ਸ਼ਾਮਚੁਰਾਸੀ, 4 ਅਪ੍ਰੈਲ (ਗੁਰਮੀਤ ਸਿੰਘ ਖ਼ਾਨਪੁਰੀ)-ਸ਼ਾਮਚੁਰਾਸੀ ਹਲਕੇ ਦੇ ਇਲਾਕੇ ਵਿਚ ਜੰਗਲੀ ਸੂਰ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਰਹੇ ਨੇ, ਜਿਸ ਨਾਲ ਇਲਾਕੇ ਵਿਚ ਹਾਹਾਕਾਰ ਮਚੀ ਹੋਈ ਹੈ | ਇਸ ਸਬੰਧੀ ਉੱਘੇ ਕਿਸਾਨ ਸੰਦੀਪ ਸਿੰਘ ਝੱਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਸ਼ਾਮਚੁਰਾਸੀ ਦੇ ਅਧੀਨ ਅਤੇ ਬੁੱਲ੍ਹੋਵਾਲ-ਭੋਗਪੁਰ ਚੋਅ ਦੇ ਨਾਲ ਲੱਗਦੇ ਪਿੰਡਾਂ 'ਚ ਜੰਗਲੀ ਸੂਰ ਰਾਤ ਦੇ ਸਮੇਂ ਕਮਾਦ, ਮੱਕੀ ਤੇ ਹੋਰ ਫ਼ਸਲਾਂ ਨੂੰ ਪੱੁਟ ਕੇ ਕਿਸਾਨਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ | ਇਹ ਸੂਰ ਦਿਨ ਵੇਲੇ ਬੁੱਲ੍ਹੋਵਾਲ-ਭੋਗਪੁਰ ਦੇ ਪੈਂਦੇ ਚੋਅ ਵਿਚ ਉੱਗੇ ਨੜੇ, ਝਾੜਾਂ ਅਤੇ ਕਮਾਦਾਂ ਵਿਚ ਲੁਕੇ ਰਹਿੰਦੇ ਹਨ ਅਤੇ ਰਾਤ ਵੇਲੇ ਮੱਕੀ ਸਮੇਤ ਹੋਰ ਬੀਜੀਆਂ ਹੋਈਆਂ ਫ਼ਸਲਾਂ ਵਿਚ ਵੜ ਕੇ ਉਸ ਨੂੰ ਪੁੱਟ-ਪੁੱਟ ਕੇ ਸੁੱਟ ਰਹੇ ਹਨ | ਕਿਸਾਨਾਂ ਨੂੰ ਇਨ੍ਹਾਂ ਜੰਗਲੀ ਸੂਰਾਂ ਤੋਂ ਮਾਲੀ ਨੁਕਸਾਨ ਦੇ ਨਾਲ-ਨਾਲ ਹੁਣ ਜਾਨੀ ਨੁਕਸਾਨ ਦਾ ਡਰ ਵੀ ਹੈ | ਉਨ੍ਹਾਂ ਸਰਕਾਰ ਨੂੰ ਜੰਗਲੀ ਸੂਰਾਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਨੂੰ ਫੜਨ ਦੀ ਪ੍ਰਬੰਧਨਾ ਜਾਂ ਪਿੰਡਾਂ ਦੇ ਨੇੜਲੇ ਖੇਤਰਾਂ ਵਿਚ ਸੁਰੱਖਿਆ ਬੰਦੋਬਸਤ ਕਰਨ ਦੀ ਮੰਗ ਕੀਤੀ |