ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜ੍ਹਕਾਂ ਕੈਂਪ ਵਿਖੇ ਸ਼ਹੀਦ ਸਤਪਾਲ ਚੌਧਰੀ ਪਰੇਡ ਗਰਾਊਾਡ 'ਚ ਬੈਚ ਨੰਬਰ 277 ਅਤੇ 278 ਦੇ ਨਵੇਂ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਅਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਜਿਸ 'ਚ ਕੁੱਲ 458 ਨਵੇਂ ਸਿਪਾਹੀ ਪਾਸ ਆਊਟ ਹੋ ਕੇ ਦੇਸ਼ ਸੇਵਾ 'ਚ ਸ਼ਾਮਿਲ ਹੋਣਗੇ | ਇਸ ਮੌਕੇ ਮੁੱਖ ਮਹਿਮਾਨ ਸਤੀਸ਼ ਸ਼੍ਰੀਰਾਮਜੀ ਖੰਡਾਰੇ ਭਾਰਤੀ ਪੁਲਿਸ ਸੇਵਾ ਵਿਸ਼ੇਸ਼ ਮਹਾਨਿਰਦੇਸ਼ਕ ਸੀਮਾ ਸੁਰੱਖਿਆ ਬਲ (ਪੱਛਮੀ ਕਮਾਂਡ) ਦਾ ਸਵਾਗਤ ਚਾਰੂ ਧਵਜ ਅਗਰਵਾਲ ਆਈ.ਜੀ. ਸਹਾਇਕ ਸਿਖਲਾਈ ਕੇਂਦਰ ਖੜ੍ਹਕਾਂ ਕੈਂਪ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਸਹਾਇਕ ਸਿਖਲਾਈ ਕੇਂਦਰ ਖੜ੍ਹਕਾਂ ਕੈਂਪ ਦੇ ਸਮੂਹ ਸਟਾਫ਼, ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਿੱਖਿਆਰਥੀ, ਬੀ.ਐਸ.ਐਫ. ਦੇ ਸੇਵਾ ਮੁਕਤ ਅਧਿਕਾਰੀ ਤੇ ਇਨ੍ਹਾਂ ਨਵੇਂ ਸਿਪਾਹੀਆਂ ਦੇ ਪਰਿਵਾਰਕ ਮੈਂਬਰ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪਤਵੰਤੇ ਵਿਅਕਤੀ ਵੀ ਮੌਜੂਦ ਸਨ | ਪਰੇਡ ਵਲੋਂ ਮੁੱਖ ਮਹਿਮਾਨ ਨੂੰ ਜਨਰਲ ਸੈਲਿਊਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ | ਪਰੇਡ ਦੀ ਅਗਵਾਈ ਰਾਜਸਥਾਨ ਦੇ ਨਵੇਂ ਸਿਪਾਹੀ ਆਸ਼ੀਸ਼ ਚੌਹਾਨ ਨੇ ਕੀਤੀ | ਇਨਡੋਰ ਅਤੇ ਆਊਟਡੋਰ ਵਿਸ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਵੇਂ ਸਿਪਾਹੀਆਂ ਨੂੰ ਮੁੱਖ ਮਹਿਮਾਨ ਵਲੋਂ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਨਵੇਂ ਸਿਪਾਹੀਆਂ ਦੇ ਆਤਮਵਿਸ਼ਵਾਸ, ਕੌਸ਼ਲ ਅਤੇ ਸਮਨਵਯ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ | ਉਨ੍ਹਾਂ ਬੀ.ਐੱਸ.ਐੱਫ. ਨੂੰ ਕੈਰੀਅਰ ਵਿਕਲਪ ਵਜੋਂ ਚੁਣਨ ਲਈ ਨਵੇਂ ਸਿਪਾਹੀਆਂ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਚਾਰੂ ਧਵਜ ਅਗਰਵਾਲ ਆਈ.ਜੀ., ਬੀਰੇਂਦਰ ਕੁਮਾਰ ਕਮਾਂਡੈਂਟ (ਸਿਖਲਾਈ) ਅਤੇ ਸਿਖਲਾਈ ਟੀਮ ਦੀ ਮਿਹਨਤ ਦੀ ਵੀ ਸ਼ਲਾਘਾ ਕੀਤੀ |