ਕੱਚੇ ਮਾਲ ਤੇ ਰਸਾਇਣ ਦੀਆਂ ਕੀਮਤਾਂ ਨੂੰ ਨਿਯੰਤਰਿਤ ਕਰਨ ਦੀ ਮੰਗ
ਸ਼ਿਵ ਸ਼ਰਮਾ
ਜਲੰਧਰ, 5 ਅਪ੍ਰੈਲ-ਲੰਬੇ ਸਮੇਂ ਤੋਂ ਚੱਲ ਰਹੀ ਜੰਗ ਨਾਲ ਲੋਕਾਂ ਦੀ ਵਰਤੋਂ ਵਿਚ ਆਉਣ ਵਾਲੀਆਂ ਕਰੀਬ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ ਤੇ ਜਿਹੜੀਆਂ ਚੀਜ਼ਾਂ ਮਹਿੰਗੀਆਂ ਨਹੀਂ ਹੋਈਆਂ ਹਨ, ਉਨ੍ਹਾਂ ਦੇ ਵੀ ਆਉਣ ਵਾਲੇ ਸਮੇਂ ਵਿਚ ਮਹਿੰਗਾ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਲੋਕਾਂ ਦੀ ਰਸੋਈ 'ਤੇ ਤਾਂ ਜੰਗ ਦਾ ਅਸਰ ਸਭ ਤੋਂ ਜ਼ਿਆਦਾ ਪਿਆ ਹੈ ਅਤੇ ਕੱਚੇ ਤੇਲ ਤੋਂ ਨਿਕਲਦੇ ਉਤਪਾਦਾਂ ਦੇ ਕਈ ਗੁਣਾ ਮਹਿੰਗਾ ਹੋਣ ਕਰਕੇ ਸਨਅਤੀ ਖੇਤਰ ਦਾ ਕੰਮ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ | ਸਨਅਤੀ ਇਕਾਈਆਂ ਵਾਲਿਆਂ ਲਈ ਪਹਿਲਾਂ ਬੁੱਕ ਕੀਤੇ ਗਏ ਆਰਡਰਾਂ ਨੂੰ ਭੁਗਤਾਉਣਾ ਔਖਾ ਹੋਣ ਜਾ ਰਿਹਾ ਹੈ | ਇਸੇ ਤਰ੍ਹਾਂ ਪੰਜਾਬ ਵਿਚ ਖੇਡਾਂ ਦਾ ਸਾਮਾਨ ਤਿਆਰ ਕਰਨ ਵਾਲੀ ਜਲੰਧਰ ਦੀ ਖੇਡ ਸਨਅਤ ਵੀ ਪੱਛਮੀ ਏਸ਼ੀਆ ਦੀ ਚੱਲ ਰਹੀ ਜੰਗ ਕਰਕੇ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੀ ਹੈ | ਇਥੋਂ ਹੀ ਖੇਡਾਂ ਦਾ ਸਾਮਾਨ ਪੰਜਾਬ ਦੇ ਕੋਣੇ-ਕੋਣੇ 'ਤੇ ਜਾਂਦਾ ਹੈ | ਹਾਕੀ, ਕ੍ਰਿਕਟ ਬੈਟ ਸਮੇਤ ਹੋਰ ਖੇਡਾਂ ਦੇ ਸਾਮਾਨ ਵਿਚ ਪਲਾਸਟਿਕ ਸਮੇਤ ਹੋਰ ਕਈ ਰਸਾਇਣਾਂ ਦੀ ਵਰਤੋਂ ਹੁੰਦੀ ਹੈ ਜਿਸ ਕਰਕੇ ਖੇਡਾਂ ਦੇ ਸਾਮਾਨ ਦੀ ਕੀਮਤ ਵਿਚ ਭਾਰੀ ਵਾਧਾ ਹੋ ਗਿਆ ਹੈ | ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਜਲੰਧਰ ਦੀ ਖੇਡ ਸਨਅਤ ਵਿਚ 12 ਘੰਟੇ ਕੰਮ ਚੱਲਦਾ ਸੀ ਪਰ ਹੁਣ ਕੱਚਾ ਮਾਲ ਕਾਫ਼ੀ ਮਹਿੰਗਾ ਹੋਣ ਕਰਕੇ ਕਈ ਇਕਾਈਆਂ ਵਿਚ 8 ਘੰਟੇ ਕੰਮ ਚੱਲ ਰਿਹਾ ਹੈ | ਪ੍ਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਹਨ | ਪ੍ਰਸਿੱਧ ਖੇਡ ਕਾਰੋਬਾਰੀ ਰਵਿੰਦਰ ਧੀਰ ਨੇ ਦੱਸਿਆ ਕਿ ਜੰਗ ਤੋਂ ਬਾਅਦ ਕੱਚੇ ਸਾਮਾਨ ਦੀਆਂ ਕੀਮਤ ਇੰਨ੍ਹੀਆਂ ਜ਼ਿਆਦਾ ਵਧ ਗਈਆਂ ਹਨ ਕਿ ਪੁਰਾਣੇ ਰੇਟਾਂ 'ਤੇ ਆਰਡਰ ਭੁਗਤਾਉਣੇ ਹੀ ਔਖੇ ਹੋ ਜਾਣਗੇ | ਜੰਗ ਤੋਂ ਬਾਅਦ ਕੱਚੇ ਸਾਮਾਨ ਦੀਆਂ ਕੀਮਤਾਂ ਜਿਨ੍ਹਾਂ ਵਿਚ ਪਲਾਸਟਿਕ 65 ਫ਼ੀਸਦੀ, ਵੈਕਸ ਅਤੇ ਰਸਾਇਣ 70 ਫ਼ੀਸਦੀ, ਕਾਰਬਨ 75 ਫ਼ੀਸਦੀ, ਸਫ਼ੇਦ ਪੈਟਰੋਲ ਜਿਸ ਨੂੰ ਸਾਲਵੈਂਟ ਕਿਹਾ ਜਾਂਦਾ ਹੈ, ਉਸ ਦੀ ਕੀਮਤ ਵਿਚ 70 ਰੁਪਏ ਤੋਂ ਵਧ ਕੇ 170 ਰੁਪਏ ਪ੍ਰਤੀ ਲੀਟਰ, ਜ਼ਿੰਕ 200 ਤੋਂ 300 ਰੁਪਏ ਕਿੱਲੋ, ਐੱਮ. ਬੀ. ਟੀ. 320 ਤੋਂ ਵਧ ਕੇ 470 ਰੁਪਏ ਕਿੱਲੋ, ਟੀ. ਐੱਮ. ਟੀ. 200 ਤੋਂ ਵਧ ਕੇ 300 ਰੁਪਏ ਕਿੱਲੋ, ਪਲਾਸਟਿਕ ਦਾਣਾ 90 ਰੁਪਏ ਤੋਂ ਵਧ ਕੇ 160 ਰੁਪਏ ਕਿੱਲੋ ਹੋ ਗਿਆ ਹੈ | ਧੀਰ ਨੇ ਦੱਸਿਆ ਕਿ ਇੱਕ ਪਲਾਸਟਿਕ ਦਾ ਕ੍ਰਿਕਟ ਬੈਟ ਪਹਿਲਾਂ ਥੋਕ ਬਾਜ਼ਾਰ ਵਿਚ ਹੀ ਕਰੀਬ 175 ਰੁਪਏ ਦਾ ਵੇਚਿਆ ਜਾਂਦਾ ਸੀ ਪਰ ਹੁਣ ਇਸ ਦੀ ਕੀਮਤ ਵਧਾ ਕੇ 225 ਰੁਪਏ ਕਰਨੀ ਪਈ ਹੈ | ਜਿਹੜੇ ਤੇਲ ਤੋਂ ਉਤਪਾਦ ਆਉਂਦੇ ਹਨ, ਉਨ੍ਹਾਂ ਦੀਆਂ ਕੀਮਤਾਂ ਨੂੰ ਲੈ ਕੇ ਸਨਅਤੀ ਇਕਾਈਆਂ ਵਿਚ ਹਾਹਾਕਾਰ ਮੱਚਿਆ ਹੈ | ਕੇਂਦਰ ਸਰਕਾਰ ਨੇ ਸਨਅਤੀ ਇਕਾਈਆਂ ਨੂੰ ਤੇਲ ਤੋਂ ਨਿਕਲਣ ਵਾਲੇ ਦੇਸ਼ ਵਿਚ ਆਉਂਦੇ ਕਰੀਬ 40 ਤਰ੍ਹਾਂ ਦੇ ਸਾਮਾਨ ਅਤੇ ਰਸਾਇਣ ਦੇ ਉੱਪਰ ਤਿੰਨ ਮਹੀਨੇ ਲਈ ਦਰਾਮਦ ਡਿਊਟੀ ਮੁਆਫ਼ ਕੀਤੀ ਹੈ | ਧੀਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਕੇਂਦਰ ਕੋਲ ਇਹ ਮਾਮਲਾ ਉਠਾ ਕੇ ਸਨਅਤੀ ਇਕਾਈਆਂ ਨੂੰ ਰਾਹਤ ਦੁਆਉਣੀ ਚਾਹੀਦੀ ਹੈ |
ਜੰਗ ਨੇ ਕਈ ਗੁਣਾ ਮਹਿੰਗਾ ਕੀਤਾ ਖੇਡਾਂ ਦਾ ਸਾਮਾਨ
ਅਜੀਤ ਡੈਸਕ
06-04-2026