ਐਮਾਂ ਮਾਂਗਟ, 13 ਜੂਨ (ਗੁਰਾਇਆ)-ਮੁਕੇਰੀਆਂ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸ਼ੂਗਰ ਮਿਲ ਦੇ ਸਾਹਮਣੇ ਐੱਚ. ਪੀ. ਪੈਟਰੋਲ ਪੰਪ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ 16 ਸਾਲਾਂ ਵਿਦਿਆਰਥੀ ਦੇਵਾਂਸ਼ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਵਾਰਡ ਨੰਬਰ 12 ਚੱਕ ਅੱਲਾ ਬਖ਼ਸ਼ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਦੇਵਾਂਸ਼ ਸਿੰਘ ਸਵੇਰੇ ਆਪਣੀ ਸਕੂਟਰੀ ਪੀ.ਬੀ. 07 ਸੀ.ਜੀ. 7027 'ਤੇ ਟਿਊਸ਼ਨ ਤੋਂ ਘਰ ਵਾਪਸ ਆ ਰਿਹਾ ਸੀ | ਜਿਵੇਂ ਹੀ ਉਹ ਸ਼ੂਗਰ ਮਿਲ ਦੇ ਸਾਹਮਣੇ ਸਰਵਿਸ ਰੋਡ 'ਤੇ ਪਹੁੰਚਿਆ, ਉਸ ਦੀ ਈ-ਸਕੂਟੀ ਦੀ ਟੱਕਰ ਇਕ ਟੈਂਪੂ ਟਰੈਵਲਰ (ਨੰਬਰ ਐੱਚ.ਆਰ.38 ਏ.ਜੀ.-5715) ਜੋ ਕਿ ਜੀ. ਟੀ. ਰੋਡ ਤੋਂ ਐੱਚ. ਪੀ. ਪਟਰੋਲ ਪੰਪ ਜੋ ਕਿ ਸਰਵਿਸ ਰੋਡ 'ਤੇ ਹੋਣ ਕਰਕੇ ਤੇਲ ਪਵਾਉਣ ਲਈ ਜਿਦੋ ਗੱਡੀਆਂ ਥੱਲੇ ਉੱਤਰਨ ਲੱਗੀ ਤਾਂ ਇਨ੍ਹਾਂ ਦੀ ਆਪਸ ਵਿਚ ਟੱਕਰ ਹੋ ਗਈ | ਇਸੇ ਟੱਕਰ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਸੂਚਨਾ ਮਿਲਦੇ ਹੀ ਐਸ. ਐਸ. ਐਫ. ਦੇ ਕਰਮਚਾਰੀ ਦੀ ਟੀਮ ਮੌਕੇ 'ਤੇ ਪਹੁੰਚ ਕੇ ਦੇਵਾਂਸ਼ ਸਿੰਘ ਨੂੰ ਮੁਕੇਰੀਆਂ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਉੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਇਲਾਜ ਲਈ ਜਲੰਧਰ ਰੈਫ਼ਰ ਕਰ ਦਿੱਤਾ | ਜਲੰਧਰ ਲੈ ਜਾਂਦੇ ਸਮੇਂ ਰਸਤੇ ਵਿਚ ਉਸ ਦੀ ਮੌਤ ਹੋ ਗਈ | ਸੂਚਨਾ ਮਿਲਦੇ ਹੀ ਐਸ. ਐਸ. ਐਫ. ਦੇ ਕਰਮਚਾਰੀ ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ | ਉਨ੍ਹਾਂ ਨੇ ਹਾਦਸੇ ਸੰਬੰਧੀ ਜਾਣਕਾਰੀ ਇਕੱਠੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਪੈਟਰੋਲ ਪੰਪ ਸਰਵਿਸ ਰੋਡ 'ਤੇ ਹੋਣ ਕਰਕੇ ਜਦੋਂ ਵੀ ਕੋਈ ਵਾਹਨ ਹਾਈਵੇ ਤੋਂ ਸਰਵਿਸ ਰੋਡ 'ਤੇ ਤੇਲ ਲਈ ਇਸ ਪਟਰੋਲ ਪੰਪ ਤੋਂ ਤੇਲ ਪਵਾਉਣ ਲਈ ਉੱਤਰਦਾ ਹੈ ਤਾਂ ਇਥੇ ਅਕਸਰ ਹੀ ਹਾਦਸੇ ਵਾਪਰਦੇ ਹੀ ਰਹਿੰਦੇ ਹਨ | ਲੋਕਾਂ ਨੇ ਹਾਈਵੇ ਅਥਾਰਿਟੀ ਆਫ਼ ਇੰਡੀਆ ਤੋਂ ਮੰਗ ਕੀਤੀ ਹੈ ਕਿ ਵੱਖ-ਵੱਖ ਥਾਵਾਂ 'ਤੇ ਜੀ. ਟੀ. ਰੋਡ ਹਾਈਵੇ 'ਤੇ ਬਣਾਏ ਗਏ ਆਪਣੇ ਆਪ ਕੱਟਾਂ ਨੂੰ ਬੰਦ ਕੀਤਾ ਜਾਵੇ |