ਨਵੀਂ ਦਿੱਲੀ, 4 ਫਰਵਰੀ (ਉਪਮਾ ਡਾਗਾ ਪਾਰਥ)-ਸਾਬਕਾ ਫ਼ੌਜ ਮੁਖੀ ਐਮ.ਐਮ. ਨਰਵਾਣੇ ਦੀ ਕਿਤਾਬ ਨੂੰ ਲੈ ਕੇੇ ਲੋਕ ਸਭਾ ਚ ਲਗਾਤਾਰ ਚੱਲ ਰਹੇ ਹੰਗਾਮਿਆਂ ਦਰਮਿਆਨ ਰਾਹੁਲ ਗਾਂਧੀ ਬੁੱਧਵਾਰ ਨੂੰ ਨਰਵਾਣੇ ਦੀ 'ਫੋਰ ਸਟੇਅਜ਼ ਆਫ ਡੈਸਟਿਨੀ' ਲੈ ਕੇ ਸੰਸਦ ਪਹੁੰਚੇ | ਸੰਸਦ 'ਚ ਮਕਰ ਦਵਾਰ ਦੇ ਬਾਹਰ ਉਨ੍ਹਾਂ ਸੰਬੰਧਿਤ ਕਿਤਾਬ ਪੱਤਰਕਾਰਾਂ ਨੂੰ ਵਿਖਉਂਦਿਆਂ ਕਿਹਾ ਕਿ ਜੇਕਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਤਾਂ ਉਹ ਉਨ੍ਹਾਂ ਨੂੰ ਇਹ ਕਿਤਾਬ ਦੇਣਗੇ | ਰਾਹੁਲ ਗਾਂਧੀ ਨੇ ਕਿਤਾਬ ਦਾ ਉਹ ਸਫ਼ਾ ਵੀ ਖੋਲ੍ਹ ਕੇ ਵਿਖਾਇਆ, ਜਿਸ 'ਚ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਨੇ ਫ਼ੌਜ ਮੁਖੀ ਨੂੰ ਕਿਹਾ ਸੀ ਕਿ ਜੋ ਉੱਚਿਤ ਲੱਗੇ ਉਹ ਕਰੋ | ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਪ੍ਰਧਾਨ ਮੰਤਰੀ ਅੱਜ ਲੋਕ ਸਭਾ 'ਚ ਆਉਣ ਦੀ ਹਿੰਮਤ ਕਰਨਗੇ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਆਉਂਦੇ ਹਨ ਤਾਂ ਉਹ ਖੁਦ ਜਾ ਕੇ ਇਹ ਕਿਤਾਬ ਸੌਂਪਣਗੇ, ਤਾਂ ਜੋ ਉਹ ਇਹ ਕਿਤਾਬ ਪੜ੍ਹ ਸਕਣ ਅਤੇ ਦੇਸ਼ ਨੂੰ ਇਸ ਬਾਰੇ ਪਤਾ ਲੱਗ ਸਕੇ | ਰਾਹੁਲ ਗਾਂਧੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਅਤੇ ਫ਼ੌਜ ਨੂੰ ਕਿਹਾ ਕਿ ਜੋ ਉੱਚਿਤ ਲੱਗੇ ਉਹ ਕਰੋ | ਉਨ੍ਹਾਂ ਅੱਗੇ ਕਿਹਾ ਕਿ ਨਰਵਾਣੇ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਉਹ (ਨਰਵਾਣੇ) ਉਸ ਵੇਲੇ ਖੁਦ ਨੂੰ ਬਿਲਕੁਲ ਇਕੱਲਾ ਮਹਿਸੂਸ ਕਰ ਰਹੇ ਸਨ | ਵਾਇਨਾਡ ਤੋਂ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਨੇ ਸੰਸਦ 'ਚ ਛਿੜੀ ਕਿਤਾਬ ਜੰਗ 'ਤੇ ਬੋਲਦਿਆਂ ਕਿਹਾ ਕਿ ਰਾਹੁਲ ਇਕ ਪ੍ਰਕਾਸ਼ਿਤ ਸੋਰਸ ਦਾ ਹਵਾਲਾ ਦੇ ਰਹੇ ਹਨ | ਪ੍ਰਧਾਨ ਮੰਤਰੀ ਨੇ ਵੀ ਸੰਜੇ ਬਾਰੂ ਦੀ ਕਿਤਾਬ ਦਾ ਹਵਾਲਾ ਦਿੱਤਾ ਸੀ | ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਵੀ ਰਾਹੁਲ ਗਾਂਧੀ ਦੇ ਸਮਰਥਨ 'ਚ ਆਉਂਦਿਆਂ ਕਿਹਾ ਕਿ ਭਾਜਪਾ ਹਮੇਸ਼ਾ ਚਰਚਾ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ | ਜਦੋਂ ਵਿਰੋਧੀ ਧਿਰ ਦੇ ਨੇਤਾ ਅਤੇ ਹੋਰ ਪਾਰਟੀਆਂ ਚੀਨ ਦੇ ਮੁੱਦੇ 'ਤੇ ਚਰਚਾ ਅਤੇ ਜਾਣਕਾਰੀ ਚਾਹੁੰਦੀਆਂ ਹਨ, ਤਾਂ ਭਾਜਪਾ ਪਿੱਛੇ ਹਟ ਜਾਂਦੀ ਹੈ |
ਮੁਅੱਤਲ ਸੰਸਦ ਮੈਂਬਰਾਂ ਵਲੋਂ ਪ੍ਰਦਰਸ਼ਨ
ਲੋਕ ਸਭਾ ਤੋਂ ਮੁਅੱਤਲ ਹੋਏ ਮੈਂਬਰਾਂ ਨੇ ਬੁੱਧਵਾਰ ਨੂੰ ਸੰਸਦ ਭਵਨ ਦੇ ਬਾਹਰ ਮਕਰ ਦਵਾਰ 'ਤੇ ਜੰਮ ਕੇ ਪ੍ਰਦਰਸ਼ਨ ਕੀਤਾ | ਸੰਸਦ ਮੈਂਬਰਾਂ ਵਲੋਂ ਇਕ ਵੱਡੇ ਪੋਸਟਰ ਰਾਹੀਂ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਗਿਆ |
ਰਾਹੁਲ ਦੇ ਜਵਾਬ 'ਚ ਸਦਨ 'ਚ ਕਈ ਕਿਤਾਬਾਂ ਲੈ ਕੇ ਆਏ ਭਾਜਪਾ ਸੰਸਦ ਮੈਂਬਰ
ਰਾਹੁਲ ਗਾਂਧੀ 'ਤੇੇ ਜਵਾਬੀ ਹਮਲਾ ਕਰਦਿਆਂ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਸਦਨ 'ਚ ਕਈ ਕਿਤਾਬਾਂ ਲੈ ਕੇ ਪਹੁੰਚੇ | ਦੂਬੇ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੀ ਇਕ ਕਿਤਾਬ ਦੇ ਬਦਲੇ 100 ਕਿਤਾਬਾਂ ਲੈ ਕੇ ਆਏ ਹਨ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਬਿਨਾਂ ਛਪੀ ਕਿਤਾਬ 'ਤੇ ਪਿਛਲੇ 3 ਦਿਨਾਂ ਤੋਂ ਸੰਸਦ ਨੂੰ ਬੰਧਕ ਬਣਾ ਕੇ ਰੱਖਿਆ ਹੈ | ਫਿਰ ਕਾਂਗਰਸ ਅਤੇ ਗਾਂਧੀ ਪਰਿਵਾਰ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਛਪੀਆਂ ਕਿਤਾਬਾਂ 'ਤੇ ਵੀ ਸਦਨ 'ਚ ਬਹਿਸ ਹੋ ਜਾਵੇ | ਉਨ੍ਹਾਂ ਸਦਨ 'ਚ ਕਈ ਕਿਤਾਬਾਂ ਵਿਖਾਉਂਦਿਆਂ ਕਿਹਾ ਕਿ ਇਨ੍ਹਾਂ ਸਾਰੀਆਂ ਕਿਤਾਬਾਂ 'ਤੇ ਨਹਿਰੂ ਗਾਂਧੀ ਪਰਿਵਾਰ ਨੇ ਪਾਬੰਦੀ ਲਗਾਈ ਹੋਈ ਹੈ | ਪੂਰੀ ਕਾਂਗਰਸ ਪਾਰਟੀ ਨੇ ਦੇਸ਼ ਨੂੰ ਨੁਕਸਾਨ ਪਹੁੰਚਾਇਆ ਹੈ | ਨਹਿਰੂ ਗਾਂਧੀ ਪਰਿਵਾਰ ਨੂੰ ਲੱਗਦਾ ਹੈ ਕਿ ਉਹ ਦੇਸ਼ ਦੇ ਰਾਜਾ ਹਨ ਅਤੇ ਉਹ ਰਾਜਾਸ਼ਾਹੀ 'ਚ ਅਜੇ ਵੀ ਜੀ ਰਹੇ ਹਨ | ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਸਾਰੀਆਂ ਕਿਤਾਬਾਂ 'ਤੇ ਵੀ ਚਰਚਾ ਹੋਏ |
ਰਾਹੁਲ ਗਾਂਧੀ ਸੰਸਦ 'ਚ ਸਾਬਕਾ ਫ਼ੌਜ ਮੁਖੀ ਦੀ ਵਿਵਾਦਿਤ ਕਿਤਾਬ ਲੈ ਕੇ ਪੁੱਜੇ
ਅਜੀਤ ਡੈਸਕ
05-02-2026