ਜੈਤੋ 'ਚ 28.68 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖੇ
ਜੈਤੋ, 5 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਜੈਤੋ ਵਿਖੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ 'ਚ ਸੱਦੇ ਗਏ ਵਿਸ਼ੇਸ਼ ਇਜਲਾਸ 'ਚ ਬੇਅਦਬੀਆਂ ਬਾਰੇ ਕਾਨੂੰਨ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਕਾਨੂੰਨ 'ਚ ਘੱਟੋ-ਘੱਟ ਇਕ ਸਾਲ ਤੱਕ ਜ਼ਮਾਨਤ ਨਾ ਮਿਲਣ ਅਤੇ ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰਬੰਧ ਹੋਵੇਗਾ | ਇਸ ਤੋਂ ਪਹਿਲਾਂ ਉਨ੍ਹਾਂ ਜੈਤੋ ਵਿਖੇ 28.68 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖੇ | ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਵਿਧਾਇਕ ਅਮੋਲਕ ਸਿੰਘ ਵੀ ਹਾਜ਼ਰ ਸਨ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਕਾਨੂੰਨ ਤਹਿਤ ਬੇਅਦਬੀ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੋਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਦਾ ਇਹ ਦਿ੍ੜ ਇਰਾਦਾ ਹੈ ਕਿ ਇਸ ਸੰਬੰਧੀ ਪੰਜਾਬ 'ਚ ਸਖ਼ਤ ਕਾਨੂੰਨ ਬਣਾਇਆ ਜਾਵੇਗਾ ਤਾਂ ਜੋ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਾ ਜਾਵੇ | ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜੈਤੋ ਦੇ ਜਨਤਕ ਸਿਹਤ ਕੇਂਦਰ ਨੂੰ 8 ਕਰੋੜ ਰੁਪਏ ਦੀ ਲਾਗਤ ਨਾਲ 30 ਬਿਸਤਰਿਆਂ ਵਾਲੇ ਹਸਪਤਾਲ 'ਚ ਅਪਗ੍ਰੇਡ ਕੀਤਾ ਜਾਵੇਗਾ | ਇਸ ਤੋਂ ਇਲਾਵਾ ਕਰੀਬ 1200 ਘਰਾਂ ਨੂੰ ਸਾਫ਼ ਪਾਣੀ ਦੀ ਸਪਲਾਈ ਲਈ 3.01 ਕਰੋੜ ਰੁਪਏ ਨਾਲ ਨਵੀਂ ਪਾਈਪਲਾਈਨ ਵਿਛਾਈ ਜਾਵੇਗੀ | ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 2 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਸਟੇਡੀਅਮ ਵੀ ਤਿਆਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ 2022 'ਚ ਲੋਕਾਂ ਵਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਫਤਵਾ ਸੂਬੇ 'ਚ ਬਦਲਾਅ ਦੀ ਸ਼ੁਰੂਆਤ ਸੀ ਅਤੇ ਹੁਣ ਵਿਕਾਸ ਕਾਰਜਾਂ ਰਾਹੀਂ ਉਹ ਵਾਅਦੇ ਪੂਰੇ ਕੀਤੇ ਜਾ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦਾ ਧਿਆਨ ਸਿਹਤ, ਸਿੱਖਿਆ, ਮੁਫ਼ਤ ਬਿਜਲੀ ਅਤੇ ਸਮਾਜਿਕ ਭਲਾਈ ਯੋਜਨਾਵਾਂ 'ਤੇ ਕੇਂਦਰਿਤ ਹੈ | ਮੁੱਖ ਮੰਤਰੀ ਨੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਰਵਾਇਤੀ ਪਾਰਟੀਆਂ ਨੇ ਭਾਈ-ਭਤੀਜਾਵਾਦ ਅਤੇ ਅਪਰਾਧਿਕ ਤੱਤਾਂ ਨੂੰ ਉਤਸ਼ਾਹਿਤ ਕੀਤਾ, ਜਦਕਿ 'ਆਪ' ਆਮ ਲੋਕਾਂ ਨੂੰ ਮੌਕਾ ਦਿੰਦੀ ਹੈ | ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਦੇਸ਼ 'ਚ ਗਰੀਬੀ ਅਤੇ ਮਹਿੰਗਾਈ ਵੱਧ ਰਹੀ ਹੈ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰਿਆਂ ਅਤੇ ਰੈਲੀਆਂ 'ਚ ਰੁੱਝੇ ਰਹਿੰਦੇ ਹਨ | ਉਨ੍ਹਾਂ 2027 ਦੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਕੋਲ ਤਿੰਨ ਬਦਲ ਹੋਣਗੇ ਅਤੇ 'ਆਪ' ਵਿਕਾਸ, ਸਿੱਖਿਆ ਅਤੇ ਸਿਹਤ 'ਤੇ ਆਧਾਰਿਤ ਮਾਡਲ ਪੇਸ਼ ਕਰੇਗੀ | ਉਨ੍ਹਾਂ ਵਿਰੋਧੀ ਪਾਰਟੀਆਂ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਸਿਰਫ਼ ਉਨ੍ਹਾਂ ਦੀ ਪਾਰਟੀ ਹੀ 'ਰੰਗਲਾ ਪੰਜਾਬ' ਦੇ ਸੁਪਨੇ ਨੂੰ ਸਾਕਾਰ ਕਰ ਸਕਦੀ ਹੈ | ਇਸ ਮੌਕੇ ਉਨ੍ਹਾਂ ਸੂਬੇ ਦੇ 90 ਫ਼ੀਸਦੀ ਘਰਾਂ ਨੂੰ ਮੁਫ਼ਤ ਬਿਜਲੀ, 65,000 ਤੋਂ ਵੱਧ ਨੌਕਰੀਆਂ, ਟੋਲ ਪਲਾਜ਼ਾ ਬੰਦ ਕਰਨ ਨਾਲ ਰੋਜ਼ਾਨਾ 70 ਲੱਖ ਰੁਪਏ ਦੀ ਬਚਤ, ਨਹਿਰੀ ਪਾਣੀ ਦੀ ਵਰਤੋਂ 22 ਫ਼ੀਸਦੀ ਤੋਂ ਵਧ ਕੇ 71 ਫ਼ੀਸਦੀ ਹੋਣ ਅਤੇ 65 ਲੱਖ ਪਰਿਵਾਰਾਂ ਲਈ ਸਿਹਤ ਕਾਰਡ ਯੋਜਨਾ ਦੇ ਦਾਅਵੇ ਵੀ ਕੀਤੇ | ਵਿਧਾਇਕ ਅਮੋਲਕ ਸਿੰਘ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹਰਸਿਮਰਤ ਸਿੰਘ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਡਾਕਟਰ ਲਸ਼ਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਧਰਮਜੀਤ ਸਿੰਘ ਰਾਮੇਆਣਾ ਚੇਅਰਮੈਨ ਸੀਵਰੇਜ ਬੋਰਡ ਪੰਜਾਬ, ਗੋਬਿੰਦ ਸਿੰਘ ਵਾਲੀਆ ਚੇਅਰਮੈਨ ਪੀ.ਏ.ਡੀ. ਜੈਤੋ, ਡਾਕਟਰ ਹਰੀਸ਼ ਗੋਇਲ ਪ੍ਰਧਾਨ ਨਗਰ ਕੌਂਸਲ ਜੈਤੋ, ਨਰਿੰਦਰ ਰਾਮੇਆਣਾ, ਗੁਰਭੇਜ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਤਲਵਿੰਦਰ ਸਿੰਘ ਕਿੰਦਾ ਸਰਪੰਚ ਕੋਠੇ ਰਾਮਸਰ, ਅਰਵਿੰਦਰ ਸਿੰਘ ਬਿੰਦਰ ਸਰਪੰਚ ਕੋਠੇ ਗੁਲਾਬਗੜ੍ਹ, ਜਸਕਰਨ ਸਿੰਘ ਸਰਪੰਚ ਨਵਾਂ ਰੋੜੀਕਪੂਰਾ, ਜਸਪਾਲ ਸਿੰਘ ਸਰਪੰਚ ਰੋੜੀ ਕਬੂਰਾ, ਲਾਲੀ ਸੰਧੂ ਰਾਮੇਆਣਾ, ਇੰਦਰਜੀਤ ਸਿੰਘ ਸਰਪੰਚ ਝੱਖੜਵਾਲਾ, ਡਾ. ਮੱਖਣ ਸਿੰਘ ਝੱਖੜ ਵਾਲਾ, ਰਾਜਿੰਦਰ ਸਿੰਘ ਸਾਬਕਾ ਸਰਪੰਚ ਜਿੱਤ ਗਿੱਲ, ਬਲਰਾਜ ਸਿੰਘ ਬਿਸ਼ਨੰਦੀ, ਸੀਮਾ ਸ਼ਰਮਾ ਜੈਤੋ, ਮਨਪ੍ਰੀਤ ਕੌਰ, ਵੀਰਪਾਲ ਕੌਰ ਧਾਲੀਵਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ਼ੈਲੀ ਗਰਗ ਪ੍ਰਧਾਨ ਕਰਿਆਣਾ ਐਸੋਸੀਏਸ਼ਨ ਜੈਤੋ, ਦਿ੍ਸ਼ ਜਿੰਦਲ ਪ੍ਰਧਾਨ ਵਪਾਰ ਮੰਡਲ ਤੋਂ ਇਲਾਵਾ ਵੱਡੀ ਗਿਣਤੀ 'ਚ ਆਗੂ ਅਤੇ ਵਰਕਰ ਹਾਜ਼ਰ ਸਨ |
13 ਅਪ੍ਰੈਲ ਨੂੰ ਵਿਸ਼ੇਸ਼ ਇਜਲਾਸ 'ਚ ਬੇਅਦਬੀਆਂ ਬਾਰੇ ਲਿਆਂਦਾ ਜਾਵੇਗਾ ਕਾਨੂੰਨ-ਮੁੱਖ ਮੰਤਰੀ
ਅਜੀਤ ਡੈਸਕ
06-04-2026