ਮੁੰਬਈ, 31 ਅਕਤੂਬਰ (ਪੀ.ਟੀ.ਆਈ.)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਉਮੀਦ ਹੈ ਕਿ ਏਸ਼ੀਆ ਕੱਪ ਜੇਤੂਆਂ ਦੀ ਟਰਾਫੀ 'ਇੱਕ ਜਾਂ ਦੋ ਦਿਨਾਂ 'ਚ' ਉਸਦੇ ਮੁੰਬਈ ਹੈਡਕੁਆਰਟਰ ਪਹੁੰਚ ਜਾਵੇਗੀ, ਪਰ ਜੇਕਰ ਸਥਿਤੀ 'ਚ ਕੋਈ ਪ੍ਰਗਤੀ ਨਹੀਂ ਹੁੰਦੀ ਹੈ, ਤਾਂ ਭਾਰਤੀ ਬੋਰਡ 4 ਨਵੰਬਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਕੋਲ ਇਹ ਮਾਮਲਾ ਉਠਾਏਗਾ | ਬੀ.ਸੀ.ਸੀ.ਆਈ. ਦੇ ਸੰਯੁਕਤ ਸਕੱਤਰ ਦੇਵਜੀਤ ਸੈਕੀਆ ਨੇ ਇਕ ਵਿਸ਼ੇਸ਼ ਇੰਟਰਵਿਊ 'ਚ ਕਿਹਾ ਕਿ ਅਸੀਂ ਇਸ ਤਰੀਕੇ ਤੋਂ ਥੋੜੇ ਨਾਖੁਸ਼ ਹਾਂ ਕਿ ਇਕ ਮਹੀਨੇ ਬਾਅਦ ਵੀ ਸਾਨੂੰ ਟਰਾਫੀ ਨਹੀਂ ਸੌਂਪੀ ਗਈ | ਅਸੀਂ ਇਸ ਮਾਮਲੇ ਦੀ ਪੈਰਵੀ ਕਰ ਰਹੇ ਹਾਂ | ਅਸੀਂ ਲਗਭਗ 10 ਦਿਨ ਪਹਿਲਾਂ ਏ.ਸੀ.ਸੀ. ਪ੍ਰਧਾਨ ਨੂੰ ਇਕ ਪੱਤਰ ਵੀ ਲਿਖਿਆ ਸੀ, ਪਰ ਉਨ੍ਹਾਂ ਦੇ ਰੁਖ਼ 'ਚ ਕੋਈ ਬਦਲਾਅ ਨਹੀਂ ਆਇਆ ਹੈ | ਉਨ੍ਹਾਂ ਅੱਗੇ ਕਿਹਾ ਕਿ ਟਰਾਫੀ ਅਜੇ ਵੀ ਉਨ੍ਹਾਂ ਕੋਲ ਹੈ, ਪਰ ਸਾਨੂੰ ਉਮੀਦ ਹੈ ਕਿ ਇਹ ਇਕ ਜਾਂ 2 ਦਿਨਾਂ ਵਿੱਚ ਮੁੰਬਈ 'ਚ ਬੀ.ਸੀ.ਸੀ.ਆਈ. ਦਫ਼ਤਰ 'ਚ ਸਾਡੇ ਤੱਕ ਪਹੁੰਚ ਜਾਵੇਗੀ | ਸੈਕੀਆ ਨੇ ਕਿਹਾ ਕਿ ਜੇਕਰ ਟਰਾਫੀ ਜਲਦੀ ਨਹੀਂ ਸੌਂਪੀ ਜਾਂਦੀ ਹੈ, ਤਾਂ ਬੀ.ਸੀ.ਸੀ.ਆਈ. 4 ਨਵੰਬਰ ਤੋਂ ਸ਼ੁਰੂ ਹੋ ਰਹੀ ਦੁਬਈ 'ਚ ਆਈ.ਸੀ.ਸੀ. ਦੀ ਤਿਮਾਹੀ ਮੀਟਿੰਗ 'ਚ ਇਸ ਮੁੱਦੇ ਨੂੰ ਉਠਾਏਗਾ | ਜ਼ਿਕਰਯੋਗ ਹੈ ਕਿ ਭਾਰਤ ਨੇ ਦੁਬਈ 'ਚ ਫਾਈਨਲ 'ਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਜਿੱਤਿਆ, ਪਰ ਭਾਰਤ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ, ਜੋ ਕਿ ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਪ੍ਰਧਾਨ ਵੀ ਹਨ, ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ | ਨਕਵੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਟਰਾਫੀ ਭਾਰਤ ਨੂੰ ਸੌਂਪੀ ਜਾ ਸਕਦੀ ਹੈ, ਪਰ ਉਹ ਇਸਨੂੰ ਖੁਦ ਪੇਸ਼ ਕਰਨਗੇ |