ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਜਸਵਿੰਦਰ ਕੁਮਾਰ ਨੇ ਗੜ੍ਹਸ਼ੰਕਰ ਸ਼ਹਿਰ ਦੇ ਹੁਸ਼ਿਆਰਪੁਰ ਰੋਡ 'ਤੇ ਡਿਵਾਈਡਰ 'ਤੇ ਲੱਗੀਆਂ ਸਟਰੀਟ ਲਾਈਟਾਂ ਦੇ ਨੰਗੇ ਤਾਰਾਂ ਦੇ ਜੋੜ, ਸੜਕ ਵਿਚ ਡਿੱਗੀਆਂ ਬਿਜਲੀ ਦੀਆਂ ਤਾਰਾਂ ਅਤੇ ਟੇਢੇ ਹੋਏ ਲਾਈਟਾਂ ਦੇ ਖੰਭਿਆਂ ਵੱਲ ਨਗਰ ਕੌਂਸਲ ਵਲੋਂ ਕੋਈ ਵੀ ਧਿਆਨ ਨਾ ਦੇਣ ਦਾ ਮਾਮਲਾ ਉਠਾਉਂਦੇ ਹੋਏ ਉਨ੍ਹਾਂ ਉੱਚ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਧੀਮਾਨ ਨੇ ਕਿਹਾ ਕਿ ਬਿਜਲੀ ਦੇ ਨੰਗੇ ਜੋੜਾਂ ਅਤੇ ਟੇਢੇ ਖੰਭਿਆਂ ਬਾਰੇ ਲੋਕਾਂ ਵੱਲੋਂ ਵਾਰ ਵਾਰ ਦੱਸਣ ਦੇ ਬਾਵਜੂਦ ਵੀ ਨਗਰ ਕੌਂਸਲ ਵਲੋਂ ਧਿਆਨ ਨਾ ਦੇਣਾ ਹਾਦਸਿਆਂ ਨੂੰ ਸੱਦਾ ਦੇਣ ਬਰਾਬਰ ਹੈ | ਉਨ੍ਹਾਂ ਕਿਹਾ ਕਿ ਇਸ ਮੁੱਖ ਮਾਰਗ (ਸੜਕ) 'ਤੇ ਡਿੱਗੀਆਂ ਨੰਗੀਆਂ ਤਾਰਾਂ ਕਦੇ ਵੀ ਕਿਸੇ ਭਿਆਨਕ ਹਾਦਸੇ ਨੂੰ ਜਨਮ ਦੇ ਸਕਦੀਆਂ ਹਨ | ਡਿਵਾਈਡਰ ਥਾਂ ਥਾਂ ਤੋਂ ਟੁੱਟਾ ਪਿਆ ਹੈ | ਮਿਊਾਸੀਪਲ ਐਕਟ ਜ਼ਿੰਮੇਵਾਰੀਆਂ ਨਾਲ ਭਰਿਆ ਪਿਆ ਹੈ | ਅਗਰ ਅਧਿਕਾਰੀ ਐਕਟ ਅਨੁਸਾਰ ਕੰਮ ਕਰਨ ਤਾਂ ਸ਼ਹਿਰੀ ਲੋਕਾਂ ਦਾ ਜੀਵਨ ਬੇਹੱਤਰ ਹੋ ਸਕਦਾ ਹੈ ਅਤੇ ਹਾਦਸਿਆਂ ਤੋਂ ਵੀ ਬਚਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਅਤੇ ਸ਼ਰਮ ਦੀ ਗੱਲ ਹੈ ਕਿ ਹਰ ਛੋਟੇ ਛੋਟੇ ਕੰਮ ਲਈ ਰਾਜਨੀਤੀਵਾਨਾਂ ਦੀ ਸਿਫ਼ਾਰਿਸ਼ ਲੱਭਣੀ ਪੈਂਦੀ ਹੈ | ਲੋਕ ਨਗਰ ਕੌਂਸਲ ਨੂੰ ਆਪਣੀ ਮਿਹਨਤ ਦੀ ਕਮਾਈ 'ਚੋਂ ਟੈਕਸ ਏ.ਸੀ. ਵਾਲੇ ਕਮਰਿਆਂ ਵਿਚ ਬੈਠਣ ਲਈ ਨਹੀਂ ਦਿੰਦੇ | ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਗੜ੍ਹਸ਼ੰਕਰ ਦੇ ਵਰਕ ਕਲਚਰ ਵਿਚ ਤੁਰੰਤ ਸੁਧਾਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਬੇਹੱਤਰ ਸੇਵਾਵਾਂ ਮੁਹੱਈਆ ਹੋ ਸਕਣ | ਧੀਮਾਨ ਨੇ ਕਿਹਾ ਕਿ ਸੂਬੇ ਵਿਚ ਖ਼ਤਮ ਹੋ ਰਿਹਾ ਡਿਊਟੀ ਵਿਚ ਅਨੁਸ਼ਾਸਨ ਅਤੇ ਵਰਕ ਕਲਚਰ ਵਿਚ ਆ ਰਹੀ ਗਿਰਾਵਟ ਕਾਰਨ ਆਮ ਲੋਕਾਂ ਵਿਚ ਮਾਨਸਿਕ ਤਣਾਓ ਆਮ ਵੇਖਣ ਨੂੰ ਮਿਲ ਰਿਹਾ ਹੈ |