ਹਲਕਾ ਬੰਦਾ
ਦੋ ਦੋਸਤ ਸਨ, ਇਕ-ਦੂਜੇ ਦੀ ਜਿੰਦ-ਜਾਨ, ਦੋਵੇਂ ਇਕ-ਦੂਜੇ ਦੇ ਘਰ ਆਉਂਦੇ-ਜਾਂਦੇ ਸਨ।
ਇਕ ਦਿਨ ਪਹਿਲਾਂ ਦੂਜੇ ਨੂੰ ਮਿਲਣ ਗਿਆ, ਕੁਝ ਦੇਰ ਬੈਠਾ। ਮਗਰੋਂ ਉਸ ਦੀ ਮੇਜ਼ 'ਤੇ ਪਈਆਂ ਚੀਜ਼ਾਂ ਨਾਲ ਛੇੜ-ਛੜਾਈ ਕਰਨ ਲੱਗਾ। ਵੇਖਦੇ-ਵੇਖਦੇ ਉਸ ਦਾ ਸਭ ਕੁਝ ਹੀ ਚੌਪਟ ਕਰ ਮਾਰਿਆ।
'ਛੱਡ! ਯਾਰ, ਇਨ੍ਹਾਂ 'ਚ ਕੀ ਪਿਐ, ਆ ਰਲ ਦੁੱਖ-ਸੁੱਖ ਦੀਆਂ ਗੱਲਾਂ ਕਰੀਏ। ਬੜੇ ਦਿਨ ਹੋ ਗਏ ਮਿਲਿਆਂ ਇਕ-ਦੂਜੇ ਨੂੰ।'
'ਸਿਆਣੇ ਲਈ ਇਕ ਇਸ਼ਾਰਾ ਹੀ ਕਾਫੀ ਐ। ਦੋਸਤ, ਯਾਰੀ ਦੀ ਤੁਲਨਾ ਤੂੰ ਇਨ੍ਹਾਂ ਚੀਜ਼ਾਂ ਨਾਲ ਕਰਦਾ ਐਂ। ਮੈਂ ਤੇਰੇ ਤੋਂ ਇਹੋ ਜਿਹੀਆਂ ਲੱਖ ਵਾਰ ਦਿਆਂ।'
'ਨਹੀਂ, ਨਹੀਂ, ਤੂੰ ਐਵੇਂ ਹੀ ਨਾਰਾਜ਼ ਹੋ ਗਿਆ, ਮੇਰਾ ਮਤਲਬ ਇਹ ਨਹੀਂ ਸੀ ਮਿੱਤਰਾ।'
'ਮੈਂ ਬੱਚਾ ਨਹੀਂ, ਜੋ ਤੇਰੀ ਗੱਲ ਸਮਝਦਾ ਨਹੀਂ, ਤੂੰ ਤਾਂ ਬੜਾ ਹੀ ਹਲਕਾ ਬੰਦਾ ਨਿਕਲਿਆ।'
'ਕੀ ਕਿਹਾ?'
'ਕੁਝ ਨਹੀਂ, ਤੂੰ ਤਾਂ ਮੇਰਾ ਦਿਲ ਹੀ ਤੋੜ ਦਿੱਤਾ ਅੱਜ। ਤੈਥੋਂ ਤਾਂ ਇਹੋ ਜਿਹੀ ਉਮੀਦ ਨ੍ਹੀਂ ਸੀ ਮੈਨੂੰ ਯਾਰਾ।'
ਮੂੰਹ ਬਣਾ ਕੇ ਉਹ ਉਥੋਂ ਚਲਾ ਗਿਆ। ਫਿਰ ਉਧਰ ਮੁੜ ਨਹੀਂ ਵੇਖਿਆ।
-0-
ਹਾਂ 'ਚ ਹਾਂ
ਦੋ ਸਨੇਹੀ ਆਪਸ 'ਚ ਗੱਲਾਂ ਕਰ ਰਹੇ ਸਨ।
'ਤੁਸੀਂ ਕਿਸ ਉਤੇ ਭਰੋਸਾ ਕਰਦੇ ਹੋ?'
ਹੱਥ ਦੀ ਉਂਗਲੀ ਉਪਰ ਵੱਲ ਕਰਦੇ, ਮੈਂ ਸਿਰਫ਼ ਉਸ 'ਤੇ ਭਰੋਸਾ ਕਰਦਾ ਹਾਂ।
'ਉਹ ਕਿਉਂ?'
'ਉਸ ਦੀ ਛਤਰ ਛਾਇਆ ਹੇਠ ਜਿਉਂ ਜੀਅ ਰਿਹਾ ਹਾਂ। ਸ਼ੁਕਰ ਹੈ, ਉਸ ਦਾ, ਦੋ ਵੇਲੇ ਦੀ ਰੋਟੀ ਢਿੱਡ ਭਰ ਮਿਲ ਜਾਵੇ, ਹੋਰ ਕੀ ਚਾਹੀਦਾ ਬੰਦੇ ਨੂੰ?'
ਪਹਿਲੇ ਦਾ ਇਨਸਾਨੀਅਤ ਤੋਂ ਭਰੋਸਾ ਉੱਠ ਚੁੱਕਿਆ ਸੀ। ਉਸ ਨੇ ਇਸ ਲਈ ਸਾਥ ਦੀ ਸਾਥ ਉਸ ਦੀ ਹਾਂ 'ਚ ਹਾਂ ਮਿਲਾ ਦਿੱਤੀ।
-0-
ਮਾਸਟਰ ਜੀ
ਇਕ ਦਿਨ ਇਕ ਪੁਰਾਣੇ ਵਿਦਿਆਰਥੀ ਦੀ ਆਪਣੇ ਮਾਸਟਰ ਨਾਲ ਮੁਲਾਕਾਤ ਹੋ ਗਈ। ਉਸ ਨੇ ਪਹਿਲਾਂ ਉਨ੍ਹਾਂ ਨੂੰ ਮੱਥਾ ਟੇਕਿਆ ਤੇ ਫਿਰ ਆਪਣੀ ਪਹਿਚਾਣ ਕਰਵਾਈ। ਮਾਸਟਰ ਜੀ ਦੇ ਚਿਹਰੇ 'ਤੇ ਪ੍ਰੇਸ਼ਾਨੀ ਦੇਖ ਉਸ ਨੇ ਪੁੱਛਿਆ, 'ਮਾਸਟਰ ਜੀ, ਸਭ ਸੁੱਖ ਤਾਂ ਹੈ। ਅੱਜ ਤੁਸੀਂ ਬੜੇ ਉਦਾਸ ਤੇ ਪ੍ਰੇਸ਼ਾਨ ਜਾਪਦੇ ਹੋ। ਤੁਹਾਨੂੰ ਤਾਂ ਮੈਂ ਸਦਾ ਹੱਸਦੇ ਤੱਕਿਆ ਹੈ।'
'ਕਾਕਾ, ਤੈਨੂੰ ਮੈਂ ਕੀ ਦੱਸਾਂ। ਸਭ ਸਮੇਂ-ਸਮੇਂ ਦੀ ਗੱਲ ਹੈ। ਸਕੂਲ ਵਿਚ ਛੋਟੇ ਭਤੀਜੇ ਨੂੰ ਦਾਖ਼ਲ ਕਰਵਾਉਣਾ ਹੈ। ਕਈ ਚੱਕਰ ਲਾ ਚੁੱਕਾ ਹਾਂ, ਗੱਲ ਨਹੀਂ ਬਣੀ।'
'ਮਾਸਟਰ ਜੀ ਆਓ, ਪਹਿਲਾਂ ਚਾਹ-ਪਾਣੀ ਪੀਓ, ਤੁਸੀਂ ਫਿਕਰ ਨਾ ਕਰੋ। ਇਹ ਆਪਣੇ ਹੀ ਦਾਇਰੇ ਦੀ ਗੱਲ ਹੈ। ਹੁਣ ਦਾਖ਼ਲਾ ਹੋ ਗਿਆ ਹੀ ਸਮਝੋ।'
'ਕਾਕਾ ਮੈਂ ਸਮਝਿਆ ਨਹੀਂ।'
'ਸਮਝੋਗੇ ਵੀ ਕਿਵੇਂ? ਤੁਹਾਡਾ ਸ਼ਿਸ਼ ਜੁ ਹਾਂ। ਪ੍ਰਿੰਸੀਪਲ ਦੇ ਸਹੁਰੇ ਦਾ ਸੇਲ ਟੈਕਸ ਕੇਸ ਮੇਰੇ ਕੋਲ ਹੀ ਆਇਆ ਹੋਇਆ ਹੈ। ਉਮੀਦਵਾਰ ਦਾ ਨਾਂਅ ਤੇ ਹੋਰ ਵੇਰਵਾ ਦੇ ਦਿਓ।'
ਇਹ ਸੁਣ ਕੇ ਮਾਸਟਰ ਜੀ ਖੁਸ਼ ਵੀ ਹੋਏ ਤੇ ਉਦਾਸ ਵੀ।
-0-
ਮੁਆਵਜ਼ਾ
ਸਾਹਿਬ ਜੀ, ਮੈਂ ਮਾਰਿਆ ਗਿਆ। ਹੜ੍ਹਾਂ ਵਿਚ ਮੇਰਾ ਸਭ ਕੁਝ ਰੁੜ੍ਹ ਗਿਆ।
ਕੀ ਕੁਝ ਰੁੜ੍ਹ ਗਿਆ। ਓਏ ਤੇਰਾ?
ਮੇਰੀ ਬੀਵੀ, ਮੇਰੇ ਬੱਚੇ
ਤੇ ਹੋਰ...?
ਹੋਰ ਤਾਂ ਕੁਝ ਨਹੀਂ, ਮਾਈ-ਬਾਪ।
ਠੀਕ ਹੈ, ਇਕ ਦਰਖਾਸਤ ਦੇ ਦੇਣਾ। ਮੁਆਵਜ਼ੇ ਲਈ ਸਿਫਾਰਸ਼ ਕਰ ਦਿਆਂਗੇ।
-ਪਿੰਡ ਤੇ ਡਾਕ: ਬਰੀਵਾਲਾ-152025., ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94175-30266