ਹੁਸ਼ਿਆਰਪੁਰ, 31 ਦਸੰਬਰ (ਨਰਿੰਦਰ ਸਿੰਘ ਬੱਡਲਾ)-ਕੇਂਦਰ ਸਰਕਾਰ ਆਪਣੇ ਪ੍ਰਭਾਵ ਨਾਲ ਸੂਬੇ ਦੇ ਅਧਿਕਾਰ ਖੇਤਰਾਂ ਨੂੰ ਘਟਾ ਰਹੀ ਹੈ ਜਿਸ ਨਾਲ ਸੂਬਿਆਂ 'ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ | ਇੱਥੋਂ ਤੱਕ ਕਿ ਨਿਰੋਲ ਕੇਂਦਰ ਦੀਆਂ ਸਕੀਮਾਂ ਨੂੰ ਵੀ ਆਰਥਿਕਤਾ ਦਾ ਬੋਝ ਪਾ ਕੇ ਸੂਬਿਆਂ 'ਤੇ ਥੋਪਿਆ ਜਾ ਰਿਹਾ ਹੈ, ਜਿਸ ਨਾਲ ਅਨੇਕਾਂ ਲੋਕ ਭਲਾਈ ਦੀਆਂ ਸਕੀਮਾਂ ਪ੍ਰਭਾਵਿਤ ਹੋ ਰਹੀਆਂ ਹਨ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜ਼ੈਲਦਾਰ ਦਵਿੰਦਰ ਸਿੰਘ ਖੈਰੜ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮਨਰੇਗਾ ਸਕੀਮ ਦਾ ਜਿੱਥੇ ਨਾ ਸਿਰਫ਼ ਨਾਮ ਬਦਲ ਕੇ 'ਵੀ.ਬੀ ਜੀ ਰਾਮ ਜੀ' ਰੱਖ ਦਿੱਤਾ ਗਿਆ ਹੈ ਉੱਥੇ ਹੀ ਇਸ ਸਕੀਮ ਲਈ 40 ਫ਼ੀਸਦੀ ਭਾਗੀਦਾਰੀ ਸੂਬਿਆਂ 'ਤੇ ਪਾਈ ਗਈ ਹੈ, ਜਿਸ ਨਾਲ ਇਹ ਸਕੀਮ ਪ੍ਰਭਾਵਿਤ ਹੋਵੇਗੀ | ਉਨ੍ਹਾਂ ਕਿਹਾ ਕਿ ਸੂਬੇ ਪਹਿਲਾਂ ਹੀ ਆਰਥਿਕ ਤੌਰ 'ਤੇ ਕਮਜ਼ੋਰ ਚੱਲ ਰਹੇ ਹਨ ਅਤੇ ਇਸ ਰਾਸ਼ੀ ਦੀ ਪੂਰਤੀ ਸੂਬਿਆਂ ਤੋਂ ਨਹੀਂ ਹੋਵੇਗੀ, ਜਿਸ ਨਾਲ ਲੋੜਵੰਦਾਂ 'ਤੇ ਬੁਰਾ ਅਸਰ ਪਵੇਗਾ | ਉਨ੍ਹਾਂ ਕਿਹਾ ਕਿ 5 ਜਨਵਰੀ ਤੋਂ ਕਾਂਗਰਸ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰੇਗੀ |