ਹੁਸ਼ਿਆਰਪੁਰ, 13 ਜੂਨ (ਬਲਜਿੰਦਰਪਾਲ ਸਿੰਘ)-ਪਿੰਡ ਮੰਨਣ ਦੇ ਅਕਾਲੀ ਆਗੂ ਦੀ ਹੋਈ ਕਥਿਤ ਹੱਤਿਆ ਵਾਲੇ ਮਾਮਲੇ 'ਚ ਪੁਲਿਸ ਨੇ 1 ਔਰਤ ਸਮੇਤ 8 ਦੋਸ਼ੀਆਂ ਨੂੰ ਨਾਮਜ਼ਦ ਕਰਕੇ ਤਿੰਨ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਕਤ ਜਾਣਕਾਰੀ ਐੱਸ.ਪੀ. ਡਾ. ਮਨਪ੍ਰੀਤ ਸ਼ੀਂਹਮਾਰ ਨੇ ਹੁਸ਼ਿਆਰਪੁਰ ਵਿਖੇ ਕੀਤੀ ਪੈੱ੍ਰਸ ਕਾਨਫ਼ਰੰਸ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਹਾਲਾਂਕਿ ਪਹਿਲੀ ਜਾਂਚ 'ਚ ਉਕਤ ਹੱਤਿਆ ਦਾ ਮਾਮਲੇ ਦਾ ਮੁੱਖ ਕਾਰਨ ਜ਼ਮੀਨੀ ਵਿਵਾਦ ਦੇ ਚੱਲਦਿਆਂ ਚੱਲ ਰਹੀ ਰਜਿੰਸ਼ ਹੀ ਸਾਹਮਣੇ ਆਈ ਹੈ ਪਰ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਮੰਨਣ ਦੀ ਵਾਸੀ ਸਰਬਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਦਾ ਪਤੀ ਹਰਪਿੰਦਰ ਸਿੰਘ 11 ਜੂਨ ਦੁਪਹਿਰ ਨੂੰ ਜਦੋਂ ਹੁਸ਼ਿਆਰਪੁਰ ਤੋਂ ਵਾਪਸ ਆਇਆ ਤਾਂ ਉਕਤ ਕਾਰਨਾਂ ਦੇ ਚੱਲਦਿਆਂ ਉਸਦੇ ਪਿੰਡ ਦੇ ਵਾਸੀ ਭੁਪਿੰਦਰ ਸਿੰਘ ਉਰਫ਼ ਮੋਨੂੰ ਨੇ ਗੁਰਿੰਦਰ ਸਿੰਘ ਉਰਫ਼ ਭਿੰਦਾ ਅਤੇ ਪਿੰਡ ਬੱਸੀ ਹਸਤ ਖਾਂ ਦੇ ਵਾਸੀ ਰਾਜਿੰਦਰ ਸਿੰਘ ਉਰਫ਼ ਕਾਕਾ ਨੇ ਆਪਣੇ ਤਿੰਨ ਹੋਰ ਅਣਪਛਾਤੇ ਸਾਥੀ ਜੋ ਹਥਿਆਰਾਂ ਨਾਲ ਲੈਸ ਸਨ, ਨੇ ਉਸ ਦੇ ਪਤੀ ਨੂੰ ਘੇਰ ਕੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਬਾਅਦ ਹਰਪਿੰਦਰ ਸਿੰਘ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਥਾਣਾ ਸਦਰ 'ਚ ਦਰਜ ਸ਼ਿਕਾਇਤ ਦੇ ਆਧਾਰ 'ਤੇ ਉਕਤ ਤਿੰਨਾਂ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਗਿਆ ਸੀ | ਮਾਮਲਾ ਦਰਜ ਦੇ ਬਾਅਦ ਮਾਮਲੇ ਦੇ ਕਥਿਤ ਦੋਸ਼ੀ ਭੁਪਿੰਦਰ ਸਿੰਘ ਉਰਫ਼ ਮੋਨੂੰ, ਗੁਰਿੰਦਰ ਸਿੰਘ ਉਰਫ਼ ਭਿੰਦਾ ਤੇ ਰਾਜਿੰਦਰ ਸਿੰਘ ਉਰਫ਼ ਕਾਕਾ ਨੂੰ ਗਿ੍ਫ਼ਤਾਰ ਕਰ ਲਿਆ | ਜਿਸ ਦੇ ਬਾਅਦ ਤਿੰਨ ਅਣਪਛਾਤੇ ਦੋਸ਼ੀਆਂ ਅਰਸ਼ ਜੱਗਾ ਵਾਸੀ ਨਾਰੂ ਨੰਗਲ, ਸ਼ਾਲੂ ਵਾਸੀ ਵੱਡੀ ਬੱਸੀ, ਜੀਤਾ ਵਾਸੀ ਸ਼ਿੰਘਪੁਰ ਨੂੰ ਨਾਮਜ਼ਦ ਕੀਤਾ ਗਿਆ ਹੈ | ਐੱਸ. ਪੀ. ਡਾ. ਮਨਪ੍ਰੀਤ ਸ਼ੀਹਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੇ ਬਾਅਦ ਮਾਮਲੇ ਦੇ ਕਥਿਤ ਦੋਸ਼ੀ ਭੁਪਿੰਦਰ ਸਿੰਘ ਮੋਨੂੰ ਦੀ ਮਾਤਾ ਅਵਤਾਰ ਕੌਰ ਤੇ ਭਰਾ ਮਨਿੰਦਰ ਸਿੰਘ ਨੂੰ ਵੀ ਨਾਜ਼ਮ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮਾਮਲੇ 'ਚ ਨਾਮਜ਼ਦ ਹੋਰਨਾਂ ਕਥਿਤ ਦੋਸ਼ੀਆਂ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |