30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

22-11-25

Ad Position 21
No active advertisement
ਅਜੀਤ ਡੈਸਕ 22-11-2025

 ਅਮਰ ਕਥਾਵਾਂ
(ਭਾਗ ਤੀਜਾ)
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 95 ਰੁਪਏ, ਸਫ਼ੇ : 16

ਮਹਾਂਪੁਰਸ਼ਾਂ ਦੀ ਵਚਿੱਤਰ ਲੀਲ੍ਹਾ ਨੂੰ ਆਧਾਰ ਬਣਾ ਕੇ ਬਾਲ ਸਾਹਿਤ ਖਿੱਤੇ ਵਿਚ ਚੋਖੀ ਸਮੱਗਰੀ ਦ੍ਰਿਸ਼ਟੀਗੋਚਰ ਹੁੰਦੀ ਰਹਿੰਦੀ ਹੈ। ਮਹਾਂਪੁਰਸ਼ਾਂ ਦੀ ਕਾਰਜਸ਼ੈਲੀ, ਸਿੱਖਿਆਵਾਂ, ਵਿਚਾਰਧਾਰਾ ਅਤੇ ਵਿਵਹਾਰ ਸਮਾਜ ਨੂੰ ਮੁਤਾਸਿਰ ਕਰਦੇ ਹਨ। ਅਜਿਹੇ ਹੀ ਮਹਾਂਪੁਰਸ਼ਾਂ ਦੇ ਜੀਵਨ ਵਿਚ ਵਾਪਰੀਆਂ ਵੱਖ-ਵੱਖ ਘਟਨਾਵਾਂ ਦੇ ਪ੍ਰਸੰਗਾਂ ਨੂੰ ਆਧਾਰ ਬਣਾ ਕੇ ਬਾਲ ਸਾਹਿਤ ਲੇਖਕ ਸੁਖਦੇਵ ਸਿੰਘ ਸ਼ਾਂਤ ਨੇ 'ਅਮਰ ਕਥਾ' (ਭਾਗ ਤੀਜਾ) ਪੁਸਤਕ ਦੀ ਰਚਨਾ ਕੀਤੀ ਹੈ। ਇਹ ਕਥਾਵਾਂ ਬਾਲ ਪਾਠਕਾਂ ਨੂੰ ਨੈਤਿਕ ਜੀਵਨ-ਮੁੱਲਾਂ ਨਾਲ ਜੋੜਦੀਆਂ ਹੋਈਆਂ ਉਨ੍ਹਾਂ ਦੇ ਚਰਿੱਤਰ ਨਿਰਮਾਣ ਵਿਚ ਉਸਾਰੂ ਭੂਮਿਕਾ ਨਿਭਾਉਂਦੀਆਂ ਹਨ। ਇਸ ਪੁਸਤਕ ਵਿਚ ਕੁਝ 6 ਕਹਾਣੀਆਂ ਸੰਮਿਲਿਤ ਹਨ। ਇਨ੍ਹਾਂ ਕਹਾਣੀਆਂ ਦੀ ਸਿਰਜਣਾ ਲਈ ਲੇਖਕ ਨੇ ਪੂਰਵ ਪ੍ਰਕਾਸ਼ਿਤ ਪੁਸਤਕਾਂ 'ਬੁੱਧ ਚਰਿਤ', 'ਪਵਿੱਤਰ ਬਾਈਬਲ', 'ਵਾਰਾਂ ਭਾਈ ਗੁਰਦਾਸ ਜੀ', 'ਪਰਚੀਆਂ ਸੇਵਾ ਦਾਸ', 'ਸਿੱਖਾਂ ਦੀ ਭਗਤ ਮਾਲਾ', 'ਭਗਤ ਜੀ ਦੀ ਸਫ਼ਲ ਭਈ ਯਾਤਰਾ', 'ਮਸਲੇ ਸ਼ੇਖ਼ ਫ਼ਰੀਦ ਕੇ' ਅਤੇ 'ਮਹਾਨ ਲੋਕਾਂ ਦੀਆਂ ਜੀਵਨੀਆਂ' ਆਦਿ ਨੂੰ ਆਧਾਰ ਬਣਾਇਆ ਹੈ। ਸੰਖਿਪਤ ਰੂਪ ਵਿਚ ਲਿਖੀਆਂ ਗਈਆਂ ਇਨ੍ਹਾਂ ਬਾਲ ਕਹਾਣੀਆਂ ਵਿਚੋਂ ਪ੍ਰਥਮ ਬਾਲ ਕਹਾਣੀ 'ਸਾਰੀਆਂ ਭਾਸ਼ਾਵਾਂ ਚੰਗੀਆਂ ਹਨ' ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਕਸ਼ਮੀਰ ਦੇ ਭਾਈ ਮਾਧੋ ਜੀ ਨਾਲ ਸੰਬੰਧਤ ਹੈ। ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਭਾਈ ਮਾਧੋ ਜੀ ਨੂੰ ਜਦੋਂ ਕੁਝ ਵਿਦਵਾਨ ਪੰਡਿਤ ਦੇਵ-ਭਾਸ਼ਾ ਸੰਸਕ੍ਰਿਤ ਛੱਡ ਕੇ ਕਿਸੇ ਹੋਰ ਭਾਸ਼ਾ ਵਿਚ ਲਿਖੀ ਗਈ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ 'ਤੇ ਗਿਲਾ ਜ਼ਾਹਿਰ ਕਰਦੇ ਹਨ ਤਾਂ ਭਾਈ ਮਾਧੋ ਦਾਸ ਜੀ ਪਿੱਤਲ, ਲੋਹੇ ਤੇ ਮਿੱਟੀ ਦੇ ਬਰਤਨਾਂ ਵਿਚ ਪਏ ਦੇਸੀ ਘੀ ਦੇ ਦ੍ਰਿਸ਼ਟਾਂਤ ਤਰਕ ਨਾਲ ਸਮਝਾਉਂਦੇ ਹਨ ਕਿ ਭਾਸ਼ਾ ਵੀ ਭਾਂਡੇ ਦੀ ਭਾਂਤੀ ਹੈ ਅਤੇ ਬ੍ਰਹਮ ਗਿਆਨ ਦੇਸੀ ਘਿਉ ਵਾਂਗ। ਭਾਵੇਂ ਕਿਸੇ ਵੀ ਭਾਸ਼ਾ ਰੂਪੀ ਭਾਂਡੇ ਵਿਚ ਇਹ ਰੱਬੀ ਗਿਆਨ ਪਾਇਆ ਜਾਵੇ ਤਾਂ ਉਹ ਰੱਬੀ ਗਿਆਨ ਹੀ ਰਹਿੰਦਾ ਹੈ, ਆਪਣਾ ਮਹੱਤਵ ਨਹੀਂ ਗੁਆਉਂਦਾ। 'ਸੁਣਨਾ ਵੀ ਸਿੱਖੋ' ਕਹਾਣੀ ਦਾ ਬੁਨਿਆਦੀ ਸੰਦੇਸ਼ ਇਹ ਹੈ ਕਿ ਜਿਹੜੇ ਮਾਪੇ ਖ਼ੁਦ ਨਸ਼ਾ ਕਰਦੇ ਹਨ, ਝੂਠ ਬੋਲਦੇ ਹਨ ਜਾਂ ਅਪਰਾਧੀ ਪ੍ਰਵਿਰਤੀ ਦਾ ਸ਼ਿਕਾਰ ਹਨ, ਉਨ੍ਹਾਂ ਦੀ ਸੰਤਾਨ ਉਪਰ ਚੰਗੀਆਂ ਗੱਲਾਂ ਦਾ ਪ੍ਰਭਾਵ ਤਦ ਨਹੀਂ ਪੈ ਸਕਦਾ ਜਦੋਂ ਉਹ ਖ਼ੁਦ ਚੰਗੀਆਂ ਗੱਲਾਂ ਨੂੰ ਆਤਮਸਾਤ ਨਹੀਂ ਕਰਦੇ, ਚੰਗੇ ਇਖ਼ਲਾਕ ਨੂੰ ਅਮਲ ਵਿਚ ਨਹੀਂ ਲਿਆਉਂਦੇ। 'ਬਚਨ ਦੀ ਪਾਲਣਾ' ਕਹਾਣੀ ਮਾਨਵਤਾ ਨੂੰ ਨਫ਼ਰਤੀ ਜੰਜਾਲ ਵਿਚੋਂ ਬਾਹਰ ਨਿਕਲ ਕੇ ਇਕ-ਦੂਜੇ ਨਾਲ ਸਮਾਨਤਾ ਦਾ ਵਿਵਹਾਰ ਕਰਨ ਦਾ ਉਪਦੇਸ਼ ਦਿੰਦੀ ਹੈ। 'ਅਸਲੀ ਕਰਾਮਾਤ' ਕਹਾਣੀ ਵਿਚ ਸ਼ੇਖ਼ ਫ਼ਰੀਦ ਜੀ ਤੇ ਉਨ੍ਹਾਂ ਦੇ ਸਾਥੀ ਗ਼ਰੀਬ ਦੀ ਝੁੱਗੀ ਵਿਚ ਪਹਿਲਾਂ ਵਰਗਾ ਸਕੂਨ ਅਨੁਭਵ ਕਰਦੇ ਹਨ। ਆਖ਼ਰੀ ਕਹਾਣੀ 'ਸੜਕਾਂ 'ਤੇ ਪਏ ਰੋੜ' ਭਗਤ ਪੂਰਨ ਸਿੰਘ ਦੀ ਬਜ਼ੁਰਗਾਂ, ਲੋੜਵੰਦਾਂ, ਦੀਨ-ਦੁਨੀਆ ਪ੍ਰਤੀ ਪਰਉਪਕਾਰੀ ਵਿਵਹਾਰ ਕਰਨ ਦੀ ਭਾਵਨਾ ਨੂੰ ਦ੍ਰਿੜ੍ਹਾਉਂਦੀ ਹੈ। ਸ਼ਾਂਤ ਦੀਆਂ ਇਹ ਕਹਾਣੀਆਂ ਦਿਲਚਸਪ ਅਤੇ ਪ੍ਰੇਰਕ ਹਨ। ਕੇਵਲ 16 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 95 ਰੁਪਏ ਬੱਚਿਆਂ ਦੇ ਵਿੱਤ ਤੋਂ ਬਾਹਰ ਵਾਲੀ ਗੱਲ ਹੈ। ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703


ਜੰਗਲ ਤੋਂ ਪਾਰ
ਮੂਲ ਲੇਖਿਕਾ : ਸੀਤਾ ਰਤਨਾਮਲ
ਅਨੁਵਾਦਕ : ਜੰਗ ਬਹਾਦਰ ਗੋਇਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 184
ਸੰਪਰਕ : 098551-23499

ਪੰਜਾਬੀ ਸਾਹਿਤ ਵਿਚ ਜੰਗ ਬਹਾਦਰ ਗੋਇਲ ਸਾਡੇ ਸਤਿਕਾਰਯੋਗ ਲੇਖਕ ਹਨ। ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲਾਂ ਦਾ ਪੰਜਾਬੀ ਰੂਪਾਂਤਰਨ ਕਰਕੇ ਸ੍ਰੀ ਗੋਇਲ ਨੇ ਇਕ ਵੱਖਰੀ ਪੈਂਠ ਸਥਾਪਿਤ ਕੀਤੀ। ਇਸ ਤੋਂ ਬਿਨਾਂ ਉਨ੍ਹਾਂ ਨੇ ਹੋਰ ਕਲਾਸਕੀ ਰਚਨਾਵਾਂ ਦਾ ਅਨੁਵਾਦ ਕਰਕੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ। ਉਨ੍ਹਾਂ ਦੀ ਚਰਚਿਤ ਪੁਸਤਕ 'ਮੁਹੱਬਤਨਾਮਾ' ਪੜ੍ਹਨਯੋਗ ਹੈ। ਉਨ੍ਹਾਂ ਦੀ ਸਮੁੱਚੀ ਘਾਲਣਾ ਦਾ ਪ੍ਰਤੀਬਿੰਬ 'ਸਾਹਿਤ ਸੰਜੀਵਨੀ' ਨੇ ਤਾਂ ਹਰ ਕਿਸੇ ਨੂੰ ਅਚੰਭਿਤ ਕਰ ਦਿੱਤਾ। 'ਜੰਗਲ ਤੋਂ ਪਾਰ' ਆਦਿਵਾਸੀ ਸੀਤਾ ਰਤਨਾਮਲ ਦੀ ਸਵੈ-ਜੀਵਨੀ ਦਾ ਪੰਜਾਬੀ ਅਨੁਵਾਦ ਤਾਂ ਪਾਠਕ ਦੀਆਂ ਅੱਖਾਂ ਖੋਲ੍ਹਣ ਵਾਲਾ ਕਾਰਜ ਹੈ। ਹਰ ਭਾਸ਼ਾ ਵਿਚ ਸਵੈ-ਜੀਵਨੀ ਅਤੇ ਜੀਵਨੀ ਸਾਹਿਤ ਪਾਠਕ ਲਈ ਪੜ੍ਹਨਾ ਅਤੀ ਰੁਮਾਂਚਿਕ ਹੁੰਦਾ। ਸ੍ਰੀ ਗੋਇਲ ਦੀ ਅੰਗਰੇਜ਼ੀ ਅਤੇ ਪੰਜਾਬੀ ਵਿਚ ਪਕੜ ਇੰਝ ਹੈ ਜਿਵੇਂ ਸ਼ੁੱਧ ਸ਼ਹਿਦ ਨੂੰ ਚੱਟਣਾ। ਸੰਸਾਰ ਵਿਚ ਉੱਤਮ ਜੀਵਨੀਆਂ ਨੇ ਕ੍ਰਾਂਤੀ ਲਿਆਉਣ ਵਰਗਾ ਕਾਰਜ ਕੀਤਾ। ਮੇਰੀ ਜਾਚੇ 'ਜੰਗਲ ਤੋਂ ਪਾਰ' ਸਵੈ-ਜੀਵਨੀ ਦਾ ਅਨੁਵਾਦ ਬਹੁਤ ਸਾਰੇ ਮਸਲਿਆਂ ਨੂੰ ਹੱਲ ਕਰਨ ਵਿਚ ਸਹਾਈ ਹੋਵੇਗਾ। ਲੇਖਿਕਾ ਸੀਤਾ ਨੇ ਆਦਿਵਾਸੀ ਔਰਤ ਦੀ ਸੰਵੇਦਨਾ ਨੂੰ ਜਿਸ ਢੰਗ ਨਾਲ ਪੇਸ਼ ਕੀਤਾ, ਉਸ ਦਾ ਕੋਈ ਜਵਾਬ ਨਹੀਂ। ਉਸ ਦਾ ਬਿਰਤਾਂਤ ਨਾਵਲ ਦੀ ਖਿੱਚ ਵਾਲਾ ਅਤੇ ਸਫ਼ਰਨਾਮੇ ਦੀ ਗਿਆਨ ਵਰਧਕ ਵਿਧਾ ਵਰਗਾ ਹੈ। ਜਿਸ ਸ਼ਿੱਦਤ ਅਤੇ ਮੂਲ ਰਚਨਾ ਦੀ ਰੂਹ ਦੀ ਵੇਦਨਾ ਨੂੰ ਸ੍ਰੀ ਗੋਇਲ ਨੇ ਪੰਜਾਬੀ ਭਾਸ਼ਾ ਦੀ ਖ਼ੂਬਸੂਰਤ ਸ਼ੈਲੀ ਵਿਚ ਸੰਜੋਇਆ, ਉਸ ਨੂੰ ਤਾਂ ਪੜ੍ਹਿਆਂ ਹੀ ਮਾਣਿਆ ਜਾ ਸਕਦਾ। ਇਹ ਗਾਥਾ ਇਕ ਦੁਰਲੱਭ ਪੁਸਤਕ ਹੈ। ਅੰਗਰੇਜ਼ੀ 'ਚ ਲਿਖੀ 2e਼ond the *un{&e ਲੰਡਨ 'ਚ 1968 'ਚ ਪ੍ਰਕਾਸ਼ਿਤ ਹੋਈ। ਲੇਖਿਕਾ ਸੀਤਾ 'ਇਰੂਲਾ' ਆਦਿਵਾਸੀ ਕਬੀਲੇ ਦੀ ਜੰਮਪਲ ਹੈ। ਬਚਪਨ 'ਚ ਉਹ ਸੋਨੇ ਦੀ ਖਾਨ 'ਚ ਡਿਗ ਜਾਂਦੀ ਤੇ ਹਸਪਤਾਲ 'ਚ ਉਸ ਦਾ ਇਲਾਜ ਡਾ. ਕ੍ਰਿਸ਼ਨ ਰਾਜਨ ਕਰਦਾ ਤੇ ਉੱਥੋਂ ਇਹ ਪ੍ਰੇਮ ਕਹਾਣੀ ਸ਼ੁਰੂ ਹੋ ਜਾਂਦੀ ਹੈ। ਸਰਕਾਰੀ ਖ਼ਰਚੇ 'ਤੇ ਉਸ ਨੂੰ ਡੋਡਾ ਦੇ ਮਿਆਰੀ ਸਕੂਲ ਵਿਚ ਦਾਖਲਾ ਮਿਲਿਆ। ਸਕੂਲ ਵਿਚ ਆਦਿਵਾਸੀ ਵਿਦਿਆਰਥਣ ਨੂੰ ਜਿਹੜੀਆਂ ਦਿੱਕਤਾਂ, ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਹ ਪੜ੍ਹ ਕੇ ਮਨ ਝੰਜੋੜਿਆ ਜਾਂਦਾ। ਸੀਤਾ ਨੂੰ ਆਪਣਾ ਜੰਗਲੀ ਜੀਵਨ ਬਹੁਤ ਪਿਆਰਾ ਸੀ। ਉਸ ਨੂੰ ਸ਼ਹਿਰੀ ਜੀਵਨ ਰਾਸ ਆਉਣਾ ਕੈਦ ਵਾਂਗ ਸੀ। ਸਕੂਲੀ ਪੜ੍ਹਾਈ ਤੋਂ ਬਾਅਦ ਉਹ ਨਰਸ ਦੀ ਟ੍ਰੇਨਿੰਗ ਕਰਦੀ, ਉੱਥੇ ਵੀ ਉਸ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਉਸ ਦੀ ਪ੍ਰੀਤ ਕਹਾਣੀ ਕ੍ਰਿਸ਼ਨ ਰਾਜਨ ਡਾਕਟਰ ਨਾਲ ਬਹੁਤ ਹੀ ਟੁੰਬਣ ਵਾਲੀ, ਦੋਵੇਂ ਮੁਹੱਬਤ 'ਚ ਲਬਰੇਜ਼ ਹਨ ਪ੍ਰੰਤੂ ਆਪਣੇ ਕੁਨਬਿਆਂ ਦੀਆਂ ਪਰੰਪਰਾਰਿਕ ਰੀਤਾਂ ਦੀ ਉਲੰਘਣਾ ਕਰਨ ਤੋਂ ਮਜਬੂਰ ਹਨ। ਡਾਕਟਰ ਰਾਜਨ ਬ੍ਰਾਹਮਣਵਾਦੀ ਹੈ ਤੇ ਸੀਤਾ ਇਰੂਲਾ ਆਦਿਵਾਸੀ ਹੈ, ਦੋਵਾਂ ਦੀ ਸ਼ਾਦੀ ਨਾ ਹੋਣਾ, ਇਸ ਜੀਵਨੀ ਦਾ ਸਭ ਤੋਂ ਵੱਡੀ ਤ੍ਰਾਸਦੀ। ਕਮਾਲ ਇਸ ਗੱਲ 'ਚ ਹੈ ਕਿ ਦੋਵੇਂ ਰੂਹਾਨੀ ਮੁਹੱਬਤ ਦੀ ਪਾਕੀਜ਼ਗੀ ਕਾਇਮ ਰੱਖਦੇ ਹਨ ਅਤੇ ਸਰੀਰਕ-ਭੋਗਤਾ ਦਾ ਅਨੁਸ਼ਾਸਨ ਕਾਇਮ ਰੱਖਦੇ ਹਨ। ਇਹ ਜੀਵਨੀ ਟੋਡਾ ਕਬੀਲੇ ਦੀ ਅੱਗ 'ਤੇ ਤੁਰਨ ਵਾਲੇ ਉਤਸਵ ਦਾ ਨਜ਼ਾਰਾ ਖ਼ੂਬ ਪੇਸ਼ ਕਰਦੀ ਹੈ। ਸੀਤਾ ਕਿਵੇਂ ਟਾਲਸਟਾਏ, ਟੈਗੋਰ, ਡਿਕਨਨਜ਼, ਐਡਵਰਡ ਥਾਮਸ ਆਦਿ ਦੀਆਂ ਪੁਸਤਕਾਂ ਪੜ੍ਹ ਕੇ ਗਿਆਨਵਾਨ ਬਣਦੀ। ਇਸ ਜੀਵਨੀ 'ਚ ਸਫ਼ਰਨਾਮਾ-ਸਾਹਿਤ ਦੀਆਂ ਖ਼ੂਬੀਆਂ ਦੀ ਬਰੀਕ-ਬੀਨੀ ਅਤੇ ਦ੍ਰਿਸ਼-ਵਰਨਣ ਚਕਿਰਤ ਕਰਨ ਵਾਲਾ ਹੈ। ਇਸ ਜੀਵਨੀ 'ਚ ਸੀਤਾ ਦੇ ਜੀਵਨ ਨੂੰ ਪ੍ਰੇਰਨਾ ਦੇਣ ਵਾਲਾ ਉਸ ਦਾ ਪਿਤਾ (ਅੱਪਾ) ਮਾਇਆ, ਹੈੱਡਮਿਸਟ੍ਰੈੱਸ ਤੇ ਅਜਰਾ ਜ਼ਿਕਰਯੋਗ ਭੂਮਿਕਾ ਨਿਭਾਉਂਦੇ ਹਨ। ਮਿਸ ਡੇਵਾਜ ਅਧਿਆਪਕਾ ਦਾ ਦੈਂਤੀ ਵਤੀਰਾ ਸੀਤਾ ਨੂੰ ਜਿਵੇਂ ਜ਼ਲੀਲ ਕਰਦਾ, ਉਸ ਨੂੰ ਪੜ੍ਹ ਕੇ ਪਾਠਕ ਅੱਥਰੂ ਕੇਰੇ ਬਿਨਾਂ ਨਹੀਂ ਰਹਿ ਸਕਦਾ। ਬਹੁਤ ਹੋਣਹਾਰ, ਬੁੱਧ-ਬਿਬੇਕ, ਫਰਮਾਬਰਦਾਰ ਤੇ ਸੂਝਵਾਨ ਸੀਤਾ ਆਪਣੇ ਸੁਪਨੇ ਸਾਕਾਰ ਕਰਨ ਵਿਚ ਸਫ਼ਲ ਨਹੀਂ ਹੁੰਦੀ। ਕਾਸ਼! ਸੀਤਾ ਨੂੰ ਜੇਕਰ ਹਾਲਾਤ ਸੁਖਾਵੇਂ ਮਿਲਦੇ ਤਾਂ ਉਹ ਦੇਸ ਦੀ ਉੱਚ-ਪਦਵੀ ਵੀ ਹਾਸਿਲ ਕਰ ਸਕਦੀ ਸੀ। ਇਹੋ ਇਸ ਜੀਵਨੀ ਦਾ ਦੁਖਾਂਤ ਹੈ। ਜੰਗਲੀ ਜੀਵਾਂ, ਰੁੱਖਾਂ, ਪੰਛੀਆਂ, ਫੁੱਲਾਂ, ਪਹਾੜਾਂ, ਦਰਿਆਵਾਂ, ਅੰਬਰ, ਪੌਣਾਂ ਆਦਿ ਬਾਰੇ ਸੁੰਦਰ-ਸ਼ੈਲੀ 'ਚ ਵਰਨਣ ਕੀਤਾ ਬਿਆਨ, ਸੀਤਾ ਦੇ ਅੰਦਰਲੇ ਸੰਸਾਰ ਦੀ ਚਿੱਤਰਕਾਰੀ ਦਾ ਸਜੀਵ ਮਾਧਿਅਮ ਹੈ। ਡਾ. ਰਤਨ ਤੇ ਸੀਤਾ ਵਿਚਕਾਰ ਮੁਹੱਬਤੀ ਖੱਤ ਇਸ ਜੀਵਨੀ 'ਚ ਸੁੱਚੀ ਧੜਕਣ ਦਾ ਕੰਮ ਕਰਦੇ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900


ਸਿੱਖ ਕਾਜ ਨੂੰ ਪ੍ਰਣਾਈਆਂ ਮਹਾਨ ਸਿੱਖ ਇਸਤਰੀਆਂ
ਲੇਖਿਕਾ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਨਵਯੁੱਗ ਪਬਲੀਸ਼ਰ, ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 136
ਸੰਪਰਕ : 98728-98599

ਬੀਬੀ ਪਰਮਜੀਤ ਕੌਰ ਸਰਹਿੰਦ ਇਕ ਬਹੁਵਿਧਾਈ ਲੇਖਿਕਾ ਹੈ। ਇਹ ਵੀ ਕਿ ਲੇਖਣ-ਕਾਰਜ ਉਸ ਦੇ ਜੀਵਨ ਦੀ ਪ੍ਰਮਾਣਿਕਤਾ ਦਾ ਆਧਾਰ ਹੈ। ਉਸ ਦੀ ਹਰ ਰਚਨਾ ਨੇ ਉਸ ਨੂੰ ਲਿਖਣ ਵਾਸਤੇ ਮਜਬੂਰ ਕੀਤਾ ਹੈ। ਜੇ ਉਹ ਚਾਹੇ ਵੀ ਤਾਂ ਉਹ ਲੇਖਣ-ਕਾਰਜ ਤੋਂ ਬੇਮੁਖ ਨਹੀਂ ਹੋ ਸਕਦੀ। ਅਜਿਹੀ ਵਚਨਬੱਧਤਾ ਦੇ ਸਦਕਾ ਉਸ ਨੇ ਪੰਜਾਬ ਦੇ ਸੱਭਿਆਚਾਰ, ਇਤਿਹਾਸ, ਮਨਅੰਤਰ ਦੀ ਵੇਦਨਾ ਅਤੇ ਹੋਰ ਬਹੁਤ ਸਾਰੇ ਸਰੋਕਾਰਾਂ ਬਾਰੇ ਕਵਿਤਾਵਾਂ, ਗ਼ਜ਼ਲਾਂ, ਨਿਬੰਧ ਅਤੇ ਕਹਾਣੀਆਂ ਆਦਿ ਦੀ ਰਚਨਾ ਕੀਤੀ ਹੈ। ਇਕ ਸਫ਼ਰਨਾਮਾ ਵੀ ਲਿਖਿਆ ਹੈ। ਉਸ ਦੀਆਂ ਲਿਖਤਾਂ ਨੂੰ ਪੰਜਾਬ ਦੀਆਂ ਕਈ ਉੱਚ-ਸੰਸਥਾਵਾਂ ਵਲੋਂ ਪੁਰਸਕਾਰਿਤ ਵੀ ਕੀਤਾ ਗਿਆ ਹੈ। ਹਥਲੀ ਰਚਨਾ ਵਿਚ ਸੁਘੜ ਅਤੇ ਸਿਦਕੀ ਲੇਖਿਕਾ ਨੇ ਸਿੱਖ ਇਤਿਹਾਸ ਦੀਆਂ ਕੁਝ ਗੌਰਵਮਈ ਇਸਤਰੀਆਂ ਦੇ ਸੰਖੇਪ ਜੀਵਨ-ਬਿਰਤਾਂਤ ਲਿਖੇ ਹਨ। ਇਨ੍ਹਾਂ ਮਹਾਨ ਇਸਤਰੀਆਂ ਵਿਚ ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਮਾਤਾ ਗੰਗਾ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਤਾ ਜੀਤੋ ਜੀ, ਮਾਤਾ ਸਾਹਿਬ ਕੌਰ ਜੀ, ਬੀਬੀ ਪ੍ਰੇਮੋ ਜੀ (ਭਾਈ ਜੈਤਾ ਜੀ ਦੇ ਮਾਤਾ ਜੀ) ਆਦਿ ਸਤਿਕਾਰਯੋਗ ਇਸਤਰੀਆਂ ਦੇ ਜੀਵਨ-ਬਿਰਤਾਂਤ ਦ੍ਰਿਸ਼ਟੀਗੋਚਰ ਹੁੰਦੇ ਹਨ। ਇਨ੍ਹਾਂ ਇਸਤਰੀਆਂ ਵਿਚ ਬਹੁਤੇ ਗੁਰੂ-ਮਹਿਲ ਸਨ ਅਤੇ ਸਿੱਖ ਧਰਮ ਦੇ ਵਿਕਾਸ ਵਿਚ ਉਨ੍ਹਾਂ ਦਾ ਉੱਘਾ ਯੋਗਦਾਨ ਰਿਹਾ ਹੈ। ਬੀਬੀ ਸਰਹਿੰਦ ਨੇ ਇਨ੍ਹਾਂ ਮਹਾਨ ਇਸਤਰੀਆਂ ਦੇ ਜੀਵਨ ਵੇਰਵੇ ਇੱਧਰੋਂ-ਉੱਧਰੋਂ ਤਲਾਸ਼ ਕੀਤੇ। ਇਸ ਮੰਤਵ ਲਈ ਡਾ. ਮਹਿੰਦਰ ਕੌਰ ਗਿੱਲ, ਪ੍ਰੋ. ਪਿਆਰਾ ਸਿੰਘ ਪਦਮ, ਡਾ. ਰਤਨ ਸਿੰਘ ਜੱਗੀ, ਸ. ਰੂਪ ਸਿੰਘ (ਸ਼੍ਰੋ.ਗੁ.ਪ੍ਰੰ.ਕ. ਅੰਮ੍ਰਿਤਸਰ) ਭਾਈ ਸੰਤੋਖ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਅਤੇ ਕੁਝ ਹੋਰ ਸਿੱਖ ਇਤਿਹਾਸਕਾਰਾਂ ਦੀਆਂ ਰਚਨਾਵਾਂ ਨੂੰ ਘੋਖਿਆ, ਹੰਘਾਲਿਆ ਅਤੇ ਤੁਲਨਾਤਮਿਕ ਅਧਿਐਨ ਕਰਨ ਪਿੱਛੋਂ ਲੇਖਣੀ ਦਾ ਰੂਪ ਦਿੱਤਾ। ਹਵਾਲਾ-ਪੁਸਤਕਾਂ ਪੂਰੀ ਇਮਾਨਦਾਰੀ ਅਤੇ ਵਿਧੀਪੂਰਵਕ 'ਕੋਟ' ਕੀਤਾ ਗਿਆ ਹੈ, ਸਿੱਧ ਹੋ ਜਾਂਦਾ ਹੈ ਕਿ ਲੇਖਿਕਾ ਨੂੰ ਇਤਿਹਾਸ ਲੇਖਣ ਬਾਰੇ ਡੂੰਘੀ ਸਮਝ ਹੈ। ਲੇਖਿਕਾ ਦੀ ਸ਼ੈਲੀ ਸਤਿਕਾਰਸੂਚਕ ਅਤੇ ਨਿਮਰਤਾ ਭਰਪੂਰ ਹੈ। ਉਹ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਨੂੰ ਬੜੀ ਸ਼ਰਧਾ ਅਤੇ ਸਿਦਕ ਨਾਲ ਉਸਾਰਦੀ ਹੈ। ਸਿੱਖ ਇਤਿਹਾਸ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਲਈ ਇਹ ਇਕ ਸਾਂਭਣਯੋਗ ਕਿਰਤ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਗ਼ਜ਼ਲ ਸੰਗ੍ਰਹਿ 'ਜ਼ਖ਼ਮੀ ਡਾਰ ਪਰਿੰਦਿਆਂ ਦੀ' ਦੇ ਆਧਾਰ
'ਤੇ ਬਲਦੇਵ ਸਿੰਘ ਬੱਦਨ ਦੀ ਗ਼ਜ਼ਲ ਚੇਤਨਾ

ਸੰਪਾਦਕ : ਡਾ. ਅਮਰ ਕੋਮਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 300 ਰੁਪਏ, ਸਫੇ : 136
ਸੰਪਰਕ : 88376-84173

ਹੱਥਲੀ ਪੁਸਤਕ ਸਮਾਲੋਚਨਾ ਦੀ ਪੁਸਤਕ ਹੈ, ਜਿਸ ਦਾ ਆਧਾਰ ਡਾ. ਬਲਦੇਵ ਸਿੰਘ ਬੱਦਨ ਦਾ ਪਿਛਲੇ ਦਿਨੀਂ ਛਪਿਆ ਗ਼ਜ਼ਲ ਸੰਗ੍ਰਹਿ 'ਜ਼ਖ਼ਮੀ ਡਾਰ ਪਰਿੰਦਿਆਂ ਦੀ' ਹੈ। ਇਸ ਆਲੋਚਨਾ ਦੀ ਪੁਸਤਕ ਨੂੰ ਡਾ. ਅਮਰ ਕੋਮਲ ਜੀ ਨੇ ਸੰਪਾਦਿਤ ਕੀਤਾ ਹੈ। ਇਸ ਪੁਸਤਕ ਵਿਚ ਜਿਨ੍ਹਾਂ ਆਲੋਚਕਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ, ਉਨ੍ਹਾਂ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਿੰ. ਡਾ. ਇੰਦਰਜੀਤ ਸਿੰਘ ਵਾਸੂ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਸਤਪ੍ਰੀਤ ਸਿੰਘ ਜੱਸਲ, ਸ੍ਰੀ ਪਵਨ ਹਰਚੰਦਪੁਰੀ, ਪ੍ਰੋ. ਬਲਦੇਵ ਸਿੰਘ ਬੱਲੀ, ਡਾ. ਰਾਕੇਸ਼ ਸ਼ਰਮਾ (ਸੁਆਮੀ ਆਨੰਦ ਗਣਤਵ), ਰਘਬੀਰ ਸਿੰਘ ਭਰਤ, ਗੁਲਜ਼ਾਰ ਸਿੰਘ ਸ਼ੌਂਕੀ, ਅਮਰੀਕ ਡੋਗਰਾ, ਅੰਮ੍ਰਿਤਪਾਲ ਸਿੰਘ ਸ਼ੈਦਾ, ਸੁਖਦੇਵ ਸਿੰਘ ਔਲਖ, ਜਗਦੀਸ਼ ਰਾਣਾ, ਮਾਲਵਿੰਦਰ ਸ਼ਾਇਰ, ਡਾ. ਸਰਦੂਲ ਸਿੰਘ ਔਜਲਾ, ਗੁਰਚਰਨ ਸਿੰਘ ਚਰਨ ਅਤੇ ਦੀਪ ਜਗਦੀਪ ਸਿੰਘ। ਉਕਤ 17 ਦੇ 17 ਵਿਦਵਾਨਸਮਾਲੋਚਕ ਆਪਣੀ ਵਿਦਵਤਾ ਲਈ ਪ੍ਰਸਿੱਧ ਹਨ। ਡਾ. ਬਲਦੇਵ ਸਿੰਘ ਬੱਦਨ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਪੂਰਵ ਡਾਇਰੈਕਟਰ ਅਤੇ ਚੀਫ਼ ਐਡੀਟਰ ਰਹੇ ਹਨ। ਡਾ. ਅਮਰ ਕੋਮਲ ਜੀ ਨੇ ਡਾ. ਬੱਦਨ ਜੀ ਦੀ ਸਾਹਿਤ ਸਿਰਜਣਾ ਦੀ ਥਾਹ ਪਾਈ ਹੈ। ਸੈਂਕੜੇ ਪੁਸਤਕਾਂ ਦੀ ਸਿਰਜਣਾ ਅਤੇ ਅਨੁਵਾਦ ਉਨ੍ਹਾਂ ਨੇ ਕੀਤੇ ਹਨ। ਉਹ ਲਿਖਦੇ ਹਨ ਕਿ ਡਾ. ਬੱਦਨ 1980 ਤੋਂ ਨਿਰੰਤਰ ਗ਼ਜ਼ਲ ਲਿਖ ਰਹੇ ਹਨ। 1987 ਤੋਂ ਉਹ ਸਮਿੱਲਤ ਪੁਸਤਕਾਂ ਵਿਚ ਛਪਣ ਲੱਗੇ ਸਨ। ਡਾ. ਇੰਦਰਜੀਤ ਸਿੰਘ ਵਾਸੂ ਜੀ ਇਸ ਗ਼ਜ਼ਲ ਸੰਗ੍ਰਹਿ ਨੂੰ 'ਇਕ ਸਫਲ ਇਨਕਲਾਬੀ' ਰਚਨਾ ਕਹਿੰਦੇ ਨੇ ਸੁਰਜੀਤ ਜੱਜ ਨੇ ਇਸ ਪੁਸਤਕ ਦੀ ਲੋਕ ਅਰਪਣਾ ਪ੍ਰੋਗਰਾਮ ਮੌਕੇ ਕਿਹਾ ਸੀ ਕਿ ਇਸ ਗ਼ਜ਼ਲ ਸੰਗ੍ਰਹਿ ਦੀਆਂ ਕਈ ਗ਼ਜ਼ਲਾਂ ਤੇ ਥੀਸਿਸ ਲਿਖੇ ਜਾ ਸਕਦੇ ਹਨ। ਡਾ. ਪਰਮਜੀਤ ਸਿੰਘ ਢੀਂਗਰਾ ਜੀ ਇਕ ਪ੍ਰਸਿੱਧ ਭਾਸ਼ਾਈ ਮਾਹਿਰ ਹਨ, ਉਨ੍ਹਾਂ 'ਜ਼ਖ਼ਮੀ ਡਾਰ ਪਰਿੰਦਿਆਂ ਦੀ' ਭਾਸ਼ਾਈ ਸਰੋਕਾਰਾਂ ਦੀ ਚਰਚਾ ਦਾ ਪ੍ਰਸੰਸਾਮੁਖੀ ਮੁਲਾਂਕਣ ਕੀਤਾ ਹੈ। ਉਨ੍ਹਾਂ ਨੇ ਬੱਦਨ ਦੇ 80 ਦੇ ਕਰੀਬ ਸ਼ਿਅਰਾਂ ਦੇ ਹਵਾਲੇ ਨਾਲ ਉਸ ਨੂੰ ਭਾਸ਼ਾਈ ਤੌਰ 'ਤੇ ਨਵੀਆਂ ਪੈੜਾਂ ਦਾ ਪੈੜਕਾਰ ਦੱਸਿਆ ਹੈ। ਡਾ. ਸਤਪ੍ਰੀਤ ਸਿੰਘ ਜੱਸਲ ਨੇ ਬੱਦਨ ਦੀ ਗ਼ਜ਼ਲ ਸੰਬੰਧੀ ਚਿਹਨਕ ਅਧਿਐਨ ਕੀਤਾ ਹੈ। ਉਹ ਲਿਖਦੇ ਹਨ ਕਿ ਡਾ. ਬਲਦੇਵ ਸਿੰਘ ਬੱਦਨ ਪਹਿਲਾਂ ਤੋਂ ਹੀ ਪੰਜਾਬੀ ਸਾਹਿਤ ਦਾ ਸਥਾਪਿਤ ਹਸਤਾਖਰ ਹੈ ਅਤੇ ਗ਼ਜ਼ਲ ਵਿਚ ਵੀ ਨਵੀਨ ਪ੍ਰਤਿਭਾ ਦਾ ਅਲੰਬਰਦਾਰ ਹੋ ਨਿਬੜਿਆ ਹੈ। ਰਘਬੀਰ ਸਿੰਘ ਭਰਤ ਨੇ ਬਲਦੇਵ ਸਿੰਘ ਬੱਦਨ ਨੂੰ ਸਾਹਿਤ ਦਾ ਝਿਲਮਿਲਾਉਂਦਾ ਤੇ ਮੋਤੀਆਂ ਦਾ ਸਾਗਰ ਦੱਸਿਆ ਹੈ। ਉਕਤ 17 ਵਿਦਵਾਨਾਂ ਨੇ 'ਜ਼ਖ਼ਮੀ ਡਾਰ ਪਰਿੰਦਿਆਂ ਦੀ' ਗ਼ਜ਼ਲ ਸੰਗ੍ਰਹਿ ਵਿਚੋਂ ਕਈ ਸੈਂਕੜੇ ਸ਼ਿਅਰ ਕੋਟ ਕੀਤੇ ਹਨ ਅਤੇ ਪੁਸਤਕ ਨੂੰ ਪੰਜਾਬੀ ਗ਼ਜ਼ਲ ਦਾ ਸਿਖਰ ਦੱਸਿਆ ਹੈ। ਸ੍ਰੀ ਬਲਦੇਵ ਬੱਦਨ ਜੀ ਵਧਾਈ ਦੇ ਪਾਤਰ ਹਨ।

-ਸੁਲੱਖਣ ਸਰਹੱਦੀ
ਮੋਬਾਈਲ : 94174-87337

 

ਪੀਂਘ ਸਤਰੰਗੀ
ਲੇਖਕ : ਰਣਜੀਤ ਸਿੰਘ ਹਠੂਰ
ਪ੍ਰਕਾਸ਼ਕ : ਏਸ਼ੀਆ ਵਿਜ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 40
ਸੰਪਰਕ : 99155-13137

ਹਥਲੀ ਪੁਸਤਕ 'ਪੀਂਘ ਸਤਰੰਗੀਂ' ਰਣਜੀਤ ਸਿੰਘ ਹਠੂਰ ਦੀ ਬਾਲ ਕਵਿਤਾਵਾਂ ਦੀ ਬਹੁਤ ਪਿਆਰੀ ਸ਼ਾਨਦਾਰ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਬਹੁਤ ਹੀ ਸੁੰਦਰ ਪੁਸਤਕ ਹੈ। ਇਸ ਬਾਲ ਪੁਸਤਕ ਵਿਚ ਬਾਲਾਂ ਦੇ ਵੱਖ-ਵੱਖ ਉਮਰ-ਵਰਗਾਂ ਨਾਲ ਸੰਬੰਧਿਤ 39 ਬਾਲ ਕਵਿਤਾਵਾਂ, ਗੀਤ ਹਨ। ਰਣਜੀਤ ਹਠੂਰ ਖ਼ੁਦ ਅਧਿਆਪਕ ਹੋਣ ਕਰਕੇ ਬਾਲਾਂ ਦੀ ਮਾਨਸਿਕਤਾ ਨੂੰ ਭਲੀ-ਭਾਂਤ ਸਮਝਦਾ ਹੈ। ਰਚਨਾਵਾਂ ਜਿੱਥੇ ਬਾਲਾਂ ਦਾ ਮਨੋਰੰਜਨ ਕਰਦੀਆਂ ਹਨ, ਉੱਥੇ ਆਪਮੁਹਾਰੇ ਹੀ ਬਾਲਾਂ ਨੂੰ ਸਿੱਖਿਆ ਵੀ ਦੇ ਜਾਂਦੀਆਂ ਹਨ ਜਿਵੇਂ ਪੰਛੀਆਂ ਬਾਰੇ ਬਾਲ ਗੀਤ ਹੈ 'ਦੂਰੋਂ-ਦੂਰੋਂ ਆਉਂਦੇ ਪੰਛੀ' ਬਹੁਤ ਪਿਆਰਾ ਗੀਤ ਲਿਖਿਆ ਹੈ। ਏਸੇ ਤਰ੍ਹਾਂ 'ਸੂਰਜ' ਬਾਰੇ ਬਹੁਤ ਹੀ ਪਿਆਰੀ ਕਵਿਤਾ ਲਿਖੀ ਹੈ। 'ਮੇਰਾ ਸਕੂਲ' ਬਾਲ ਗੀਤ ਬਹੁਤ ਪਿਆਰਾ ਹੈ, ਜਿੱਥੇ ਹਰ ਬੱਚਾ ਆਪਣੇ ਸਕੂਲ ਦੀਆਂ ਸਿਫਤਾਂ ਕਰਦਾ ਹੈ ਜਿਵੇਂ:-
ਮੇਰਾ ਸਕੂਲ ਬੜਾ ਪਿਆਰਾ।
ਵੰਡੇ ਰੌਸ਼ਨੀ ਬਣੇ ਸਹਾਰਾ।
ਏਸ ਸਕੂਲ 'ਚ ਫੁੱਲ 'ਤੇ ਬੂਟੇ।
ਨਾਲ ਹਵਾਵਾਂ ਲੈਂਦੇ ਨੇ ਝੁਟੇ।
ਖੁਸ਼ਬੋਈਆਂ ਨਾਲ ਭਰਿਆ ਸਾਰਾ।
ਮੇਰਾ ਸਕੂਲ ਬੜਾ ਪਿਆਰਾ।
ਦੁਨੀਆ ਭਰ ਦਾ ਗਿਆਨ ਇੱਥੇ ਹੈ।
ਖੇਡਾਂ ਦਾ ਮੈਦਾਨ ਇੱਥੇ ਹੈ।
ਤੰਦਰੁਸਤੀ ਲਈ ਮਿਲੇ ਹੁਲਾਰਾ।
ਇਨ੍ਹਾਂ ਤੋਂ ਬਿਨਾਂ ਪੀਂਘ ਸਤਰੰਗੀ, ਦਾਦੀ ਅੰਮਾ, ਲੋਰੀ, ਛੁੱਟੀਆਂ ਆ ਗਈਆਂ, ਬੱਚੇ ਫੁੱਲ ਤੇ ਤਾਰੇ, ਹਵਾ ਤਾਂ ਬੜੀ ਪਿਆਰੀ ਹੈ, ਮੰਮੀ ਜੀ ਮੇਰਾ ਬਸਤਾ ਭਾਰਾ ਆਦਿ ਸਾਰੀਆਂ ਬਾਲ ਕਵਿਤਾਵਾਂ ਬਾਲਾਂ ਦੇ ਵੱਖ-ਵੱਖ ਉਮਰ ਦੇ ਗੁੱਟਾਂ ਨਾਲ ਸੰਬੰਧਿਤ ਹਨ, ਜੋ ਕਿ ਬਾਲਾਂ ਨੂੰ ਆਪਣੇ ਆਸੇ-ਪਾਸੇ ਦਾ ਬਹੁਤ ਹੀ ਦਿਲਚਸਪ ਢੰਗ ਨਾਲ ਗਿਆਨ ਵੰਡਦੀਆਂ ਹਨ। ਬਾਲਾਂ ਨੂੰ ਸਮੇਂ ਦੇ ਹਾਣੀ ਹੀ ਨਹੀਂ, ਬਲਕਿ ਕੁਝ ਕਰਕੇ ਵਿਖਾਉਣ ਦੀ ਭਾਵਨਾ ਪੈਦਾ ਕਰਦੀਆਂ ਹਨ। ਕੁੱਲ ਮਿਲਾ ਕੇ ਰਣਜੀਤ ਸਿੰਘ ਹਠੂਰ ਬਾਲਾਂ ਨੂੰ ਧੁਰ ਅੰਦਰ ਤੱਕ ਸਮਝਣ ਦੇ ਸਮਰੱਥ ਹੋਣ ਕਰਕੇ ਭਾਸ਼ਾ ਵੀ ਬਾਲਾਂ ਦੇ ਹਾਣ ਦੀ ਵਰਤਦੇ ਹਨ। ਮੈਂ ਇਸ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਅਤੇ ਬਾਲਾਂ ਨੂੰ ਇਹ ਪੁਸਤਕ ਪੜ੍ਹਨ ਦੀ ਗੁਜ਼ਾਰਿਸ਼ ਕਰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

Ad Position 22
No active advertisement
ਪਿਛਲੀ ਖ਼ਬਰ ਬਾਲ ਕਹਾਣੀ ਮੀਕੂ ਅਗਲੀ ਖ਼ਬਰ ਵਿਲੱਖਣ ਹੈ ਨਵੰਬਰ ਮਹੀਨਾ
Ad Position 24