ਹੁਸ਼ਿਆਰਪੁਰ, 24 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਸਰਪੰਚਾਂ, ਪੰਚਾਂ ਅਤੇ ਸਮਾਜਿਕ ਆਗੂਆਂ ਨੂੰ ਅਦਾਲਤਾਂ 'ਚ ਵਿਚੋਲਗੀ ਲਈ ਭਰਤੀ ਕੀਤੇ ਜਾਣ ਦੇ ਵਿਰੋਧ 'ਚ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਮੂਹ ਮੈਂਬਰਾਂ ਵਲੋਂ ਪ੍ਰਧਾਨ ਐਡਵੋਕੇਟ ਪੀ.ਐਸ. ਘੁੰਮਣ ਦੀ ਅਗਵਾਈ 'ਚ ਜ਼ਿਲ੍ਹਾ ਕਚਹਿਰੀਆਂ 'ਚ ਮੁਕੰਮਲ ਹੜਤਾਲ ਕਰਕੇ ਕੰਮ ਠੱਪ ਰੱਖਿਆ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਐਡਵੋਕੇਟ ਪੀ.ਐਸ. ਘੁੰਮਣ ਨੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਐਕਟ ਤਹਿਤ ਡਿਸਟਿ੍ਕਟ ਲੀਗਲ ਸਰਵਿਸਿਜ਼ ਅਥਾਰਿਟੀ ਸ਼ਾਖਾ ਸਰਪੰਚਾਂ, ਪੰਚਾਂ ਅਤੇ ਸਮਾਜਿਕ ਆਗੂਆਂ ਨੂੰ ਵਿਚੋਲਗੀ ਦੀ ਟਰੇਨਿੰਗ ਦੇ ਕੇ ਅਦਾਲਤਾਂ 'ਚ ਮੇਡੀਏਟਰ ਭਰਤੀ ਕਰਨ ਜਾ ਰਹੀ ਹੈ ਅਤੇ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਵਿਚੋਲਗੀ ਦੀ ਸਿਖਲਾਈ ਲਈ ਸਰਪੰਚਾਂ ਅਤੇ ਪੰਚਾਂ ਨੂੰ ਖ਼ਾਸ ਟਰੇਨਿੰਗ ਦਿੱਤੀ ਜਾ ਚੁੱਕੀ ਹੈ, ਜੋ ਸਰਾਸਰ ਵਕੀਲ ਭਾਈਚਾਰੇ ਨੂੰ ਖ਼ਤਮ ਕਰਨ ਵੱਲ ਸਰਕਾਰ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ | ਇਹ ਸਕੀਮ ਆਉਣ ਵਾਲੇ ਸਾਲਾਂ 'ਚ ਵਕਾਲਤ ਦੇ ਕਿੱਤੇ 'ਚ ਆਉਣ ਵਾਲੇ ਨਵੇਂ ਵਕੀਲਾਂ ਲਈ ਖ਼ਤਰੇ ਦੀ ਘੰਟੀ ਹੈ ਤੇ ਇਸ ਸਕੀਮ ਨੂੰ ਵਕੀਲਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਨੀਅਤ ਨਾਲ ਹੀ ਹੋਂਦ 'ਚ ਲਿਆਂਦਾ ਗਿਆ ਹੈ | ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰੇ ਇਸ ਸਕੀਮ ਅਤੇ ਇਸ ਤਹਿਤ ਹੋਣ ਜਾ ਰਹੀਆਂ ਭਾਰਤੀਆਂ ਦਾ ਡੱਟ ਕੇ ਵਿਰੋਧ ਕਰੇਗਾ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਐਡਵੋਕੇਟ ਵਿਕਰਮ ਸਿੰਘ ਨੇ ਸਖ਼ਤ ਸ਼ਬਦਾਂ 'ਚ ਇਸ ਸਕੀਮ ਤਹਿਤ ਹੋਣ ਜਾ ਰਹੀਆਂ ਭਾਰਤੀਆਂ ਦੀ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਸਰਪੰਚਾਂ ਅਤੇ ਪੰਚਾਂ ਕੋਲ ਵਿਚੋਲਗੀ ਲਈ ਲੋੜੀਂਦੀ ਕਾਨੂੰਨੀ ਸਿੱਖਿਆ ਤੇ ਗਿਆਨ ਨਾ ਹੋਣ ਕਾਰਨ ਉਨ੍ਹਾਂ ਵਲੋਂ ਕਰਵਾਏ ਜਾਣ ਵਾਲੇ ਫ਼ੈਸਲੇ ਰਾਜਨੀਤਕ ਤੌਰ 'ਤੇ ਪ੍ਰਭਾਵਿਤ ਹੋਣਗੇ, ਜਿਸ ਨਾਲ ਰਾਜਸੀ ਲੋਕਾਂ ਦੀ ਨਿਆਇਕ ਅਦਾਰੇ 'ਚ ਸਿੱਧੀ ਦਖ਼ਲ-ਅੰਦਾਜ਼ੀ ਹੋਣੀ ਸ਼ੁਰੂ ਹੋ ਜਾਵੇਗੀ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ, ਸਾਬਕਾ ਪ੍ਰਧਾਨ ਐਡਵੋਕੇਟ ਵੀ.ਕੇ. ਮੈਨਨ, ਜੁਆਇੰਟ ਸੈਕਟਰੀ ਐਡਵੋਕੇਟ ਮਨਿੰਦਰ ਕੌਰ, ਕੈਸ਼ੀਅਰ ਐਡਵੋਕੇਟ ਰਾਜਵਿੰਦਰ ਬਹਿਲ, ਸੀਨੀਅਰ ਵਕੀਲ ਪੀ. ਐੱਸ. ਨਈਅਰ, ਸੀਨੀਅਰ ਵਕੀਲ ਕੁਲਦੀਪ ਵਾਲੀਆ, ਐਡਵੋਕੇਟ ਐਸ.ਆਰ. ਧੀਰ, ਐਡਵੋਕੇਟ ਪਲਵਿੰਦਰ ਮਾਨਾ, ਐਡਵੋਕੇਟ ਸਰਬਜੀਤ ਸਿੰਘ ਸਹੋਤਾ, ਐਡਵੋਕੇਟ ਸੁਹਾਸ ਰੰਜਨ ਧੀਰ, ਐਡਵੋਕੇਟ ਸ਼ਰਨਜੀਤ ਸਿੰਘ, ਐਡਵੋਕੇਟ ਸ਼ਮਸ਼ੇਰ ਭਾਰਦਵਾਜ, ਐਡਵੋਕੇਟ ਵਿਕਰਮ ਭੱਲਾ, ਸਾਬਕਾ ਉਪ ਪ੍ਰਧਾਨ ਐਡਵੋਕੇਟ ਵਿਜੈ ਕੁਮਾਰ ਪ੍ਰਦੇਸੀ, ਐਡਵੋਕੇਟ ਸਰਬਜੀਤ ਝੱਮਟ, ਐਡਵੋਕੇਟ ਦਿਲਜੋਤ ਵੀਰ ਸਿੰਘ, ਐਡਵੋਕੇਟ ਪਾਵਨ ਬੱਧਣ, ਐਡਵੋਕੇਟ ਉਮੇਸ਼ ਕੁਮਾਰ ਤੱਖੀ, ਐਡਵੋਕੇਟ ਮਾਣਿਕ, ਐਡਵੋਕੇਟ ਨਵਦੀਪ ਠਾਕੁਰ, ਐਡਵੋਕੇਟ ਰੀਤੂ ਸ਼ਰਮਾ ਆਦਿ ਹਾਜ਼ਰ ਸਨ |