ਲੈਸਟਰ (ਇੰਗਲੈਂਡ), 30 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸਮੁੰਦਰੀ ਸ਼ਹਿਰ ਸਕੈਗਨੇਸ 'ਚ ਅਚਾਨਕ ਲੱਗੀ ਭਿਆਨਕ ਅੱਗ ਨੇ ਪੂਰੇ ਇਲਾਕੇ 'ਚ ਹੜਕੰਪ ਮਚਾ ਦਿੱਤਾ | ਅੱਗ ਇੰਨੀ ਤੇਜ਼ ਸੀ ਕਿ ਨੇੜਲੇ ਘਰਾਂ ਤੇ ਕਾਰੋਬਾਰਾਂ ਨੂੰ ਤੁਰੰਤ ਖਾਲੀ ਕਰਵਾਉਣਾ ਪਿਆ | ਲੋਕ ਜਾਨ ਬਚਾਉਣ ਲਈ ਘਰਾਂ ਤੋਂ ਬਾਹਰ ਨਿਕਲ ਆਏ, ਜਦਕਿ ਦੂਰ ਤੱਕ ਕਾਲੇ ਧੂੰਏਾ ਦੇ ਗੁਬਾਰ ਨਜ਼ਰ ਆਉਂਦੇ ਰਹੇ | ਲਿੰਕਨਸ਼ਾਇਰ ਫਾਇਰ ਐਂਡ ਰੈਸਕਿਊ ਸਰਵਿਸ ਮੁਤਾਬਕ ਓਲਡ ਵੇਨਫਲੀਟ ਰੋਡ 'ਤੇ ਵੱਡੇ ਪੱਧਰ ਦੀ ਘਟਨਾ ਨਾਲ ਨਿਪਟਣ ਲਈ ਕਈ ਫਾਇਰ ਬਿ੍ਗੇਡ ਗੱਡੀਆਂ ਮÏਕੇ 'ਤੇ ਤਾਇਨਾਤ ਕੀਤੀਆਂ ਗਈਆਂ | ਅੱਗ ਦੀ ਲਪੇਟ 'ਚ ਇਕ ਕਾਰ ਵਾਸ਼ ਤੇ ਫਰਨੀਚਰ ਦੀ ਦੁਕਾਨ ਸਮੇਤ ਕਈ ਇਮਾਰਤਾਂ ਆ ਗਈਆਂ | ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਸਮੇਂ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ, ਜਿਸ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ | ਪੁਲਿਸ ਤੇ ਐਮਰਜੈਂਸੀ ਸੇਵਾਵਾਂ ਵੱਲੋਂ ਇਲਾਕੇ ਨੂੰ ਘੇਰ ਲਿਆ ਗਿਆ ਤੇ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ | ਲੋਕਾਂ ਨੂੰ ਘਰਾਂ ਦੇ ਦਰਵਾਜ਼ੇ-ਖਿੜਕੀਆਂ ਬੰਦ ਰੱਖਣ ਅਤੇ ਧੂੰਏਾ ਤੋਂ ਬਚਣ ਦੀ ਸਲਾਹ ਦਿੱਤੀ ਗਈ | ਕਈ ਘੰਟਿਆਂ ਦੀ ਮਿਹਨਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ, ਪਰ ਨੁਕਸਾਨ ਕਾਫ਼ੀ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ |