ਇੰਫਾਲ, 4 ਫਰਵਰੀ (ਏਜੰਸੀ)- ਭਾਜਪਾ ਨੇਤਾ ਵਾਈ. ਖੇਮਚੰਦ ਸਿੰਘ ਮਨੀਪੁਰ ਦੇ 13ਵੇਂ ਮੁੱਖ ਮੰਤਰੀ ਬਣ ਗਏ ਹਨ | ਰਾਜਪਾਲ ਅਜੈ ਕੁਮਾਰ ਭੱਲਾ ਨੇ ਬੁੱਧਵਾਰ ਸ਼ਾਮ ਨੂੰ ਲੋਕ ਭਵਨ ਵਿਖੇ ਖੇਮਚੰਦ ਨੂੰ ਸਹੁੰ ਚੁਕਾਈ | ਮੈਤੇਈ ਭਾਈਚਾਰੇ ਨਾਲ ਸੰਬੰਧਿਤ ਖੇਮਚੰਦ ਨੂੰ ਸਾਬਕਾ ਮੁੱਖ ਮੰਤਰੀ ਬੀਰੇਨ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ | ਨਾਗਾ ਭਾਈਚਾਰੇ ਨਾਲ ਸੰਬੰਧਤ ਲੋਸੀ ਦਿਖੋ ਨੂੰ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ | ਉਹ ਨਾਗਾ ਪੀਪਲਜ਼ ਫਰੰਟ ਤੋਂ ਵਿਧਾਇਕ ਹਨ | ਉਨ੍ਹਾਂ ਨਾਲ ਭਾਜਪਾ ਨੇਤਾ ਨੇਮਚਾ ਕਿਪਗੇਨ, ਜੋ ਕਿ ਕੁਕੀ ਭਾਈਚਾਰੇ ਨਾਲ ਸੰਬੰਧਿਤ ਹਨ, ਨੇ ਵੀ ਅਹੁਦੇ ਦੀ ਸਹੁੰ ਚੁੱਕੀ | ਉਨ੍ਹਾਂ ਦਿੱਲੀ ਦੇ ਮਨੀਪੁਰ ਭਵਨ ਤੋਂ ਵੀਡੀਓ ਕਾਨਫਰੰਸ ਰਾਹੀਂ ਸਹੁੰ ਚੁੱਕੀ | ਉਹ ਰਾਜ ਦੀ ਪਹਿਲੀ ਮਹਿਲਾ ਉਪ-ਮੁੱਖ ਮੰਤਰੀ ਹੈ | ਰਾਜ 'ਚ ਇਕ ਵਾਰ ਫਿਰ ਐਨਡੀਏ ਸਰਕਾਰ ਬਣੀ ਹੈ | ਅੱਜ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਜ 'ਚ ਰਾਸ਼ਟਰਪਤੀ ਸ਼ਾਸਨ ਹਟਾਇਆ, ਜੋ ਕਿ 356 ਦਿਨਾਂ ਤੋਂ ਲਾਗੂ ਸੀ | 9 ਫਰਵਰੀ 2025 ਨੂੰ ਮਨੀਪੁਰ 'ਚ ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਕਾਰ ਨਸਲੀ ਹਿੰਸਾ ਕਾਰਨ ਤਤਕਾਲੀ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ | ਚਾਰ ਦਿਨ ਬਾਅਦ 13 ਫਰਵਰੀ, 2025 ਤੋਂ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ |