ਨਵੀਂ ਦਿੱਲੀ, 24 ਜੁਲਾਈ (ਜਗਤਾਰ ਸਿੰਘ)-ਪੇਪਰ ਲੀਕ ਸੋਧ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਸੂਤਰਾਂ ਅਨੁਸਾਰ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਸੰਸਦ ’ਚ ਕੈਬਨਿਟ ਦੀ ਮੀਟਿੰਗ ਹੋਈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਬਿੱਲ ਹੁਣ ਸੋਮਵਾਰ 27 ਜੁਲਾਈ ਨੂੰ ਸੰਸਦ ’ਚ ਪੇਸ਼ ਕੀਤਾ ਜਾਵੇਗਾ।ਵੀਰਵਾਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਕੇਂਦਰੀ ਕੈਬਨਿਟ ਨੇ ਸ਼ੁੱਕਰਵਾਰ ਨੂੰ ਪੇਪਰ ਲੀਕ ਲਈ ਸਖ਼ਤ ਸਜ਼ਾ ਯਕੀਨੀ ਬਣਾਉਣ ਵਾਲੇ ਇਕ ਖਰੜਾ ਬਿੱਲ ਨੂੰ ਮਨਜ਼ੂਰੀ ਦਿੱਤੀ । ਪੇਪਰ ਲੀਕ ਮਾਫ਼ੀਆ ’ਤੇ ਸ਼ਿਕੰਜਾ ਕੱਸਦੇ ਹੋਏ 10 ਸਾਲ ਦੀ ਸਜ਼ਾ ਤੇ 1 ਕਰੋੜ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਫਾਸਟ ਟਰੈਕ ਕੋਰਟ ਤਿੰਨ ਮਹੀਨਿਆਂ ਦੇ ਅੰਦਰ ਆਪਣਾ ਫ਼ੈਸਲਾ ਸੁਣਾਏਗੀ। ਦੱਸਣਯੋਗ ਹੈ ਕਿ ਕੇਂਦਰ ਨੇ ਪੇਪਰ ਲੀਕ ਨਾਲ ਸੰਬੰਧਿਤ ਵੱਡੇ ਵਿਵਾਦਾਂ ਤੋਂ ਬਾਅਦ 2024 ’ਚ ਵੀ ਇਕ ਨਵਾਂ ਕਾਨੂੰਨ ਪੇਸ਼ ਕੀਤਾ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਜਨਤਕ ਪ੍ਰੀਖਿਆਵਾਂ (ਅਣਉੱਚਿਤ ਸਾਧਨਾਂ ਦੀ ਰੋਕਥਾਮ) ਐਕਟ, 2024 ਨੂੰ ਮਨਜ਼ੂਰੀ ਦੇਣ ਦੇ ਲਗਭਗ 4 ਮਹੀਨੇ ਬਾਅਦ ਬਿੱਲ ਨੂੰ ਜੂਨ 2024 ’ਚ ਨੋਟੀਫਾਈ ਕੀਤਾ ਗਿਆ ਸੀ, ਜਦੋਂ ਨੀਟ ਤੇ ਨੈੱਟ ਪੇਪਰ ਲੀਕ ਕਾਰਨ ਗੁੱਸਾ ਬਹੁਤ ਜ਼ਿਆਦਾ ਸੀ। ਇਸ ਕਾਨੂੰਨ ਤੋਂ ਪਹਿਲਾਂ ਕੇਂਦਰ ਸਰਕਾਰ ਤੇ ਇਸ ਦੀਆਂ ਏਜੰਸੀਆਂ ਵਲੋਂ ਜਨਤਕ ਪ੍ਰੀਖਿਆਵਾਂ ਕਰਵਾਉਣ ’ਚ ਸ਼ਾਮਿਲ ਵੱਖ-ਵੱਖ ਸੰਸਥਾਵਾਂ ਦੁਆਰਾ ਕੀਤੇ ਗਏ ਅਣਉੱਚਿਤ ਅਭਿਆਸਾਂ ਜਾਂ ਅਪਰਾਧਾਂ ਨੂੰ ਹੱਲ ਕਰਨ ਲਈ ਕੋਈ ਖ਼ਾਸ ਮਜ਼ਬੂਤ ਕਾਨੂੰਨ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਲੋੜੀਂਦੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ। ਹੁਣ ਕੈਬਨਿਟ ਦੀ ਪ੍ਰਵਾਨਗੀ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਅਗਲੇ ਹਫ਼ਤੇ ਸੰਸਦ ’ਤੇ ਹੋਣਗੀਆਂ, ਜਿੱਥੇ ਇਸ ਮਹੱਤਵਪੂਰਨ ਬਿੱਲ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਦੇ ਹੋਰ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ’ਚ ‘ਭਵਿਆ ਰਸਾਇਣ’ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਦੇਸ਼ ’ਚ ਤਿੰਨ ਵਿਸ਼ਵ-ਪੱਧਰੀ ਕੈਮੀਕਲ ਪਾਰਕ ਸਥਾਪਤ ਕਰਨ ਲਈ 3,030 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਸੋਮਵਾਰ ਨੂੰ ਸੰਸਦ ’ਚ ਪੇਸ਼ ਕੀਤਾ ਜਾਵੇਗਾ ਬਿੱਲ
ਪੇਪਰ ਲੀਕ ਨਾਲ ਸੰਬੰਧਿਤ ਬਿੱਲ ਸੋਮਵਾਰ ਨੂੰ ਸੰਸਦ ’ਚ ਪੇਸ਼ ਕੀਤਾ ਜਾਵੇਗਾ। ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸਰਕਾਰ ਸੋਮਵਾਰ ਨੂੰ ਵਿਦਿਆਰਥੀਆਂ ਨਾਲ ਸੰਬੰਧਿਤ ਬਿੱਲ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ’ਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ। ਜੇਕਰ ਕਾਂਗਰਸ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਉਠਾਉਣ ਲਈ ਸੰਸਦ ਦੀ ਕਾਰਵਾਈ ’ਚ ਵਿਘਨ ਪਾਉਂਦੀ ਹੈ ਤਾਂ ਇਹ ਜਾਲ ’ਚ ਫਸ ਜਾਵੇਗੀ।
ਮੰਤਰੀ ਮੰਡਲ ਵਲੋਂ ਪੇਪਰ ਲੀਕ ਸੋਧ ਬਿੱਲ ਨੂੰ ਮਨਜ਼ੂਰੀ
ਅਜੀਤ ਡੈਸਕ
25-07-2026