ਜਲੰਧਰ, 27 ਦਸੰਬਰ (ਸ਼ਿਵ)-ਮੇਅਰ ਵਨੀਤ ਧੀਰ ਦੀ ਹਦਾਇਤ ਤੋਂ ਬਾਅਦ ਵਾਰਡ ਨੰਬਰ 60 ਵਿਚ ਪਲਾਸਟਿਕ ਅਤੇ ਥਰਮੋਕੋਲ ਸਾੜਨ ਵਾਲੇ ਕਬਾੜ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਨਗਰ ਨਿਗਮ ਵਲੋਂ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਕਈ ਅਹਿਮ ਹਦਾਇਤਾਂ ਦਿੱਤੀਆਂ ਗਈਆਂ ਹਨ | ਨਗਰ ਨਿਗਮ ਵਲੋਂ ਕਬਾੜ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਜਿਹੜੇ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਸੋਮਵਾਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ | ਉਕਤ ਨੋਟਿਸਾਂ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਨਗਰ ਨਿਗਮ ਦੀ ਸੜਕ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ | ਕਬਾੜ ਦਾ ਕੰਮ ਕਰਨ ਵਾਲਿਆਂ ਅਤੇ ਕੁਆਰਟਰਾਂ ਵਾਲਿਆਂ ਨੂੰ ਅਲੱਗ-ਅਲੱਗ ਤੌਰ 'ਤੇ ਡੇਢ ਦਰਜਨ ਤੋਂ ਜ਼ਿਆਦਾ ਨੋਟਿਸ ਜਾਰੀ ਕੀਤੇ ਗਏ ਹਨ | ਮੇਅਰ ਵਨੀਤ ਧੀਰ ਕੁਝ ਦਿਨ ਪਹਿਲਾਂ ਵਾਰਡ ਨੰਬਰ 60 ਦੇ ਕੌਂਸਲਰ ਗੁਰਜੀਤ ਘੁੰਮਣ ਦੇ ਸੱਦੇ 'ਤੇ ਇਲਾਕੇ ਦਾ ਦੌਰਾ ਕਰਨ ਗਏ ਸੀ ਜਿਨ੍ਹਾਂ ਵਿਚ ਮਾਤਾ ਸੰਤ ਕੌਰ ਨਗਰ ਅਤੇ ਗੁਰੂ ਰਾਮਦਾਸ ਨਗਰ ਵਿਚ ਕਬਾੜ ਦਾ ਕੰਮ ਕਰਨ ਵਾਲੇ ਲੋਕਾਂ ਵਲੋਂ ਪਲਾਸਟਿਕ ਦਾਣਾ ਬਣਾਉਣ ਲਈ ਜਿਹੜਾ ਗੱਟੂ ਤਿਆਰ ਕੀਤਾ ਜਾਂਦਾ ਸੀ, ਉਸ ਲਈ ਥਰਮੋਕੋਲ ਅਤੇ ਪਲਾਸਟਿਕ ਨੂੰ ਸਾੜਿਆ ਜਾਂਦਾ ਸੀ | ਕੌਂਸਲਰ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਨਾਲ ਰਿਹਾਇਸ਼ੀ ਇਲਾਕੇ ਵਿਚ ਪ੍ਰਦੂਸ਼ਣ ਫੈਲਣ ਨਾਲ ਵਾਤਾਵਰਨ ਖ਼ਰਾਬ ਹੋ ਰਿਹਾ ਹੈ ਸਗੋਂ ਸੀਵਰੇਜ ਵਿਚ ਵੀ ਗੰਦਗੀ ਸੁੱਟੀ ਜਾ ਰਹੀ ਹੈ ਜਿਸ ਨਾਲ ਸੀਵਰੇਜ ਆਏ ਦਿਨ ਬੰਦ ਰਹਿੰਦੇ ਹਨ | ਮੇਅਰ ਵਨੀਤ ਧੀਰ ਦੀ ਹਦਾਇਤ ਤੋਂ ਬਾਅਦ ਇਹ ਨੋਟਿਸ ਜਾਰੀ ਕੀਤੇ ਗਏ ਹਨ | ਮਾਤਾ ਸੰਤ ਕੌਰ ਨਗਰ ਅਤੇ ਗੁਰੂ ਰਾਮਦਾਸ ਨਗਰ ਵਿਚ ਜਿਹੜੇ ਦੁਕਾਨਦਾਰ ਪਲਾਸਟਿਕ ਨੂੰ ਸਾੜਦੇ ਸਨ, ਉਨਾਂ ਨੂੰ ਨਗਰ ਨਿਗਮ ਵੱਲੋਂ ਨੋਟਿਸ ਜਾਰੀ ਕਰਕੇ ਉਨਾਂ ਨੂੰ ਇਸ ਰਿਹਾਇਸ਼ੀ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਲਈ ਖ਼ਤਰਨਾਕ ਦੱਸਦਿਆਂ ਹੋਰ ਕਿਧਰੇ ਸ਼ਿਫ਼ਟ ਹੋਣ ਲਈ ਕਿਹਾ ਗਿਆ ਹੈ | ਇਹ ਨੋਟਿਸ ਨਿਊ ਗੌਤਮ ਨਗਰ ਵਿਚ ਵੀ ਕਈਆਂ ਨੂੰ ਜਾਰੀ ਕੀਤੇ ਗਏ ਹਨ | ਇਸ ਤੋਂ ਇਲਾਵਾ ਅਨੂਪ ਵਿਹਾਰ, ਰਾਜਨ ਨਗਰ, ਨਿਊ ਰਾਜਨ ਨਗਰ 'ਚ ਪ੍ਰਵਾਸੀ ਮਜ਼ਦੂਰਾਂ, ਲੇਬਰ ਦੇ ਬਣੇ ਹੋਏ ਕੁਆਰਟਰਾਂ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਬਾਰੇ ਹਦਾਇਤ ਦਿੱਤੀ ਗਈ ਹੈ | ਇਨ੍ਹਾਂ ਕੁਆਰਟਰਾਂ ਵਾਲਿਆਂ ਤੋਂ ਵਪਾਰਕ ਦਰਾਂ ਮੁਤਾਬਕ ਹੀ ਪ੍ਰਾਪਰਟੀ ਟੈਕਸ ਦੀ ਵਸੂਲੀ ਕੀਤੀ ਜਾਵੇਗੀ |
ਮੇਅਰ ਦੀ ਹਦਾਇਤ 'ਤੇ ਵਰਿਆਣਾ ਰੋਡ 'ਤੇ ਸਫ਼ਾਈ ਕਰਵਾਈ
ਕੁਝ ਦਿਨ ਪਹਿਲਾਂ ਮੇਅਰ ਵਨੀਤ ਧੀਰ ਵਰਿਆਣਾ ਡੰਪ ਦੇ ਆਲੇ-ਦੁਆਰੇ ਕਈ ਸ਼ਿਕਾਇਤਾਂ ਦਾ ਮੌਕਾ ਦੇਖਣ ਲਈ ਗਏ ਸਨ ਤਾਂ ਉੱਥੇ ਵਰਿਆਣਾ ਡੰਪ ਨੂੰ ਜਾਂਦੀ ਸੜਕ 'ਤੇ ਗੰਦਗੀ ਪਏ ਹੋਣ ਕਰਕੇ ਉਨ੍ਹਾਂ ਵੱਲੋਂ ਸਫ਼ਾਈ ਦੀ ਹਦਾਇਤ ਦਿੱਤੀ ਗਈ | ਅੱਜ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਚੰਦਨ ਗਰੇਵਾਲ, ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਦੇ ਆਦੇਸ਼ਾਂ 'ਤੇ ਸੈਨੇਟਰੀ ਇੰਸਪੈਕਟਰ ਵਿਕਰਾਂਤ ਸਿੱਧੂ ਨੇ ਆਪਣੀ ਟੀਮ ਨਾਲ ਮਿਲ ਕੇ ਵਰਿਆਣਾ ਡੰਪ ਰੋਡ 'ਤੇ ਸਫ਼ਾਈ ਮੁਹਿੰਮ ਸ਼ੁਰੂ ਕਰਵਾ ਕੇ ਸੜਕ ਦੀ ਸਫ਼ਾਈ ਕੀਤੀ¢ ਉਨ੍ਹਾਂ ਨੇ ਵਰਿਆਣਾ ਰੋਡ 'ਤੇ ਪਏ ਕੂੜੇ ਦੇ ਢੇਰਾਂ ਨੂੰ ਹਟਾਉਣ ਲਈ ਸਰਕਾਰੀ ਮਸ਼ੀਨਰੀ ਦੀ ਵਰਤੋਂ ਵੀ ਕੀਤੀ, ਜਿਸ ਨਾਲ ਲੋਕਾਂ ਨੂੰ ਕੂੜੇ ਦੇ ਢੇਰਾਂ ਤੋਂ ਰਾਹਤ ਮਿਲੀ¢
ਵਾਰਡ ਨੰਬਰ 60 'ਚ ਪਲਾਸਟਿਕ ਸਾੜਨ ਵਾਲਿਆਂ ਨੂੰ ਨਿਗਮ ਵਲੋਂ ਨੋਟਿਸ ਜਾਰੀ
ਅਜੀਤ ਡੈਸਕ
28-12-2025