ਨਵੀਂ ਦਿੱਲੀ, 4 ਮਈ (ਉਪਮਾ ਡਾਗਾ ਪਾਰਥ)-ਪੱਛਮੀ ਬੰਗਾਲ 'ਚ ਭਾਜਪਾ ਦੀ ਜਿੱਤ ਅਸਾਮ 'ਚ ਪਾਰਟੀ ਦੀ ਹੈਟਿ੍ਕ ਅਤੇ ਪੁਡੂਚੇਰੀ 'ਚ ਮੁੜ ਜਿੱਤ ਦੇ ਜਸ਼ਨਾਂ 'ਚ ਦਿੱਲੀ 'ਚ ਭਾਜਪਾ ਦਾ ਮੁੱਖ ਦਫ਼ਤਰ ਰੰਗਿਆ ਨਜ਼ਰ ਆਇਆ | ਜਿੱਥੇ ਪੱਛਮੀ ਬੰਗਾਲ 'ਚ ਪਹਿਲੀ ਵਾਰ ਹੋਈ ਭਾਜਪਾ ਦੀ ਜਿੱਤ ਨੂੰ ਵਿਸ਼ੇਸ਼ ਅਹਿਮੀਅਤ ਦਿੰਦੇ ਹੋਏ ਪਾਰਟੀ ਕਾਰਜਕਰਤਾ ਤਾਂ ਬੰਗਲਾ 'ਚ ਨਾਅਰੇਬਾਜ਼ੀ ਕਰਦੇ ਅਤੇ ਮਾਈਕ 'ਤੇ ਵੀ ਬੰਗਲਾ ਗੀਤ ਗਾਉਂਦੇ ਨਜ਼ਰ ਆਏ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਅਹਿਮੀਅਤ ਨੂੰ ਪ੍ਰਤੱਖ ਤੌਰ 'ਤੇ ਦਰਸਾਉਂਦੇ ਬੰਗਾਲੀ ਧੋਤੀ ਪਾਏ ਨਜ਼ਰ ਆਏ | ਉਨ੍ਹਾਂ ਦੇ ਭਾਸ਼ਨ ਦਾ ਚੋਖਾ ਹਿੱਸਾ ਪੱਛਮੀ ਬੰਗਾਲ ਦੀ 'ਇਤਿਹਾਸਕ' ਜਿੱਤ 'ਤੇ ਕੇਂਦਰਿਤ ਰਿਹਾ ਅਤੇ ਉਨ੍ਹਾਂ ਨੇ ਇਸ ਨੂੰ ਜਨਤਾ ਵਲੋਂ ਵਿਵਾਦਾਂ ਦੀ ਥਾਂਅ 'ਤੇ ਵਿਸ਼ਵਾਸ ਨੂੰ ਤਰਜੀਹ ਦੇਣ ਦਾ ਨਤੀਜਾ ਕਰਾਰ ਦਿੱਤਾ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਨਵੀਂ ਸਰਕਾਰ ਬਣਨ 'ਤੇ ਸਭ ਤੋਂ ਪਹਿਲੀ ਕੈਬਨਿਟ ਮੀਟਿੰਗ 'ਚ 'ਆਯੂਸ਼ਮਾਨ ਯੋਜਨਾ' ਨੂੰ ਲਾਗੂ ਕੀਤਾ ਜਾਵੇਗਾ ਨਾਲ ਹੀ ਕਿਹਾ ਭਾਜਪਾ ਬੰਗਾਲ 'ਚ ਭੈਅ ਮੁਕਤ ਵਾਤਾਵਰਨ ਬਣਾਏਗੀ ਅਤੇ ਘੁਸਪੈਠੀਆਂ ਦੇ ਖ਼ਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਮੋਦੀ ਨੇ ਭਾਜਪਾ ਨੂੰ ਵਿਕਾਸ ਦੇ ਨਾਲ ਜੋੜਦਿਆਂ ਐਨ ਡੀ ਏ ਸਰਕਾਰਾਂ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕਿਹਾ ਕਿ ਅੱਜ ਦੇਸ਼ ਦੇ 20 ਤੋਂ ਵੱਧ ਰਾਜਾਂ 'ਚ ਭਾਜਪਾ ਦੀਆਂ ਸਰਕਾਰਾਂ ਹਨ |
ਗੰਗਾ ਤੋਂ ਗੰਗੋਤਰੀ ਤੱਕ ਕਮਲ
ਪ੍ਰਧਾਨ ਮੰਤਰੀ ਨੇ ਹੋਰਨਾਂ ਰਾਜਾਂ 'ਚ ਭਾਜਪਾ ਦੀ ਜਿੱਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸਾਲ 14 ਨਵੰਬਰ ਨੂੰ ਜਦੋਂ ਬਿਹਾਰ ਚੋਣਾਂ ਦੇ ਨਤੀਜੇ ਆਏ ਸਨ ਤਾਂ ਵੀ ਉਨ੍ਹਾਂ ਕਿਹਾ ਸੀ ਕਿ ਗੰਗਾ ਜੀ ਬਿਹਾਰ ਤੋਂ ਅੱਗੇ ਵਹਿੰਦੇ ਹੋਏ ਗੰਗਾਸਾਗਰ ਤੱਕ ਜਾਂਦੀ ਹੈ | ਅੱਜ ਬੰਗਾਲ ਦੀ ਜਿੱਤ ਦੇ ਨਾਲ ਗੰਗੋਤਰੀ ਤੋਂ ਲੈ ਕੇ ਗੰਗਾਸਾਗਰ ਤੱਕ ਕਮਲ ਖਿਲਿਆ ਹੈ |
ਵਿਰੋਧੀ ਧਿਰਾਂ 'ਤੇ ਕੀਤਾ ਤਿੱਖਾ ਹਮਲਾ
ਮੋਦੀ ਨੇ ਕਿਹਾ ਕਿ ਨਾਰੀ ਮੁਕਤੀ ਹੁਣ ਵਿਕਸਿਤ ਭਾਰਤ ਦੇ ਨਿਰਮਾਣ 'ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਪਰ ਨਾਰੀ ਸ਼ਕਤੀ ਦੀ ਇਸ ਰਫਤਾਰ ਨੂੰ ਕਾਂਗਰਸ ਅਤੇ ਉਸਦੇ ਸਾਥੀਆਂ ਨੇ ਕੁਝ ਚਿਰ ਪਹਿਲਾਂ ਰੋਕਣ ਦਾ ਕੰਮ ਕੀਤਾ ਸੀ | ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਔਰਤਾਂ ਦੇ ਰਾਖਵੇਂਕਰਨ ਬਾਰੇ ਬਿੱਲ ਨਾਰੀ ਸ਼ਕਤੀ ਵੰਦਨ ਸੋਧ ਬਿੱਲ ਨੂੰ ਵਿਰੋਧੀ ਧਿਰਾਂ ਨੇ ਪਾਸ ਨਹੀਂ ਹੋਣ ਦਿੱਤਾ | ਮੋਦੀ ਨੇ ਕਾਂਗਰਸ, ਡੀ ਐਮ ਕੇ ਅਤੇ ਟੀ ਐਮ ਸੀ ਦਾ ਨਾਂਅ ਲੈ ਕੇ ਕਿਹਾ ਕਿ ਇਨ੍ਹਾਂ ਨੂੰ ਬੇਟੀਆਂ ਅਤੇ ਭੈਣਾਂ ਨੇ ਸਜ਼ਾ ਦਿੱਤੀ ਹੈ | ਨਾਲ ਹੀ ਸਮਾਜਵਾਦੀ ਦਾ ਵੀ ਨਾਂਅ ਲੈਂਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਨਾਰੀ ਸ਼ਕਤੀ ਵੀ ਉਨ੍ਹਾਂ ਨੂੰ ਸਬਕ ਸਿਖਾਏਗੀ |
ਕਾਰਜਕਰਤਾਵਾਂ ਨੂੰ ਦਿੱਤਾ ਜਿੱਤ ਦਾ ਸਿਹਰਾ
ਮੋਦੀ ਨੇ ਜਿੱਤ ਦਾ ਸਿਹਰਾ ਕਾਰਜਕਰਤਾਵਾਂ ਨੂੰ ਦਿੰਦਿਆਂ ਕਿਹਾ ਕਿ ਸਾਲਾਂ ਦੀ ਸਾਧਨਾਂ ਤੋਂ ਬਾਅਦ ਕਿਸਮਤ ਬਦਲਣ ਦੀ ਖੁਸ਼ੀ ਕਾਰਜਕਰਤਾਵਾਂ ਦੇ ਚਿਹਰੇ 'ਤੇ ਵੇਖ ਕੇ ਉਹ ਖੁਸ਼ ਹਨ | ਉਨ੍ਹਾਂ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਸਨ | ਇਨ੍ਹਾਂ ਚੋਣਾਂ 'ਚ ਪਾਰਟੀ ਕਾਰਜਕਰਤਾਵਾਂ ਨੂੰ ਦਿੱਤਾ ਉਨ੍ਹਾਂ ਦੇ ਮਾਰਗਦਰਸ਼ਕ ਦਾ ਇਸ ਜਿੱਤ 'ਚ ਵੱਡਮੁੱਲਾ ਯੋਗਦਾਨ ਰਿਹਾ |
ਮੋਦੀ ਨੇ ਪੱਛਮੀ ਬੰਗਾਲ 'ਚ 93 ਫੀਸਦੀ ਵੋਟਿੰਗ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਕੇਰਲਮ, ਅਸਾਮ, ਤਾਮਿਲਨਾਡੂ ਅਤੇ ਪੁਡੂਚੇਰੀ 'ਚ ਵੀ ਰਿਕਾਰਡ ਵੋਟਿੰਗ ਹੋਈ ਤਾਂ ਹੀ ਭਾਰਤ ਨੂੰ 'ਲੋਕਤੰਤਰ ਦੀ ਜਨਨੀ' ਕਿਹਾ ਜਾਂਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਬੰਗਾਲ 'ਚ ਸ਼ਾਂਤੀਪੂਰਨ ਵੋਟਿੰਗ ਹੋਈ ਹੈ ਅਤੇ ਹਿੰਸਾ 'ਚ ਇਕ ਵੀ ਬੇਗੁਨਾਹ ਦੀ ਜਾਨ ਨਹੀਂ ਗਈ | ਉਨ੍ਹਾਂ ਕਿਹਾ ਕਿ ਪਹਿਲੀ ਵਾਰ ਡਰ ਨਹੀਂ, ਲੋਕਤੰਤਰ ਜਿੱਤਿਆ ਹੈ |
ਨਿਤਿਨ ਨਬੀਨ ਨੂੰ ਪੁਆਇਆ ਹਾਰ
ਦਿੱਲੀ ਸਥਿਤ ਭਾਜਪਾ ਦਫ਼ਤਰ ਵਿਖੇ ਮੋਦੀ ਦੇ ਆਉਣ 'ਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਜਦੋਂ ਮੰਚ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਮਾਲਾ ਲੈ ਕੇ ਅੱਗੇ ਵਧੇ ਤਾਂ ਉਨ੍ਹਾਂ ਮੁਸਕੁਰਾਉਂਦਿਆਂ ਉਹ ਮਾਲਾ ਉਨ੍ਹਾਂ ਦੇ (ਨਿਤਿਨ ਨਬੀਨ) ਦੇ ਗਲ 'ਚ ਹੀ ਪਾ ਦਿੱਤੀ ਅਤੇ ਪਿੱਠ 'ਤੇ ਥਾਪੜੀ ਵੀ ਦਿੱਤੀ |
ਗੰਗੋਤਰੀ ਤੋਂ ਗੰਗਾਸਾਗਰ ਤੱਕ ਕਮਲ ਖਿੜਿਆ-ਮੋਦੀ <br/>
ਅਜੀਤ ਡੈਸਕ
05-05-2026