ਫਗਵਾੜਾ, 31 ਅਕਤੂਬਰ (ਹਰਜੋਤ ਸਿੰਘ ਚਾਨਾ)-ਪੁਲਿਸ ਮੁਲਾਜ਼ਮ ਨੂੰ ਰੋਕ ਕੇ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰਨ ਦੇ ਸਬੰਧ 'ਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਐਸ.ਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਜਤਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਬੋਹਾਨੀ ਹਾਲ ਵਾਸੀ ਸਿਟੀ ਹਾਰਟ ਜੋ ਕਿ ਪੁਲਿਸ ਮਹਿਕਮੇ 'ਚ ਬਤੌਰ ਹੌਲਦਾਰ ਤਾਇਨਾਤ ਹੈ | 14 ਅਕਤੂਬਰ ਨੂੰ ਉਸ ਨੂੰ ਮੁਣਸ਼ੀ ਦਾ ਫ਼ੋਨ ਆਇਆ ਤੇ ਈਸਟਵੁੱਡ ਵਿਖੇ ਵਾਪਰੀ ਘਟਨਾ ਦੇ ਸਬੰਧ 'ਚ ਚੱਲਾ ਸੀ ਤਾਂ ਏਨੇ ਨੂੰ ਕਰੀਬ 5-7 ਨੌਜਵਾਨ ਆਏ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਜਿਸ ਸਬੰਧ 'ਚ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਤੇ ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਦਲਵੀਰ ਸਿੰਘ ਵਾਸੀ ਖਾਟੀ, ਭੁਪਿੰਦਰ ਸਿੰਘ ਉਰਫ਼ ਭੂਪੀ ਪੁੱਤਰ ਗੁਰਦੀਪ ਸਿੰਘ ਵਾਸੀ ਫਰੈਂਡਜ਼ ਕਾਲੋਨੀ, ਗੁਰਿੰਦਰ ਸਿੰਘ ਉਰਫ਼ ਭਾਊ ਪੁੱਤਰ ਜਗਦੀਪ ਸਿੰਘ ਵਾਸੀ ਖੈੜਾ ਮਸਜਿਦ ਤੇ ਰਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਜਗਦੀਪ ਸਿੰਘ ਵਾਸੀ ਖੈੜਾ ਮਸਜਿਦ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ |