ਕੁਰਾਲੀ, 24 ਜੁਲਾਈ (ਹਰਪ੍ਰੀਤ ਸਿੰਘ)- ਸ਼ਹਿਰ ਦੇ ਮੋਰਿੰਡਾ ਰੋਡ ‘ਤੇ ਸਥਿਤ ਬੈਂਕ ਕਾਲੋਨੀ (ਵਾ. ਨੰ. 15) ਦਾ 12 ਸਾਲਾ ਬੱਚੇ ਦੇ ਅਚਾਨਕ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਈ ਹੈ। ਬੱਚੇ ਦੀ ਮਾਤਾ ਪਰਮਿੰਦਰ ਕੌਰ ਪਤਨੀ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅਗਮਜੀਤ ਸਿੰਘ ਜੋ ਕਿ ਜੀਸਸ ਸੇਵੀਅਰਜ਼ ਸਕੂਲ ਮੜੌਲੀ (ਮੋਰਿੰਡਾ) ਵਿਖੇ ਸੱਤਵੀਂ ਜਮਾਤ ‘ਚ ਪੜ੍ਹਦਾ ਹੈ, ਬੀਤੇ ਦਿਨੀਂ ਸ਼ਾਮ ਸਮੇਂ ਘਰ ਤੋਂ ਟਿਊਸ਼ਨ ਪੜ੍ਹਨ ਲਈ ਗਿਆ ਸੀ, ਪਰ ਮੁੜ ਘਰ ਨਹੀਂ ਪਰਤਿਆ। ਉਨ੍ਹਾਂ ਦੱਸਿਆ ਅਗਮਜੀਤ ਸਿੰਘ ਜਿਸ ਸਮੇਂ ਘਰੋਂ ਗਿਆ ਸੀ ਤਾਂ ਉਸ ਕੋਲ ਕਰੀਬ 300 ਰੁ. ਸਨ। ਪਰਿਵਾਰ ਅਨੁਸਾਰ ਅਗਮਜੀਤ ਸਿੰਘ ਦੀ ਆਪਣੇ ਧਰਮ ‘ਚ ਬਹੁਤ ਜ਼ਿਆਦਾ ਸ਼ਰਧਾ ਹੈ, ਜਿਸ ਕਾਰਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਉਸ ਦੀ ਕਾਫ਼ੀ ਭਾਲ ਕੀਤੀ ਸੀ, ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਜਲਦ ਤੋਂ ਜਲਦ ਸਹੀ-ਸਲਾਮਤ ਲੱਭਣ ਲਈ ਠੋਸ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਸੰਪਰਕ ਕਰਨ ‘ਤੇ ਥਾਣਾ ਸਿਟੀ ਕੁਰਾਲੀ ਦੇ ਐੱਸ. ਐੱਚ. ਓ. ਹਰਸ਼ ਮੋਹਨ ਗੌਤਮ ਨੇ ਬੱਚੇ ਦੇ ਨਾਰਾਜ਼ ਹੋ ਕੇ ਘਰੋਂ ਜਾਣ ਸੰਬੰਧੀ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਬੱਚੇ ਦੀ ਭਾਲ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸ਼ਹਿਰ ਵਿਚਲੀਆਂ ਦੁਕਾਨਾਂ ਤੇ ਹੋਰਨਾਂ ਥਾਵਾਂ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲੀ ਜਾ ਰਹੀ ਹੈ।