ਨਵੀਂ ਦਿੱਲੀ, 3 ਅਪ੍ਰੈਲ (ਪੀ. ਟੀ. ਆਈ.)-ਪੱਛਮੀ ਏਸ਼ੀਆ 'ਚ ਚਲ ਰਹੇ ਸੰਕਟ ਕਾਰਨ ਵਿਸ਼ਵ ਊਰਜਾ ਬਾਜ਼ਾਰ ਵਿਚ ਲਗਾਤਾਰ ਉਤਰਾਅ-ਚੜ੍ਹਾਅ ਦੇ ਵਿਚਕਾਰ, ਰੂਸ ਨੇ ਭਾਰਤ ਨੂੰ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਵਧਾਉਣ ਦੀ ਪੇਸ਼ਕਸ਼ ਕੀਤੀ ਹੈ | ਇਸ ਤੋਂ ਇਲਾਵਾ ਦੋਵੇਂ ਧਿਰਾਂ ਨੇ ਆਪਣੇ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ | ਇਸ ਮਾਮਲੇ ਤੋਂ ਜਾਣੂ ਸੂਤਰਾਂ ਅਨੁਸਾਰ ਰੂਸ ਦੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੁਰੋਵ ਨੇ ਵੀਰਵਾਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਹੋਈਆਂ ਮੀਟਿੰਗਾਂ ਦੌਰਾਨ ਊਰਜਾ ਸਹਿਯੋਗ 'ਤੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ | ਰੂਸੀ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੁਰੋਵ ਨੇ ਕੱਲ੍ਹ ਸ਼ਾਮ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਨਵੀਂ ਦਿੱਲੀ ਵਿਖੇ ਪਹਿਲੇ ਉਪ ਪ੍ਰਧਾਨ ਮੰਤਰੀ ਨੇ ਮੀਟਿੰਗਾਂ ਵਿਚ ਇਕ ਰੂਸੀ ਬਿਰਤਾਂਤ ਬਾਰੇ ਦੱਸਿਆ ਕਿ ਤੇਲ ਅਤੇ ਗੈਸ ਖੇਤਰ ਵਿਚ ਦੁਵੱਲੇ ਸਹਿਯੋਗ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ | ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰੂਸੀ ਕੰਪਨੀਆਂ ਕੋਲ ਭਾਰਤੀ ਬਾਜ਼ਾਰ ਵਿਚ ਕੱਚਾ ਤੇਲ ਅਤੇ ਤਰਲ ਕੁਦਰਤੀ ਗੈਸ ਦੀ ਸਪਲਾਈ ਨੂੰ ਲਗਾਤਾਰ ਵਧਾਉਣ ਦੀ ਸਮਰੱਥਾ ਹੈ | ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਪੱਛਮੀ ਏਸ਼ੀਆ ਵਿਚ ਸੰਕਟ ਕਾਰਨ ਵਿਸ਼ਵ ਊਰਜਾ ਬਾਜ਼ਾਰ ਲਗਾਤਾਰ ਦਬਾਅ ਹੇਠ ਆਇਆ ਹੋਇਆ ਹੈ ਅਤੇ ਮੁੱਖ ਤੌਰ 'ਤੇ ਹੋਰਮੁਜ਼ ਜਲਡਮਰੂ ਰਾਹੀਂ ਕੱਚੇ ਤੇਲ ਅਤੇ ਗੈਸ ਦੀ ਸਪਲਾਈ 'ਚ ਵਿਘਨ ਪਿਆ ਹੋਇਆ ਹੈ | ਈਰਾਨ ਵਲੋਂ ਹੋਰਮੁਜ਼ ਜਲਡਮਰੂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਤੋਂ ਬਾਅਦ ਵਿਸ਼ਵ ਪੱਧਰ 'ਤੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ | ਹੋਰਮੁਜ਼ ਜਲਡਮਰੂ ਫਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਦੇ ਵਿਚਕਾਰ ਸਥਿਤ ਇਕ ਤੰਗ ਸਮੁੰਦਰੀ ਰਸਤਾ ਹੈ, ਜਿਸ ਰਾਹੀਂ ਦੁਨੀਆ ਦੇ ਲਗਭਗ 20 ਪ੍ਰਤੀਸ਼ਤ ਤੇਲ ਅਤੇ ਤਰਲ ਕੁਦਰਤੀ ਗੈਸ ਦੀ ਆਵਾਜਾਈ ਕੀਤੀ ਜਾਂਦੀ ਹੈ |