ਨਵੀਂ ਦਿੱਲੀ, 24 ਜੁਲਾਈ (ਪੀ.ਟੀ.ਆਈ.)-ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ 18 ਜੁਲਾਈ ਨੂੰ ਕਾਲੇ ਸਾਗਰ ’ਚ ਰੂਸੀ ਖੇਤਰੀ ਪਾਣੀਆਂ ’ਚੋਂ ਲੰਘਦੇ ਸਮੇਂ ਇਕ ਵਪਾਰਕ ਜਹਾਜ਼ ’ਤੇ ਹਮਲੇ ’ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਇਹ ਤਾਜ਼ਾ ਘਟਨਾ ਵਿਦੇਸ਼ ਮੰਤਰਾਲੇ ਵਲੋਂ 19 ਜੁਲਾਈ ਨੂੰ ਯੂਕਰੇਨ ਦੇ ਤੱਟ ’ਤੇ ਇਕ ਵਪਾਰਕ ਜਹਾਜ਼ ’ਤੇ ਹਮਲੇ ’ਚ ਮਾਰੇ ਗਏ 10 ਲੋਕਾਂ ’ਚੋਂ ਚਾਰ ਭਾਰਤੀ ਹੋਣ ਦੇ ਕੁਝ ਦਿਨਾਂ ਬਾਅਦ ਸਾਹਮਣੇ ਆਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸਾਡੇ ਧਿਆਨ ’ਚ ਆਇਆ ਹੈ ਕਿ 18 ਜੁਲਾਈ ਨੂੰ ਵਪਾਰਕ ਜਹਾਜ਼ ਐਮ.ਵੀ. ਓਮੋਰਫੀ ’ਤੇ ਕਾਲੇ ਸਾਗਰ ’ਚੋਂ ਲੰਘਦੇ ਸਮੇਂ ਹਮਲਾ ਕੀਤਾ ਗਿਆ ਸੀ, ਜੋ ਕਿ ਕਥਿਤ ਤੌਰ ’ਤੇ ਰੂਸੀ ਖੇਤਰੀ ਪਾਣੀਆਂ ’ਚ ਸੀ। ਘਟਨਾ ਸਮੇਂ ਜਹਾਜ਼ ’ਚ 10 ਚਾਲਕ ਦਲ ਦੇ ਮੈਂਬਰ ਸਨ, ਜਿਨ੍ਹਾਂ ’ਚ ਤਿੰਨ ਭਾਰਤੀ ਨਾਗਰਿਕ ਵੀ ਸ਼ਾਮਿਲ ਸਨ । ਇਸ ਨੇ ਇਕ ਬਿਆਨ ’ਚ ਕਿਹਾ ਕਿ ਜਾਣਕਾਰੀ ਅਨੁਸਾਰ ਇਕ ਭਾਰਤੀ ਨਾਗਰਿਕ ਦੀ ਹਮਲੇ ’ਚ ਦੁਖਦਾਈ ਤੌਰ ’ਤੇ ਜਾਨ ਚਲੀ ਗਈ। ਅਸੀਂ ਮ੍ਰਿਤਕਾਂ ਦੇ ਪਰਿਵਾਰ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਜਹਾਜ਼ ’ਚ ਸਵਾਰ ਹੋਰ ਦੋ ਭਾਰਤੀ ਨਾਗਰਿਕ ਸੁਰੱਖਿਅਤ ਦੱਸੇ ਜਾ ਰਹੇ ਹਨ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ’ਚ ਭਾਰਤੀ ਮਿਸ਼ਨ ਨੇ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਤੇ ਪ੍ਰਭਾਵਿਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।