ਜਲੰਧਰ, 1 ਨਵੰਬਰ (ਸ਼ਿਵ)-ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਜਲੰਧਰ 'ਚ ਸੁਨਿਆਰੇ ਤੋਂ ਹਥਿਆਰਾਂ ਦੇ ਜ਼ੋਰ 'ਤੇ ਕੀਤੀ 1 ਕਰੋੜ ਦੀ ਲੁੱਟ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਫ਼ੇਲ੍ਹ ਹੋ ਗਈ ਹੈ ਕਿਉਂਕਿ ਸੂਬੇ 'ਚ ਲੁੱਟ-ਖੋਹ ਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇੱਕ ਹਫ਼ਤੇ ਵਿਚ ਦੋਸ਼ੀਆਂ ਨੂੰ ਨਾ ਫੜਿਆ ਗਿਆ ਅਤੇ ਪੀੜਤ ਸੁਨਿਆਰੇ ਨੂੰ ਇਨਸਾਫ਼ ਨਾ ਮਿਲਿਆ ਤਾਂ ਕਾਂਗਰਸ ਵਲੋਂ ਇਸ ਦਾ ਭਾਰੀ ਵਿਰੋਧ ਕਰਦੇ ਹੋਏ ਧਰਨੇ ਦਿੱਤੇ ਜਾਣਗੇ | ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਭਾਰਗੋ ਕੈਂਪ ਵਿਚ ਲੁੱਟ ਦਾ ਸ਼ਿਕਾਰ ਹੋਏ ਸੁਨਿਆਰੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਜਿੱਥੇ ਉਨ੍ਹਾਂ ਨੇ ਦੁਕਾਨਦਾਰ ਨੂੰ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਕਿ ਪਾਰਟੀ ਉਨ੍ਹਾਂ ਦੇ ਨਾਲ ਡਟ ਕੇ ਖੜੀ ਹੈ | ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਦੇ ਭਰੇ ਬਾਜ਼ਾਰ ਵਿਚ ਦਿਨ ਦਿਹਾੜੇ ਹੋਈ ਲੁੱਟ ਦੀ ਘਟਨਾ ਭਾਰੀ ਚਿੰਤਾ ਪੈਦਾ ਕਰਨ ਵਾਲੀ ਹੈ | ਇਸ ਤੋਂ ਪਹਿਲਾਂ ਮਾਨਸਾ, ਜਗਰਾਉਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ | ਉਨਾਂ ਕਿਹਾ ਕਿ ਲੁਟੇਰੇ ਦੁਕਾਨ ਤੋਂ ਲੋਕਾਂ ਦੇ ਪਏ ਗਹਿਣੇ ਵੀ ਨਾਲ ਲੈ ਗਏ ਹਨ ਤੇ ਸੁਨਿਆਰੇ ਦੇ ਹੋਏ ਇਸ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਫ਼ੰਡ ਤੋਂ ਕਰਨੀ ਚਾਹੀਦੀ ਹੈ ਤੇ ਚਾਹੇ ਬਾਅਦ ਵਿਚ ਸਰਕਾਰ ਬਰਾਮਦ ਸਾਮਾਨ ਆਪ ਰੱਖ ਸਕਦੀ ਹੈ | ਇੱਕ ਸਵਾਲ ਦੇ ਪੁੱਛੇ ਜਾਣ 'ਤੇ ਸ. ਚੰਨੀ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਨਾਲ ਉਨ੍ਹਾਂ ਦੀ ਫ਼ੋਨ 'ਤੇ ਗੱਲਬਾਤ ਹੋਈ ਹੈ ਜਿਨਾਂ ਨੇ ਦੱਸਿਆ ਹੈ ਕਿ ਲੁਟੇਰੇ ਅਜੇ ਫੜੇ ਗਏ ਨਹੀਂ ਹਨ ਪਰ ਉਨ੍ਹਾਂ ਦੀ ਸ਼ਨਾਖ਼ਤ ਹੋ ਗਈ ਹੈ | ਉਹ ਸ਼ਹਿਰ ਦਾ ਮਾਹੌਲ ਖ਼ਰਾਬ ਹੋਣਾ ਨਹੀਂ ਦੇਣਾ ਚਾਹੁੰਦੇ ਤੇ ਇਸ ਕਰਕੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਸਮਾਂ ਦਿੱਤਾ ਗਿਆ ਹੈ ਪਰ ਜੇਕਰ ਸੁਨਿਆਰੇ ਦੇ ਨੁਕਸਾਨ ਦੀ ਭਰਪਾਈ ਨਾ ਹੋਈ ਤਾਂ ਉਹ ਧਰਨਾ ਵੀ ਲਗਾਉਣਗੇ | ਇਸ ਸ਼ਹਿਰੀ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਮੌਕੇ ਵੈਸਟ ਹਲਕੇ ਦੇ ਕਾਂਗਰਸ ਦੇ ਇੰਚਾਰਜ ਸੁਰਿੰਦਰ ਕੌਰ, ਬ੍ਰਹਮ ਦੇਵ ਸਹੋਤਾ, ਸੋਨੂੰ ਸੰਧਰ, ਪਾਲਾ ਜੱਖੂ, ਸ਼ਾਲੂ ਜਰੇਵਾਲ, ਸਾਹਿਲ ਸਹਿਦੇਵ, ਗੋਲਡੀ ਤੇ ਹੋਰ ਹਾਜ਼ਰ ਸਨ |