29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮੁੱਖ ਮੰਤਰੀ ਵਲੋਂ 5.30 ਲੱਖ ਔਰਤਾਂ ਦੇ ਬੈਂਕ ਖਾਤਿਆਂ ’ਚ 181.50 ਕਰੋੜ ਰੁਪਏ ਦੀ ‘ਸਨਮਾਨ ਰਾਸ਼ੀ’ ਜਾਰੀ

ਮੁੱਖ ਮੰਤਰੀ ਵਲੋਂ 5.30 ਲੱਖ ਔਰਤਾਂ ਦੇ ਬੈਂਕ ਖਾਤਿਆਂ ’ਚ 181.50 ਕਰੋੜ ਰੁਪਏ ਦੀ ‘ਸਨਮਾਨ ਰਾਸ਼ੀ’ ਜਾਰੀ

Ad Position 21
No active advertisement
ਅਜੀਤ ਡੈਸਕ 29-08-2026

* ਵਿਰੋਧੀ ਧਿਰ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ, ਉਨ੍ਹਾਂ ਦੀ ਲੜਾਈ ਸਿਰਫ਼ ਕੁਰਸੀ ਲਈ ਹੈ-ਭਗਵੰਤ ਮਾਨ


* ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ

ਸ਼ਰਨਬੀਰ ਸਿੰਘ ਕੰਗ ਹਰਜਿੰਦਰ ਸਿੰਘ ਕਲੇਰ
ਰਈਆ/ਟਾਂਗਰਾ (ਅੰਮ੍ਰਿਤਸਰ), 28 ਅਗਸਤ-ਰਈਆ ਵਿਖੇ ਅੱਜ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 5.30 ਲੱਖ ਹੋਰ ਔਰਤਾਂ ਦੇ ਖਾਤਿਆਂ ਵਿਚ ਤਿੰਨ ਮਹੀਨਿਆਂ ਦੀ ‘ਸਨਮਾਨ ਰਾਸ਼ੀ’ ਵਜੋਂ 181.50 ਕਰੋੜ ਰੁਪਏ ਤਬਦੀਲ ਕਰਕੇ ਔਰਤਾਂ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਨਾਲ ਕੁੱਲ ਲਾਭਪਾਤਰੀਆਂ ਦੀ ਗਿਣਤੀ 70.92 ਲੱਖ ਹੋ ਗਈ ਹੈ। ਸਰਕਾਰ ਇਸ ਯੋਜਨਾ ਦੇ ਦਾਇਰੇ ਹੇਠ ਇਕ ਕਰੋੜ ਔਰਤਾਂ ਨੂੰ ਲਿਆਉਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ, ਜਿਸ ਵਿਚ ਰਜਿਸਟ੍ਰੇਸ਼ਨ ’ਚ ਮਦਦ ਕਰਨ ਵਾਲੀਆਂ 1.38 ਲੱਖ ‘ਸਤਿਕਾਰ ਸਖੀਆਂ’ ਨੂੰ ਮਾਣ-ਭੱਤੇ ਵਜੋਂ 51 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ 25 ਕਰੋੜ ਰੁਪਏ ਦਿੱਤੇ ਜਾਣਗੇ। ਰੱਖੜੀ ’ਤੇ ਭੈਣਾਂ ਨਾਲ ਕੀਤਾ ਵਾਅਦਾ ਪੂਰਾ ਕਰਦਿਆਂ ਅੱਜ ‘ਸਤਿਕਾਰ ਯੋਜਨਾ’ ਤਹਿਤ 5.30 ਲੱਖ ਔਰਤਾਂ ਦੇ ਖਾਤਿਆਂ ’ਚ 181.50 ਕਰੋੜ ਰੁਪਏ ‘ਸ਼ਗਨ’ ਵਜੋਂ ਭੇਜੇ ਗਏ ਹਨ। 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਣ, ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ, 70,840 ਨੌਜਵਾਨਾਂ ਨੂੰ ਨੌਕਰੀਆਂ ਮਿਲਣ ਅਤੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਵਲੋਂ ਨੀਟ ਦੀ ਪ੍ਰੀਖਿਆ ਪਾਸ ਕਰਨ ਨਾਲ ਪੰਜਾਬ ਇਕ ਵਾਰ ਫਿਰ ਤਰੱਕੀ ਦੀ ਰਾਹ ’ਤੇ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਨੰਬਰ ਇਕ ਸੂਬਾ ਬਣ ਕੇ ਉੱਭਰ ਰਿਹਾ ਹੈ। ਰੱਖੜ ਪੁੰਨਿਆ ਦੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ’ਤੇ ਤੰਨਜ ਕੱਸਦਿਆਂ ਕਿਹਾ ਕਿ ਵਿਰੋਧੀ ਧਰਮ ਦੀ ਆੜ ਵਿਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸ ਮੌਕੇ ਰੈਲੀਆਂ ਕਰ ਰਹੇ ਹਨ, ਪਰ ਪੰਜਾਬੀ ਉਨ੍ਹਾਂ ਦੀਆਂ ਗੱਲਾਂ ’ਚ ਨਹੀਂ ਆਉਣਗੇ। ਅਕਾਲੀ ਦਲ (ਬ) ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਹੁਣ ਭਾਜਪਾ ਨਾਲ ਗੱਠਜੋੜ ਲਈ ਤਰਲੇ ਮਾਰ ਰਹੀ ਹੈ। ਅਕਾਲੀ-ਭਾਜਪਾ ਗੱਠਜੋੜ ਬਿਨਾਂ ਕਿਸੇ ਵਿਚਾਰਧਾਰਾ ਜਾਂ ਬਿਨਾਂ ਲੋਕ ਭਲਾਈ ਦੇ ਹੈ ਅਤੇ ਇਸ ਦਾ ਇੱਕੋ-ਇੱਕ ਮਕਸਦ ਸੂਬੇ ’ਚ ਸੱਤਾ ਹਾਸਿਲ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਹਵਾ ਵਿਚ ਮਹਿਲ ਉਸਾਰਨ ਦੀ ਬਜਾਏ ਭਾਜਪਾ ਲੀਡਰਸ਼ਿਪ ਨੂੰ ਇਹ ਵਹਿਮ ਕੱਢ ਦੇਣਾ ਚਾਹੀਦਾ ਹੈ ਕਿ ਉਹ ਕਦੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਜਾਣਗੇ। ਕਾਂਗਰਸ ਪਾਰਟੀ ਵਿਚ ਚੱਲ ਰਹੀ ਆਪਸੀ ਖਿੱਚੋਤਾਣ ’ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਇਸ ਦੇ ਆਗੂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਸੱਤਾ ਖ਼ਾਤਰ ਆਪਸ ਵਿਚ ਲੜ ਰਹੇ ਹਨ, ਉੱਥੇ ਹੀ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ। ਕਾਂਗਰਸ ਕੋਲ ਲੋਕਾਂ ਅਤੇ ਸੂਬੇ ਲਈ ਕੋਈ ਏਜੰਡਾ ਨਹੀਂ ਹੈ, ਉਨ੍ਹਾਂ ਦਾ ਇੱਕੋ-ਇੱਕ ਮਕਸਦ ਸੱਤਾ ਹਾਸਿਲ ਕਰਕੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਣਾ ਹੈ’ ਪਰ ਉਨ੍ਹਾਂ ਦੇ ਸੁਪਨੇ ਕਦੇ ਪੂਰੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਪੰਜਾਬ ਦੀਆਂ ਔਰਤਾਂ ਨੂੰ ਰੱਖੜੀ ਦਾ ਤੋਹਫ਼ਾ ਦੇਣ ਲਈ ਵਿਸ਼ੇਸ਼ ਤੌਰ ’ਤੇ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦਾ ਹੀ ਹੈ ਅਤੇ ਅਸੀਂ ਇਸ ਨੂੰ ਸੋਚ-ਸਮਝ ਕੇ ਉਨ੍ਹਾਂ ਦੀ ਭਲਾਈ ’ਤੇ ਖ਼ਰਚ ਰਹੇ ਹਾਂ। ਲੋਕਾਂ ਦਾ ਪੈਸਾ ਵਿਕਾਸ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਰਾਹੀਂ ਲੋਕਾਂ ਕੋਲ ਵਾਪਸ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਿਰਫ਼ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ, ਜਦ ਕਿ ਪਿਛਲੀਆਂ ਸਰਕਾਰਾਂ ਨੇ ਇਸ ਚੀਜ਼ ਵੱਲ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ। ਸਾਡੀ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿਚ ਕੇਰਲ ਅਤੇ ਹੋਰ ਸੂਬਿਆਂ ਨੂੰ ਪਛਾੜਦਿਆਂ ਮੋਹਰੀ ਬਣ ਕੇ ਉੱਭਰਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ 1,587 ਪਿੰਡਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਸੂਬੇ ਦੇ ਵਸਨੀਕਾਂ ਦੀ ਸਹੂਲਤ ਲਈ 45,000 ਕਿਲੋਮੀਟਰ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਨਹਿਰੀ ਸਿੰਚਾਈ ਅਧੀਨ ਰਕਬਾ 26 ਫ਼ੀਸਦੀ ਤੋਂ ਵਧ ਕੇ 80 ਫ਼ੀਸਦੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਦੇਸ਼ ਵਿਚ ਆਪਣੀ ਕਿਸਮ ਦੀ ਪਹਿਲੀ ਸਕੀਮ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਕੀਤੀ ਹੈ, ਜੋ ਪੰਜਾਬ ਦੇ ਹਰੇਕ ਵਸਨੀਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਨਕਦੀ-ਰਹਿਤ ਡਾਕਟਰੀ ਇਲਾਜ ਮੁਹੱਈਆ ਕਰਵਾ ਰਹੀ ਹੈ। ਇਸ ਮੌਕੇ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਮੁੱਖ ਮੰਤਰੀ ਅਤੇ ਸਮੁੱਚੀ ਪੰਜਾਬ ਸਰਕਾਰ ਦਾ ਰਾਜ ਪੱਧਰੀ ਸਮਾਗਮ ਕਰਵਾਉਣ ਲਈ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਸ਼ੇਰਜੰਗ ਸਿੰਘ ਹੁੰਦਲ ਨੇ ਕੀਤਾ। ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਲਾਲ ਚੰਦ ਕਟਾਰੂਚੱਕ, ਗੁਰਮੀਤ ਸਿੰਘ ਖੁੱਡੀਆਂ ਅਤੇ ਹਰਦੀਪ ਸਿੰਘ ਮੁੰਡੀਆਂ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਕਰਮਜੀਤ ਸਿੰਘ ਪੀ. ਏ., ਹਰਜਿੰਦਰ ਸਿੰਘ ਟੌਂਗ, ਸੰਜੀਵ ਭੰਡਾਰੀ ਪ੍ਰਧਾਨ ਨਗਰ ਪੰਚਾਇਤ ਰਈਆ, ਸਰਬਜੀਤ ਸਿੰਘ, ਸੂਬੇਦਾਰ ਸਰਬਜੀਤ ਸਿੰਘ, ਸੁਖਦੇਵ ਸਿੰਘ, ਵਿਸ਼ਾਲ ਮੰਨਣ, ਸੁਰਿੰਦਰ ਕੁਮਾਰ ਸਾਰੇ ਕੌਂਸਲਰ, ਜੋਗੀ ਟੌਂਗ, ਜਸਪਾਲ ਸਿੰਘ ਸਰਪੰਚ, ਗੁਰਦੇਵ ਸਿੰਘ ਖ਼ਾਲਸਾ, ਸਰਵਣ ਸਿੰਘ ਬੱਲ ਸਰਾਂ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਤੋਂ ਜੈਵਲਿਨ ਟੈਂਕ-ਵਿਰੋਧੀ ਗਾਈਡਡ ਮਿਜ਼ਾਈਲ ਪ੍ਰਣਾਲੀਆਂ ਖਰੀਦੇਗਾ ਭਾਰਤ ਅਗਲੀ ਖ਼ਬਰ ਨਿਪਾਲ ’ਚ ਹੜ੍ਹਾਂ ਕਾਰਨ ਮ੍ਰਿਤਕਾਂ ਦੀ ਗਿਣਤੀ 579 ਤੱਕ ਪਹੁੰਚੀ
Ad Position 24