ਲੋਹੀਆਂ ਖਾਸ, 1 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਗੁਰਦੁਆਰਾ ਸਾਹਿਬ ਡੁਮਾਣਾ ਵੱਲੋਂ ਲੋਹੀਆਂ ਤੋਂ ਗੁ: ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਵਿਸ਼ਾਲ ਪੈਦਲ ਨਗਰ ਕੀਰਤਨ' ਸਜਾਇਆ ਗਿਆ | ਸੁੰਦਰ ਪਾਲਕੀ ਬੱਸ 'ਚ ਸ਼ੁਸ਼ੋਬਿਤ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਪੈਦਲ ਨਗਰ ਕੀਰਤਨ ਦੌਰਾਨ ਸ਼ਹਿਰ ਦੇ ਬਜ਼ਾਰਾਂ ਸਮੇਤ ਸ਼ਹੀਦ ਊਧਮ ਸਿੰਘ ਚੌਂਕ, ਟੀ. ਪੁਆਇੰਟ, ਸੁਲਤਾਨਪੁਰ ਫਾਟਕ ਲੋਹੀਆਂ ਤੋਂ ਗੁ: ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਰਾਗੀ ਤੇ ਢਾਡੀ ਜਥਿਆਂ ਸਮੇਤ ਸੰਗਤਾਂ ਵੱਲੋਂ ਸ਼ਬਦ ਗਾਇਨ ਕੀਤੇ ਗਏ | ਰਸਤੇ ਦੌਰਾਨ ਵੱਖ ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਦੁਕਾਨਦਾਰਾਂ ਅਤੇ ਹੋਰ ਸੰਗਤਾਂ ਵੱਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਲਈ ਸੁੰਦਰ ਰੁਮਾਲੇ ਭੇਂਟ ਕੀਤੇ ਗਏ ਅਤੇ ਨਗਰ ਕੀਰਤਨ ਦਾ ਸੁਆਗਤ ਕਰਦਿਆਂ ਵੱਖ ਵੱਖ ਤਰਾਂ ਦੇ ਲੰਗਰ ਲਗਾਏ ਹੋਏ ਸਨ | ਇਸ ਮੌਕੇ ਗੁਰਦੁਆਰਾ ਸਾਹਿਬ ਡੁਮਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਸਮੇਤ ਵੱਖ ਵੱਖ ਸਹਿਯੋਗ ਕਰਨ ਵਾਲੀਆਂ ਸਖਸ਼ੀਅਤਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਸ਼ਹਿਰ ਅਤੇ ਇਲਾਕੇ ਭਰ ਤੋਂ ਵੱਡੀ ਗਿਣਤੀ 'ਚ ਸੰਗਤਾਂ ਹਾਜਰ ਸਨ |