇ ਕਸ਼ਮੀਰ ਤੋਂ ਆਪਣੇ ਸਾਥੀਆਂ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਜੀ ਕੋਲ ਪਹੁੰਚ ਕੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਤੇ ਧਰਮ ਦੀ ਰੱਖਿਆ ਲਈ ਬੇਨਤੀ ਕੀਤੀ। ਗੁਰੂ ਜੀ ਨੇ ਉਨ੍ਹਾਂ ਦੀ ਬੇਨਤੀ ਸੁਣ ਕੇ ਕਿਹਾ ਕਿ ਅਜਿਹੇ ਅੱਤਿਆਚਾਰ ਰੋਕਣ ਲਈ ਕਿਸੇ ਮਹਾਂਪੁਰਸ਼ ਨੂੰ ਬਲਿਦਾਨ ਦੇਣਾ ਪਵੇਗਾ। ਉਸ ਸਮੇਂ ਬਾਲ ਗੋਬਿੰਦ ਰਾਏ ਨੇ ਸਾਰੀ ਗੱਲਬਾਤ ਸੁਣ ਕੇ ਗੁਰੂ ਪਿਤਾ ਨੂੰ ਕਿਹਾ ਕਿ ਤੁਹਾਡੇ ਤੋਂ ਵੱਡਾ ਹੋਰ ਕੋਈ ਮਹਾਂਪੁਰਸ਼ ਨਹੀਂ ਹੋ ਸਕਦਾ। ਇਹ ਸੁਣ ਕੇ ਗੁਰੂ ਜੀ ਨੇ ਆਏ ਫਰਿਆਦੀਆਂ ਨੂੰ ਕਿਹਾ ਕਿ ਉਹ ਔਰੰਗਜ਼ੇਬ ਨੂੰ ਕਹਿ ਦੇਣ ਕਿ ਜੇਕਰ ਉਹ ਉਨ੍ਹਾਂ (ਗੁਰੂ ਤੇਗ਼ ਬਹਾਦਰ ਜੀ) ਦਾ ਧਰਮ ਪਰਿਵਰਤਨ ਕਰਾ ਲੈਣਗੇ ਤਾਂ ਅਸੀਂ ਇਸਲਾਮ ਧਰਮ ਅਪਣਾ ਲਵਾਂਗੇ। ਜਦੋਂ ਔਰੰਗਜ਼ੇਬ ਨੂੰ ਇਹ ਸੁਨੇਹਾ ਮਿਲਿਆ ਤਾਂ ਉਸ ਨੇ ਗੁਰੂ ਜੀ ਨੂੰ ਦਿੱਲੀ ਦਰਬਾਰ 'ਚ ਹਾਜ਼ਰ ਹੋ ਕੇ ਇਸਲਾਮ ਧਰਮ ਅਪਣਾਉਣ ਲਈ ਕਿਹਾ। ਗੁਰੂ ਜੀ ਨੇ ਦ੍ਰਿੜ੍ਹਤਾ ਨਾਲ ਫ਼ਤਵੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਔਰੰਗਜ਼ੇਬ ਨੇ ਇਸ ਨਾਫ਼ਰਮਾਨੀ ਦੇ ਨਤੀਜੇ ਵਜੋਂ ਮੌਤ ਨੂੰ ਸਵੀਕਾਰ ਕਰਨ ਲਈ ਕਿਹਾ।
ਸਜ਼ਾ ਦੀ ਤਾਰੀਖ਼ 11 ਨਵੰਬਰ 1675 ਤੈਅ ਕੀਤੀ ਗਈ। ਗੁਰੂ ਜੀ ਦੇ ਨਾਲ ਆਏ ਤਿੰਨ ਸ਼ਰਧਾਲੂਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ 'ਚ ਸ਼ਹੀਦ ਕਰ ਦਿੱਤਾ ਗਿਆ। ਇਸ ਸਭ ਤੋਂ ਬਾਅਦ ਵੀ ਗੁਰੂ ਤੇਗ਼ ਬਹਾਦਰ ਜੀ ਅਡੋਲ ਰਹੇ। ਫਿਰ ਗੁਰੂ ਜੀ ਦਾ ਸੀਸ ਵੀ ਧੜ ਤੋਂ ਵੱਖ ਕਰ ਦਿੱਤਾ ਗਿਆ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਮੁਗ਼ਲ ਸਾਮਰਾਜ ਦਾ ਪਤਨ ਹੋਣਾ ਯਕੀਨੀ ਹੋ ਗਿਆ ਸੀ।
ਸਾਨੂੰ ਇਹ ਮਾਣ ਹੈ ਕਿ ਹਿੰਦੁਸਤਾਨ ਗੁਰੂਆਂ, ਸੰਤਾਂ, ਮਹਾਂਪੁਰਖਾਂ ਤੇ ਫ਼ਕੀਰਾਂ ਦੀ ਧਰਤੀ ਹੈ। ਇਸੇ ਲਈ ਹਰਿਆਣਾ ਸਰਕਾਰ ਨੇ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹਾਦਤੀ ਸਮਾਗਮ ਜੋਤੀਸਰ (ਕੁਰੂਕਸ਼ੇਤਰ) ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਹੈ। ਸਾਲ 2015 'ਚ ਸਾਡੀ ਸਰਕਾਰ ਨੇ 'ਸੰਤ-ਮਹਾਂਪੁਰਸ਼ ਸਨਮਾਨ ਤੇ ਵਿਚਾਰ-ਪ੍ਰਸਾਰ ਯੋਜਨਾ' ਸ਼ੁਰੂ ਕੀਤੀ ਸੀ, ਜਿਸ ਤਹਿਤ ਮਹਾਨ ਸੰਤਾਂ ਤੇ ਮਹਾਂਪੁਰਖਾਂ ਦੇ ਜੀਵਨ ਅਤੇ ਵਿਚਾਰਾਂ ਦਾ ਪ੍ਰਚਾਰ-ਪਸਾਰ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਭਗਤ ਧੰਨਾ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਤੇ ਗੁਰੂ ਰਵਿਦਾਸ ਜੀ ਸ਼ਾਮਿਲ ਹਨ। ਹਰਿਆਣਾ 'ਚ ਹੀ ਸਿੱਖ ਰਾਜ ਦੇ ਪਹਿਲੇ ਸ਼ਾਸਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਰਾਜਧਾਨੀ ਲੋਹਗੜ੍ਹ (ਯਮੁਨਾਨਗਰ) 'ਚ ਇਕ ਮਾਰਸ਼ਲ ਆਰਟਸ ਇੰਸਟੀਚਿਊਟ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮੈਡੀਕਲ ਕਾਲਜ ਯਮੁਨਾਨਗਰ ਬਣਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਗੁਰਦੁਆਰਾ ਚਿੱਲਾ ਸਾਹਿਬ (ਸਿਰਸਾ) ਦੀ 72 ਕਨਾਲ ਜ਼ਮੀਨ ਮੁਫਤ ਦਿੱਤੀ ਗਈ ਹੈ। ਰਾਜ ਭਰ 'ਚ ਹੋਰ ਥਾਵਾਂ 'ਤੇ ਯਾਦਗਾਰੀ ਗੇਟ, ਕਾਲਜ ਤੇ ਸੰਸਥਾਵਾਂ ਦੇ ਨਾਂਅ ਗੁਰੂਆਂ ਦੇ ਨਾਂਅ 'ਤੇ ਰੱਖੇ ਗਏ ਹਨ।
ਮੌਜੂਦਾ ਹਰਿਆਣਾ ਰਾਜ ਦੇ ਲੋਕਾਂ ਦਾ ਗੁਰੂ ਤੇਗ਼ ਬਹਾਦਰ ਜੀ ਨਾਲ ਡੂੰਘਾ ਸਨੇਹ ਹੈ। ਇੱਥੇ ਉਨ੍ਹਾਂ ਦੀ ਯਾਦ 'ਚ ਲਗਭਗ 28 ਗੁਰਦੁਆਰੇ ਸਥਾਪਤ ਹਨ। ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ 'ਤੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ (25 ਨਵੰਬਰ 2025) ਕੁਰੂਕਸ਼ੇਤਰ ਪਹੁੰਚ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਰਾਜ ਭਰ ਤੋਂ ਚਾਰ ਸ਼ਰਧਾ ਯਾਤਰਾਵਾਂ 'ਚ ਲੱਖਾਂ ਸ਼ਰਧਾਲੂ ਕੁਰੂਕਸ਼ੇਤਰ ਪਹੁੰਚੇ ਹਨ। ਸਾਰੇ ਧਰਮਾਂ ਦੇ ਲੋਕ ਤੇ ਸੰਗਠਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੁਨੀਆ ਭਰ ਦੇ ਲਗਭਗ 142 ਵਿਦੇਸ਼ੀ ਦੂਤਘਰ, ਸਥਾਨਕ ਲੋਕਾਂ ਦੇ ਸਹਿਯੋਗ ਨਾਲ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰ ਰਹੇ ਹਨ। ਸ੍ਰੀ ਮੋਦੀ ਅੰਤਰਰਾਸ਼ਟਰੀ ਗੀਤਾ ਮਹਾਂਉਤਸਵ ਦੌਰਾਨ ਪਵਿੱਤਰ ਬ੍ਰਹਮ ਸਰੋਵਰ ਵਿਖੇ ਸ਼ਾਮ ਦੀ ਆਰਤੀ 'ਚ ਹਿੱਸਾ ਵੀ ਲੈਣਗੇ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸਮੁੱਚਾ ਜੀਵਨ, ਪਰਉਪਕਾਰ, ਤਿਆਗ, ਸੰਘਰਸ਼ ਅਤੇ ਕੁਰਬਾਨੀ ਤੇ ਕੁੱਲ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਜੇਕਰ ਗੁਰੂ ਜੀ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਅੱਜ ਭਾਰਤ ਕਿਹੋ ਜਿਹਾ ਹੁੰਦਾ, ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਹਰਿਆਣਾ ਸਰਕਾਰ ਨੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਆਦਰਸ਼ਾਂ ਪ੍ਰਤੀ ਜਾਗਰੂਕ ਕਰਨ ਲਈ ਗੁਰੂ ਜੀ ਦੀ ਯਾਦ 'ਚ ਪਹਿਲੀ ਤੋਂ 25 ਨਵੰਬਰ 2025 ਤੱਕ ਹਰਿਆਣਾ ਵਿਚ ਅਨੇਕਾਂ ਸਮਾਗਮਾਂ ਦਾ ਆਯੋਜਨ ਕਰਵਾਇਆ ਹੈ, ਜੋ ਜਨ ਹਿੱਸੇਦਾਰੀ ਤੇ ਅਧਿਆਤਮਿਕ ਏਕਤਾ ਦੀ ਇਕ ਵਿਲੱਖਣ ਉਦਾਹਰਨ ਹਨ। ਰਾਜ ਭਰ 'ਚ ਚਾਰੇ ਦਿਸ਼ਾਵਾਂ ਤੋਂ ਨਿਕਲੇ ਸ਼ਹੀਦੀ ਨਗਰ ਕੀਰਤਨ ਇਕ ਵਿਲੱਖਣ ਅਧਿਆਤਮ ਤੇ ਏਕਤਾ ਦਾ ਪ੍ਰਤੀਕ ਬਣ ਗਏ ਹਨ। 8 ਨਵੰਬਰ ਨੂੰ ਰੋੜੀ (ਸਿਰਸਾ), 11 ਨਵੰਬਰ ਨੂੰ ਪਿੰਜੌਰ (ਪੰਚਕੂਲਾ), 14 ਨਵੰਬਰ ਨੂੰ ਫ਼ਰੀਦਾਬਾਦ ਅਤੇ 18 ਨਵੰਬਰ ਨੂੰ ਸਢੌਰਾ (ਯਮੁਨਾਨਗਰ) ਵਿਖੇ ਆਯੋਜਿਤ ਯਾਤਰਾਵਾਂ ਨੇ ਹਰਿਆਣਾ ਨੂੰ ਸੱਚਮੁੱਚ ਅਧਿਆਤਮਿਕ ਤੇ ਭਾਈਚਾਰਕ ਇਕਜੁੱਟਤਾ ਦੇ ਧਾਗੇ ਵਿਚ ਬੰਨ੍ਹ ਦਿੱਤਾ ਹੈ।
ਰਾਜ ਸਰਕਾਰ ਨੇ ਗੁਰੂ ਤੇਗ਼ ਬਹਾਦਰ ਜੀ ਦੀ ਯਾਦ 'ਚ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ। ਸਿਰਸਾ ਵਿਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ 'ਗੁਰੂ ਤੇਗ਼ ਬਹਾਦਰ ਚੇਅਰ' ਸਥਾਪਤ ਕੀਤੀ ਹੈ। ਅੰਬਾਲਾ 'ਚ ਪੋਲੀਟੈਕਨਿਕ ਕਾਲਜ ਦਾ ਨਾਂਅ ਗੁਰੂ ਤੇਗ਼ ਬਹਾਦਰ ਜੀ ਦੇ ਨਾਂਅ 'ਤੇ ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕਰਨਾਲ 'ਚ ਇਕ ਵਿਸ਼ਾਲ ਮੈਰਾਥਨ ਅਤੇ ਟੋਹਾਣਾ-ਜੀਂਦ-ਨਰਵਾਣਾ ਸੜਕ ਦਾ ਨਾਂਅ 'ਗੁਰੂ ਤੇਗ਼ ਬਹਾਦਰ ਮਾਰਗ' ਰੱਖਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਕਲੇਸਰ ਖੇਤਰ 'ਚ ਇਕ 'ਗੁਰੂ ਤੇਗ਼ ਬਹਾਦਰ ਵਣ' ਵਿਕਸਿਤ ਕੀਤਾ ਜਾ ਰਿਹਾ ਹੈ। ਯਮੁਨਾਨਗਰ ਦੇ ਕਿਸ਼ਨਪੁਰ 'ਚ 'ਗੁਰੂ ਤੇਗ਼ ਬਹਾਦਰ ਖੇਤੀਬਾੜੀ ਕਾਲਜ' ਦੀ ਸਥਾਪਨਾ ਦਾ ਵੀ ਪ੍ਰਸਤਾਵ ਹੈ। ਇਨ੍ਹਾਂ ਸਾਰੀਆਂ ਪਹਿਲਕਦਮੀਆਂ ਦਾ ਉਦੇਸ਼ ਗੁਰੂ ਤੇਗ਼ ਬਹਾਦਰ ਜੀ ਦੇ ਤਿਆਗ, ਕੁਰਬਾਨੀ ਤੇ ਮਨੁੱਖਤਾ ਦੇ ਵਿਲੱਖਣ ਸੰਦੇਸ਼ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ।
ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸੰਦੇਸ਼ ਅੱਜ ਵੀ ਸਾਡੇ ਦਿਲਾਂ 'ਚ ਓਨੇ ਹੀ ਜੀਵੰਤ ਤੇ ਪ੍ਰਭਾਵਸ਼ਾਲੀ ਹਨ, ਜਿੰਨੇ 350 ਸਾਲ ਪਹਿਲਾਂ ਸਨ। ਉਨ੍ਹਾਂ ਦੇ ਅਮਰ ਸ਼ਬਦ ਤੇ ਬੇਮਿਸਾਲ ਕੁਰਬਾਨੀ ਸਾਨੂੰ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ। ਗੁਰੂ ਜੀ ਦੀ ਸ਼ਹਾਦਤ ਬਾਰੇ ਗੁਰੂ ਪਰੰਪਰਾ ਦੇ ਸਮਕਾਲੀ ਕਵੀ 'ਸੈਨਾਪਤੀ' ਨੇ ਢੁਕਵੇਂ ਸ਼ਬਦਾਂ ਵਿਚ ਲਿਖਿਆ ਹੈ:-
ਪ੍ਰਗਟ ਭਏ ਗੁਰੂ ਤੇਗ ਬਹਾਦਰ
ਸਗਲ ਸ੍ਰਿਸਟ ਪੈ ਢਾਪੀ ਚਾਦਰ।

Ad Position 22
No active advertisement
ਪਿਛਲੀ ਖ਼ਬਰ ਆਓ, ਗੁਰੂ ਜੀ ਦੇ ਸਿਧਾਂਤ ਅਪਣਾਈਏ ਅਗਲੀ ਖ਼ਬਰ ਚੰਡੀਗੜ੍ਹ ਪੰਜਾਬ ਦਾ
Ad Position 24