ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)-ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 294 ਸੀਟਾਂ ਲਈ ਦੋ ਪੜਾਵਾਂ 'ਚ ਵੋਟਿੰਗ ਹੋਵੇਗੀ | ਪਹਿਲੇ ਪੜਾਅ 'ਚ 23 ਅਪ੍ਰੈਲ ਨੂੰ 152 ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ, ਜਦੋਂਕਿ 29 ਅਪ੍ਰੈਲ ਨੂੰ 142 ਸੀਟਾਂ 'ਤੇ ਵੋਟਾਂ ਪੈਣਗੀਆਂ | ਤਾਮਿਲਨਾਡੂ ਦੀਆਂ ਸਾਰੀਆਂ 234 ਸੀਟਾਂ 'ਤੇ 23 ਅਪ੍ਰੈਲ ਨੂੰ ਇਕ ਹੀ ਪੜਾਅ 'ਚ ਵੋਟਾਂ ਪੈਣਗੀਆਂ | ਬੰਗਾਲ 'ਚ ਪਹਿਲੇ ਪੜਾਅ ਲਈ ਚੋਣ ਪ੍ਰਚਾਰ ਥੰਮ ਚੁੱਕਾ ਹੈ | ਹਾਲਾਂਕਿ, ਭਾਰਤੀ ਜਨਤਾ ਪਾਰਟੀ ਦਾ ਧਿਆਨ ਦੂਜੇ ਪੜਾਅ ਦੀਆਂ ਵੋਟਾਂ 'ਤੇ ਹੈ | ਯੋਗੀ ਆਦਿੱਤਿਆਨਾਥ, ਅਮਿਤ ਸ਼ਾਹ ਵਰਗੇ ਭਾਜਪਾ ਦੇ ਵੱਡੇ ਨੇਤਾਵਾਂ ਵਲੋਂ 22 ਅਪ੍ਰੈਲ ਨੂੰ ਵੀ ਬੰਗਾਲ 'ਚ ਕਈ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ | ਹਾਲਾਂਕਿ, ਜਨਤਾ ਦਾ ਫੈਸਲਾ ਤੈਅ ਕਰੇਗਾ ਕਿ ਬੰਗਾਲ 'ਚ ਦੀਦੀ (ਮਮਤਾ ਬੈਨਰਜੀ) ਦਾ ਰਾਜ ਜਾਰੀ ਰਹੇਗਾ ਜਾਂ ਪਰਿਵਰਤਨ ਆਵੇਗਾ, ਉਥੇ ਹੀ ਤਾਮਿਲਨਾਡੂ 'ਚ ਦ੍ਰਾਵਿੜ ਮਾਡਲ ਮਜ਼ਬੂਤ ਹੋਵੇਗਾ ਜਾਂ ਨਵਾਂ ਸਿਤਾਰਾ ਚਮਕੇਗਾ | ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ |