ਪ੍ਰਿਆ ਬੀ. ਐੱਡ ਕਾਲਜ ਵਿਚ ਪੜ੍ਹਦੀ ਸੀ ਤੇ ਆਪਣੇ ਚਾਚਾ-ਚਾਚੀ ਕੋਲ ਰਹਿੰਦੀ ਸੀ, ਕਿਉਂਕਿ ਉਹਦੇ ਮਾਂ ਬਾਪ ਕਿਸੇ ਦੂਰ ਦੇ ਰਾਜ ਵਿਚ ਨੌਕਰੀ ਕਰਦੇ ਸਨ। ਹਰ ਰੋਜ਼ ਸਵੇਰੇ ਸਾਢੇ ਚਾਰ ਵਜੇ ਉਸ ਦਾ ਚਾਚਾ ਉਸ ਨੂੰ ਹਾਕ ਮਾਰ ਕੇ ਉਠਾ ਦਿੰਦਾ। ਪ੍ਰਿਆ ਸਫਾਈਆਂ, ਭਾਂਡੇ ਸਾਫ ਕਰਕੇ , ਅੱਠ ਵਜੇ ਕਾਲਜ ਪਹੁੰਚ ਜਾਂਦੀ। ਦੁਪਹਿਰੇ ਦੋ ਕੁ ਵਜੇ ਘਰ ਵਾਪਸ ਪਹੁੰਚਦੀ ਤੇ ਆਉਂਦਿਆਂ ਹੀ ਚਾਚੇ ਦੇ ਛੋਟੇ ਮੁੰਡੇ ਨੂੰ ਹੋਮਵਰਕ ਕਰਾਉਣ ਲੱਗ ਪੈਂਦੀ। ਤੀਜੀ ਕਲਾਸ 'ਚ ਪੜ੍ਹਦਾ ਏਨਾ ਅੱਥਰਾ ਸੀ ਕਿ ਉਹ ਪ੍ਰਿਆ ਦੇ ਸਿਰ ਵਿਚ ਛੋਟੀਆਂ ਛੋਟੀਆਂ ਮੁੱਕੀਆਂ ਮਾਰਦਾ। ਇਹ ਦੇਖ ਕੇ ਪ੍ਰਿਆ ਦੀ ਚਾਚੀ ਜਿਹੜੀ ਕਿ ਸਕੂਲੋਂ ਆ ਕੇ ਆਰਾਮ ਕਰ ਰਹੀ ਹੁੰਦੀ, ਖੂਬ ਹੱਸਦੀ ਤੇ ਕਹਿੰਦੀ, 'ਆਹ ਦੇਖੀ ਨੀ ਕਿਵੇਂ ਠੋਲੇ ਮਾਰੀ ਜਾਂਦਾ ਇਹਦੇ ਸਿਰ ਵਿਚ ਇਕ ਦਿਨ ਦੁਪਹਿਰ ਦੇ ਢਾਈ ਕੁ ਵਜੇ ਸੀ। ਛੋਟੀ ਚਾਚੀ ਨੇ ਉਸ ਨੂੰ ਹਾਕ ਮਾਰੀ ਤੇ ਕਿਹਾ, 'ਮੇਰਾ ਛੋਟਾ ਮੁੰਡਾ ਬਿਮਾਰ ਹੈ ਤੂੰ ਮੇਰੇ ਨਾਲ ਦਵਾਈ ਲੈਣ ਚੱਲ ਪੈ। ਪ੍ਰਿਆ ਬੋਲੀ, 'ਚਾਚੀ ਜੀ ਮੈਂ ਵੱਡੀ ਚਾਚੀ ਨੂੰ ਦੱਸ ਕੇ ਆਉਨੀ ਹਾਂ। ' ਵੱਡੀ ਚਾਚੀ ਦੀ 'ਹਾਂ' ਸੁਣ ਕੇ ਪ੍ਰਿਆ ਛੋਟੀ ਚਾਚੀ ਨਾਲ ਡਾਕਟਰ ਕੋਲ ਚਲੀ ਗਈ।
ਡਾਕਟਰ ਤੋਂ ਦਵਾਈ ਦਵਾ ਕੇ ਛੋਟੀ ਚਾਚੀ ਨੇ ਪ੍ਰਿਆ ਨੂੰ ਆਖਿਆ, 'ਚਲ ਆਪਾਂ ਸਬਜ਼ੀ ਮੰਡੀ 'ਚੋਂ ਸਬਜ਼ੀ ਲੈ ਚੱਲੀਏ। ' ਘਰ ਮੁੜਦੇ ਸ਼ਾਮ ਦੇ ਛੇ ਵੱਜ ਗਏ ਪ੍ਰਿਆ ਦੇ ਅੰਦਰ ਵੜਦੇ ਹੀ ਉਸ ਦੀ ਵੱਡੀ ਚਾਚੀ ਨੇ ਉਸ ਨੂੰ ਕਿਹਾ, 'ਆ ਗਈ ਸਾਰਾ ਬਾਜ਼ਾਰ ਘੁੰਮ ਕੇ , ਆ ਫੜ ਕੜੀ ਤੇ ਆਹ ਤੇਰੀਆਂ ਰੋਟੀਆਂ' ਅਗਲੀ ਸਵੇਰ ਸਾਢੇ ਚਾਰ ਵਜੇ ਉਸਦੇ ਚਾਚੇ ਨੇ ਪ੍ਰਿਆ ਨੂੰ ਜਗਾਇਆ 9 ਉਸ ਨੂੰ ਵੇਖ ਕੇ ਚਾਚੀ ਨੇ ਕਿਹਾ, 'ਮੈਂ ਤੇਰੇ ਪਿਓ ਨੂੰ ਅੱਜ ਚਿੱਠੀ ਪਾ ਦੇਣੀ ਹੈ ਕਿ ਤੈਨੂੰ ਰੱਖਣ ਦਾ ਮੈਨੂੰ ਕੋਈ ਫਾਇਦਾ ਨਹੀਂ ਹੋਇਆ।' ਸੁਣਦੇ ਹੀ ਪ੍ਰਿਆ ਇਕਦਮ ਪ੍ਰੇਸ਼ਾਨ ਹੋ ਗਈ ਤੇ ਬੋਲੀ, 'ਚਾਚੀ ਜੀ ਕੀ ਹੋ ਗਿਆ?' ਚਾਚੀ ਬੋਲੀ, ''ਅਜੇ ਕੋਈ ਕਸਰ ਰਹਿ ਗਈ 'ਕੱਲ ਦੀ ਮੈਂ ਬੁਖਾਰ 'ਚ ਪਈ ਹਾਂ ਤੇ ਤੂੰ ਬਾਜ਼ਾਰਾਂ ਚ ਘੁੰਮਦੀ ਫਿਰਦੀ ਹੈ।'
ਸਾਢੇ ਚਾਰ ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪ੍ਰਿਆ ਨੰਗੇ ਪੈਰੀਂ ਫ਼ਰਸ਼ 'ਤੇ ਖੜੀ ਰੋਈ ਜਾ ਰਹੀ ਸੀ ਤੇ ਵਾਰ-ਵਾਰ ਮਿਨਤ ਕਰ ਰਹੀ ਸੀ, 'ਚਾਚੀ ਜੀ ਮੈਨੂੰ ਚਾਹੇ ਤੁਸੀਂ ਜੋ ਮਰਜ਼ੀ ਕਹਿ ਲਓ ਪਰ ਮੇਰੇ ਪਾਪਾ ਨੂੰ ਚਿੱਠੀ ਨਾ ਲਿਖਿਓ। ' ਸੁਣ ਕੇ ਅਖੀਰ ਚਾਚੀ ਨੇ ਕਿਹਾ 'ਮੈਂ ਤਾਂ ਤੈਨੂੰ ਰੱਖਿਆ ਹੀ ਇਸ ਸ਼ਰਤ 'ਤੇ ਸੀ ਕਿ ਮੇਰਾ ਕੰਮ ਹੋ ਜਾਇਆ ਕਰੂ ਤੇ ਤੇਰੀ ਪੜ੍ਹਾਈ ਹੋ ਜਾਵੇਗੀ। '
ਥੋੜ੍ਹੀ ਜਿਹੀ ਦੇਰ ਬਾਅਦ ਚਾਚੀ ਅਚਾਨਕ ਬੋਲੀ, 'ਹਾਏ ਮੇਰੇ ਸੀਨੇ ਵਿਚ ਦਰਦ ਹੋ ਰਹੀ ਹੈ। ' ਚਾਚੇ ਨੇ ਫਟਾਫਟ ਪ੍ਰੈੱਸ ਗਰਮ ਕਰਕੇ, 'ਚਾਚੀ ਦੀ ਛਾਤੀ 'ਤੇ ਪ੍ਰੈੱਸ ਦੇ ਨਾਲ ਗਰਮ ਗਰਮ ਸਕਾਈ ਕਰਨੀ ਸ਼ੁਰੂ ਕਰ ਦਿੱਤੀ। ' ਇਹ ਦੇਖ ਕੇ ਪ੍ਰਿਆ ਹੋਰ ਡਰ ਗਈ। ਮਾਂ-ਬਾਪ ਹੋਣ ਦੇ ਬਾਵਜੂਦ ਵੀ ਪ੍ਰਿਆ ਆਪਣੇ-ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੀ ਸੀ।
ਲਓ ਜੀ ਦਸੰਬਰ ਦੀਆਂ ਛੁੱਟੀਆਂ ਹੋ ਗਈਆਂ ਤੇ ਪ੍ਰਿਆ ਆਪ ਦੇ ਮਾਂ ਪਿਓ ਕੋਲ 15 ਦਿਨ ਲਈ ਆ ਗਈ। ਉਸ ਨੇ ਆਪਣੇ ਪਿਤਾ ਨੂੰ ਸਾਰੀ ਗੱਲ ਸੁਣਾਈ। ਸੁਣ ਕੇ ਪਿਤਾ ਨੇ ਕਿਹਾ, 'ਜਿਵੇਂ ਕਿਵੇਂ ਕੱਟ ਲੈ, ਨਹੀਂ ਤਾਂ ਮੇਰਾ ਮੇਰੇ ਭਰਾ ਨਾਲ ਰਿਸ਼ਤਾ ਖਰਾਬ ਹੋ ਜਾਏਗਾ। ਇਸ ਤਰ੍ਹਾਂ ਫਿਰ ਪ੍ਰਿਆ ਇਕ ਵਾਰ ਫਿਰ ਰਿਸ਼ਤਿਆਂ ਦੀ ਪੋਲੀਟਿਕਸ ਦੀ ਬਲੀ ਚੜ੍ਹ ਗਈ।
-ਮੋਬਾਈਲ :98726-56189