02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਮੈਨੂੰ ਧਾਰਮਿਕ ਤੌਰ ’ਤੇ ਬਦਨਾਮ ਕਰਨ ਲਈ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ-ਭਗਵੰਤ ਮਾਨ

Ad Position 21
No active advertisement
ਅਜੀਤ ਡੈਸਕ 26-06-2026

ਪ੍ਰੋ. ਅਵਤਾਰ ਸਿੰਘ
ਐੱਸ. ਏ. ਐੱਸ. ਨਗਰ, 25 ਜੂਨ -ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵਿਵਾਦਤ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ’ਤੇ ਤਿੱਖਾ ਹਮਲਾ ਬੋਲਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਸਿਆਸੀ ਲਾਹਾ ਲੈਣ ਲਈ ਨਕਲੀ ਵੀਡੀਓ ਤਿਆਰ ਕਰਕੇ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਨੂੰ ਧਾਰਮਿਕ ਤੌਰ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ ਅਤੇ ਪੰਜਾਬ ਦੀ ਜਨਤਾ ਝੂਠ ਅਤੇ ਸੱਚ ਵਿਚਲਾ ਫ਼ਰਕ ਚੰਗੀ ਤਰ੍ਹਾਂ ਜਾਣਦੀ ਹੈ। ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਜਿੰਨੇ ਕੰਮ ਕੀਤੇ ਹਨ, ਉਹ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਕਰਵਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਇਆ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਅਤੇ ਸਿੱਖ ਧਰਮ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੁੜੇ ਕਈ ਹੋਰ ਇਤਿਹਾਸਕ ਫ਼ੈਸਲੇ ਲਏ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਜਾਂ ਕਾਰਨ ਵਿਰੋਧੀ ਪਾਰਟੀਆਂ ਬੁਖਲਾ ਗਈਆਂ ਹਨ ਤੇ ਹੁਣ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਉਨ੍ਹਾਂ ਖ਼ਿਲਾਫ਼ ਕੂੜਪ੍ਰਚਾਰ ਕਰ ਰਹੀਆਂ ਹਨ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਵਾਇਰਲ ਵੀਡੀਓ ਪੂਰੀ ਤਰ੍ਹਾਂ ਫ਼ਰਜ਼ੀ ਹੈ ਅਤੇ ਇਸ ’ਚ ਦਿਖਾਈ ਦੇਣ ਵਾਲਾ ਵਿਅਕਤੀ ਉਹ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗਰਦਨ ’ਤੇ ਆਪ੍ਰੇਸ਼ਨ ਦਾ ਨਿਸ਼ਾਨ ਬਣਿਆ ਹੋਇਆ ਹੈ, ਜਦਕਿ ਵੀਡੀਓ ’ਚ ਨਜ਼ਰ ਆ ਰਹੇ ਵਿਅਕਤੀ ਦੀ ਗਰਦਨ ’ਤੇ ਅਜਿਹਾ ਕੋਈ ਨਿਸ਼ਾਨ ਦਿਖਾਈ ਨਹੀਂ ਦਿੰਦਾ। ਉਨ੍ਹਾਂ ਦੋਸ਼ ਲਗਾਇਆ ਕਿ ਵੀਡੀਓ ’ਚ ਦਿਖਾਈ ਦੇਣ ਵਾਲੇ ਵਿਅਕਤੀ ਨੇ ਉਨ੍ਹਾਂ ਦੇ ਚਿਹਰੇ ਵਰਗਾ ਮਾਸਕ ਪਹਿਨਿਆ ਹੋਇਆ ਹੈ, ਜਿਸ ਕਾਰਨ ਗਰਦਨ ਹੇਠਾਂ ਅਸਾਧਾਰਨ ਤੌਰ ’ਤੇ ਬਲ਼ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਚਿਹਰੇ ਦੀ ਬਨਾਵਟ ਨੂੰ ਕੁਝ ਹੱਦ ਤੱਕ ਬਦਲਿਆ ਜਾ ਸਕਦਾ ਹੈ, ਪਰ ਅੱਖਾਂ ਨੂੰ ਪੂਰੀ ਤਰ੍ਹਾਂ ਨਹੀਂ ਬਦਲਿਆ ਜਾ ਸਕਦਾ, ਇਸ ਲਈ ਵੀਡੀਓ ’ਚ ਐਨਕ ਦੀ ਵਰਤੋਂ ਕੀਤੀ ਗਈ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਇਸ ਸਾਰੇ ਮਾਮਲੇ ’ਚ ਕੁਝ ਵਿਅਕਤੀਆਂ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ। ਜਦੋਂ ਉਨ੍ਹਾਂ ਦੇ ਚਿਹਰੇ ਵਰਗਾ ਮਾਸਕ ਮੰਗਵਾਇਆ ਗਿਆ ਸੀ ਤਾਂ ਉਸ ਦੀ ਡਲਿਵਰੀ ਇਕ ਵਿਅਕਤੀ ਨੇ ਲਈ ਸੀ, ਜੋ ਕਿ ਇਸ ਸਾਜਿਸ਼ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਾਇਰਲ ਵੀਡੀਓ ’ਚ ਦਿਖਾਈ ਦੇ ਰਹੇ ਕੁਝ ਚਿਹਰੇ ਇਸ ਸਾਰੀ ਸਾਜਿਸ਼ ਦੀ ਕੜੀ ਨੂੰ ਆਪਸ ’ਚ ਜੋੜਦੇ ਹਨ। ਉਨ੍ਹਾਂ ਕਿਹਾ ਕਿ ਉਹ ਨਵੰਬਰ 2016 ਤੋਂ ਬਾਅਦ ਕਦੇ ਵੀ ਕੈਨੇਡਾ ਨਹੀਂ ਗਏ, ਜਦਕਿ ਵਾਇਰਲ ਵੀਡੀਓ ਇਕ ਹੋਟਲ ਦੇ ਕਮਰੇ ’ਚ ਬਣੀ ਹੋਈ ਦਿਖਾਈ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਕਿਸੇ ਹੋਟਲ ਦੇ ਕਮਰੇ ’ਚ ਗੁਰੂ ਸਾਹਿਬ ਦੀ ਤਸਵੀਰ ਕੌਣ ਲਗਾਉਂਦਾ ਹੈ। ਵੀਡੀਓ ਤਿਆਰ ਕਰਨ ਵਾਲਿਆਂ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਜਾਣ ਬੁੱਝ ਕੇ ਅਜਿਹੇ ਦ੍ਰਿਸ਼ ਸ਼ਾਮਿਲ ਕੀਤੇ ਹਨ।
ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਦੇ ਰਵੱਈਏ ’ਤੇ ਵੀ ਚੁੱਕੇ ਸਵਾਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਖ਼ਿਲਾਫ਼ ਗੁਰਦੁਆਰਾ ਸਾਹਿਬਾਨ ਦੇ ਬਾਹਰ ਬੋਰਡ ਲਗਾਏ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਉਸ ਸਮੇਂ ਅਜਿਹੇ ਬੋਰਡ ਕਿਉਂ ਨਹੀਂ ਲਗਾਏ ਗਏ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਲਈ ਸਰਬਉੱਚ ਹੈ ਅਤੇ ਜੇਕਰ ਭਵਿੱਖ ’ਚ ਵੀ ਉਨ੍ਹਾਂ ਨੂੰ ਉਥੇ ਸੱਦਿਆ ਜਾਂਦਾ ਹੈ ਤਾਂ ਉਹ ਪੂਰੀ ਸ਼ਰਧਾ ਨਾਲ ਹਾਜ਼ਰ ਹੋਣਗੇ।
ਕਾਂਗਰਸ ਦੀ ਸਰਕਾਰ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਗਿਆ
ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਉਨ੍ਹਾਂ ਦੇ ਸਮਾਜਿਕ ਬਾਈਕਾਟ ਦੀਆਂ ਗੱਲਾਂ ਕਰ ਰਹੀ ਹੈ, ਜਦਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਦੀ ਸਰਕਾਰ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਗਿਆ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਰਿਹਾ ਹੈ ਅਤੇ ਹੁਣ ਇਸ ਦੇ ਆਗੂ ਧਾਰਮਿਕ ਮੁੱਦਿਆਂ ਨੂੰ ਸਿਆਸੀ ਲਾਭ ਲਈ ਵਰਤ ਰਹੇ ਹਨ।
2027 ਦੀਆਂ ਚੋਣਾਂ ਤੋਂ ਪਹਿਲਾਂ ਵਿਰੋਧੀ ਬੁਖਲਾਏ
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਹੁਣ ਇਕੋ ਮੰਚ ’ਤੇ ਖੜ੍ਹੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੀ ਹਾਰ ਨੂੰ ਦੇਖਦਿਆਂ ਵਿਰੋਧੀ ਧਿਰਾਂ ਬੁਖਲਾ ਗਈਆਂ ਹਨ ਤੇ ਏ. ਆਈ., ਫਰਜ਼ੀ ਵੀਡੀਓਜ਼ ਅਤੇ ਕੂੜ ਪ੍ਰਚਾਰ ਦਾ ਸਹਾਰਾ ਲੈਂਦਿਆਂ ਉਨ੍ਹਾਂ ਨੂੰ ਬਦਨਾਮ ਕਰ ਰਹੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਪਾਸਪੋਰਟ ਨਾਗਰਿਕਤਾ ਦਾ ਅੰਤਿਮ ਸਬੂਤ ਨਹੀਂ, ਯਾਤਰਾ ਦਾ ਦਸਤਾਵੇਜ਼-ਵਿਦੇਸ਼ ਮੰਤਰਾਲਾ ਅਗਲੀ ਖ਼ਬਰ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਿਸ਼ਾਹੀ ਛੇਵੀਂ ਜੰਡੂਸਿੰਘਾ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ...
Ad Position 24
No active advertisement