ਅਮਰੀਕਾ-ਈਰਾਨ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਲਈ ਕੋਈ ਤਰੀਕ ਤੈਅ ਨਹੀਂ-ਅੰਦਰਾਬੀ
ਸੁਰਿੰਦਰ ਕੋਛੜ
ਅੰਮਿ੍ਤਸਰ, 16 ਅਪ੍ਰੈਲ-ਪਾਕਿਸਤਾਨੀ ਫ਼ੌਜ ਦੇ ਮੁਖੀ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਦੀ ਅਗਵਾਈ 'ਚ ਇਕ ਵਫ਼ਦ ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਵਿਚੋਲਗੀ ਯਤਨਾਂ ਦੇ ਹਿੱਸੇ ਵਜੋਂ ਲੰਘੇ ਦਿਨ ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਅਤੇ ਹੋਰ ਅਧਿਕਾਰੀਆਂ ਨਾਲ ਤਹਿਰਾਨ ਪਹੁੰਚਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਵਫ਼ਦ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਕਰ ਰਿਹਾ ਹੈ ਅਤੇ ਉਸ ਨੇ ਗੱਲਬਾਤ 'ਚ ਸਫਲਤਾ ਦੀ ਸੰਭਾਵਨਾ ਪ੍ਰਗਟਾਈ ਹੈ | ਪਾਕਿ ਅਧਿਕਾਰੀਆਂ ਨੇ ਕਿਹਾ ਕਿ ਗੱਲਬਾਤ ਦਾ ਉਦੇਸ਼ ਤਣਾਅ ਨੂੰ ਘਟਾਉਣਾ ਤੇ ਨਿਰੰਤਰ ਕੂਟਨੀਤਕ ਸ਼ਮੂਲੀਅਤ ਰਾਹੀਂ ਸ਼ਾਂਤੀਪੂਰਨ ਹੱਲ ਨੂੰ ਉਤਸ਼ਾਹਿਤ ਕਰਨਾ ਹੈ | ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ ਕਿਹਾ ਕਿ ਪਾਕਿ ਵਲੋਂ ਗੱਲਬਾਤ ਦੀ ਮੇਜ਼ਬਾਨੀ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਸੰਬੰਧਾਂ ਨੂੰ ਦਰਸਾਉਂਦੀ ਹੈ ਅਤੇ ਖੇਤਰ 'ਚ ਸ਼ਾਂਤੀ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ | ਦੱਸਿਆ ਜਾ ਰਿਹਾ ਹੈ ਕਿ ਜਨਰਲ ਮੁਨੀਰ ਅਤੇ ਈਰਾਨੀ ਵਿਦੇਸ਼ ਮੰਤਰੀ ਅਰਾਘਚੀ ਵਿਚਕਾਰ ਗੱਲਬਾਤ ਦਾ ਪਹਿਲਾ ਪੜਾਅ ਬੀਤੀ ਦੇਰ ਸ਼ਾਮ ਸਮਾਪਤ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਦਾ ਇਕ ਵਿਸਥਾਰਤ ਦੌਰ ਅੱਜ ਵੀ ਜਾਰੀ ਰਿਹਾ | ਈਰਾਨੀ ਅਧਿਕਾਰੀਆਂ ਅਨੁਸਾਰ ਤਹਿਰਾਨ ਨੇ ਅਮਰੀਕੀ ਮੰਗਾਂ ਨੂੰ ਰੱਦ ਕਰ ਦਿੱਤਾ, ਕਿਉਂਕਿ ਵਾਸ਼ਿੰਗਟਨ ਗੱਲਬਾਤ ਰਾਹੀਂ ਉਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜੋ ਉਹ ਟਕਰਾਅ ਰਾਹੀਂ ਪ੍ਰਾਪਤ ਨਹੀਂ ਕਰ ਸਕਦਾ ਸੀ | ਪਾਕਿ ਦੀਆਂ ਈਰਾਨ 'ਚ ਜਾਰੀ ਕੂਟਨੀਤਕ ਕੋਸ਼ਿਸ਼ਾਂ ਦੌਰਾਨ ਅੱਜ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੇ ਸਪਸ਼ਟ ਕੀਤਾ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਲਈ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ | ਉਨ੍ਹਾਂ ਨੇ ਆਪਣੀ ਹਫ਼ਤਾਵਾਰੀ ਬ੍ਰੀਫਿੰਗ ਦੌਰਾਨ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਾਕਿ ਈਰਾਨ ਅਤੇ ਗੱਲਬਾਤ 'ਚ ਸ਼ਾਮਿਲ ਧਿਰਾਂ ਦੇ ਰੁਖ 'ਤੇ ਕੋਈ ਟਿੱਪਣੀ ਨਹੀਂ ਕਰੇਗਾ | ਅੰਦਰਾਬੀ ਨੇ ਮੀਡੀਆ ਨੂੰ ਅਟਕਲਾਂ ਤੋਂ ਬਚਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਈਰਾਨ ਨਾਲ ਪਾਕਿਸਤਾਨੀ ਵਫ਼ਦ ਦੀ ਗੱਲਬਾਤ ਉੱਚ ਪੱਧਰੀ ਵਿਸ਼ਵਾਸ ਅਤੇ ਗੁਪਤਤਾ ਨਾਲ ਚੱਲ ਰਹੀ ਹੈ ਅਤੇ ਪਾਕਿ ਲਈ ਗੱਲਬਾਤ ਨੂੰ ਗੁਪਤ ਰੱਖਣਾ ਜ਼ਰੂਰੀ ਹੈ |
ਪਾਕਿਸਤਾਨੀ ਵਫ਼ਦ ਦੀ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਜਾਰੀ-ਸਫ਼ਲਤਾ ਦੀ ਸੰਭਾਵਨਾ ਪ੍ਰਗਟਾਈ
ਅਜੀਤ ਡੈਸਕ
17-04-2026