ਇਸ ਤੋਂ ਪਹਿਲਾਂ ਛਾਪੇਮਾਰੀ ਕਾਰਵਾਈਆਂ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਅਮਰੀਕੀ ਨੇਵੀ ਸੀਲ ਕਮਾਂਡੋਜ਼ ਨੇ ਈਰਾਨ ਅੰਦਰ ਆਪਣੀ ਖ਼ਤਰਨਾਕ ਮੁਹਿੰਮ ਨੂੰ ਅੰਜ਼ਾਮ ਤੱਕ ਪਹੁੰਚਾਉਂਦਿਆਂ ਐਫ-15 ਲੜਾਕੂ ਜਹਾਜ਼ ਦੇ ਲਾਪਤਾ ਦੂਜੇ ਕੈਪਟਨ ਨੂੰ ਵੀ 24 ਘੰਟਿਆਂ ਦੇ ਅੰਦਰ ਸੁਰੱਖਿਅਤ ਕੱਢ ਲਿਆ ਗਿਆ | ਇਸ ਜਹਾਜ਼ ਨੂੰ ਸ਼ੁੱਕਰਵਾਰ ਨੂੰ ਦੱਖਣੀ ਈਰਾਨ 'ਚ ਸੁੱਟਿਆ ਗਿਆ ਸੀ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਤੜਕੇ ਸੋਸ਼ਲ ਮੀਡੀਆ 'ਤੇ ਬਚਾਅ ਮੁਹਿੰਮ ਦੀ ਸਫ਼ਲਤਾ ਦੀ ਪੁਸ਼ਟੀ ਕੀਤੀ | ਉਨ੍ਹਾਂ ਕਿਹਾ ਕਿ ਇਹ ਬਚਾਅ ਮੁਹਿੰਮ ਅਮਰੀਕੀ ਫ਼ੌਜ ਦੇ ਇਤਿਹਾਸ 'ਚ ਸਭ ਤੋਂ ਦਲੇਰਾਨਾ ਤਲਾਸ਼ੀ ਅਤੇ ਬਚਾਅ ਮੁਹਿੰਮਾਂ 'ਚੋਂ ਇਕ ਹੈ | ਉਨ੍ਹਾਂ ਦੱਸਿਆ ਕਿ ਅਮਰੀਕੀ ਫ਼ੌਜ ਨੇ ਇਸ ਬਚਾਅ ਮੁਹਿੰਮ ਲਈ ਈਰਾਨ 'ਚ ਦਰਜ਼ਨਾਂ ਜਹਾਜ਼ ਭੇਜੇ ਸਨ ਅਤੇ ਦਾਅਵਾ ਕੀਤਾ ਕਿ ਇਸ ਮੁਹਿੰਮ 'ਚ ਨਾ ਤਾਂ ਕੋਈ ਅਮਰੀਕੀ ਮਾਰਿਆ ਗਿਆ ਅਤੇ ਨਾ ਹੀ ਜ਼ਖ਼ਮੀ ਹੋਇਆ ਹੈ | ਹਾਲਾਂਕਿ, ਉਨ੍ਹਾਂ ਕਿਹਾ ਕਿ ਸੁਰੱਖਿਅਤ ਕੱਢਿਆ ਗਿਆ ਕੈਪਟਨ ਗੰਭੀਰ ਰੂਪ 'ਚ ਜ਼ਖ਼ਮੀ ਹੈ | ਜ਼ਿਕਰਯੋਗ ਹੈ ਕਿ ਸੁੱਟੇ ਗਏ ਜਹਾਜ਼ 'ਚ ਦੋ ਕੈਪਟਨ ਸਵਾਰ ਸਨ ਅਤੇ ਦੋਵੇਂ ਹੀ ਜਹਾਜ਼ 'ਚੋਂ ਬਾਹਰ ਨਿਕਲ ਗਏ ਸਨ | ਉਨ੍ਹਾਂ 'ਚੋਂ ਇਕ ਨੂੰ ਅਮਰੀਕੀ ਫ਼ੌਜ ਨੇ ਸ਼ੁੱਕਰਵਾਰ ਨੂੰ ਹੀ ਸੁਰੱਖਿਅਤ ਬਾਹਰ ਕੱਢ ਲਿਆ ਸੀ | ਈਰਾਨੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਲੜਾਕੂ ਜਹਾਜ਼ ਨੂੰ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਸੁੱਟਿਆ ਸੀ |