ਪੰਜਾਬ ਸਰਕਾਰ ਵਲੋਂ ਸਟੱਡ ਨਾ ਬਣਾਉਣ ਕਰਕੇ ਜਤਾਇਆ ਰੋਸ
ਭੰਗਾਲਾ, 28 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਦਰਿਆ ਬਿਆਸ ਵਿਚ ਪਿਛਲੇ ਸਾਲ ਆਏ ਹੜ੍ਹ ਕਾਰਨ ਦਰਿਆ ਬਿਆਸ ਕੰਢੇ ਪੈਂਦੇ ਪਿੰਡ ਹਲੇੜ ਦਲਪੱਤ ਉਰਫ਼ ਮੁਸਾਹਿਬਪੁਰ ਦੀ ਕਾਫ਼ੀ ਜ਼ਮੀਨ ਦਰਿਆ ਵਿਚ ਰੁੜ੍ਹ ਗਈ ਸੀ ਜਿਸ ਕਰਕੇ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ। ਇਸ ਸੰਬੰਧੀ ਪੀੜਤ ਕਿਸਾਨ ਵਿਧਵਾ ਨੀਤੀ ਦੇਵੀ ਪਤਨੀ ਰਾਮ ਮਾਡਲਾ ਵਾਸੀ ਹਲੇੜ ਦਲਪੱਤ ਉਰਫ਼ ਮੁਸਾਹਿਬਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਰਿਆ ਬਿਆਸ ਅੰਦਰ ਪਾਣੀ ਦੇ ਤੇਜ਼ ਬਹਾਅ ਨੂੰ ਰੋਕਣ ਲਈ ਜ਼ਮੀਨਾਂ ਤੇ ਕੰਡੇ ਪੱਥਰਾਂ ਦੇ ਸਟੱਡ ਬਣਾਏ ਤਾਂ ਜਾ ਰਹੇ ਸਨ ਜਿਸ ਦਾ ਕੰਮ ਸਾਡੀਆਂ ਜ਼ਮੀਨਾਂ ਨਜ਼ਦੀਕ ਆ ਕੇ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪੱਥਰਾਂ ਦੇ ਸਟੱਡ ਸਾਡੀ ਜ਼ਮੀਨ ਨਜ਼ਦੀਕ ਬਣਾ ਦਿੱਤੇ ਜਾਣ ਤਾਂ ਉਨ੍ਹਾਂ ਦੀ ਜ਼ਮੀਨ ਦਰਿਆ ਬੁਰਦ ਹੋਣ ਤੋਂ ਕਾਫ਼ੀ ਹੱਦ ਤੱਕ ਬਚ ਜਾਵੇਗੀ। ਉਨ੍ਹਾਂ ਕਿਹਾ ਕਿ ਦਰਿਆ ਨੇ ਸਾਡੀ ਜ਼ਮੀਨ ਨੂੰ ਖੋਰ ਲਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਸਾਡੀ ਲਗਪਗ ਚਾਰ ਕਨਾਲਾਂ ਜ਼ਮੀਨ ਦਰਿਆ ਵਿਚ ਚਲੀ ਗਈ ਹੈ। ਉਨ੍ਹਾਂ ਨੂੰ ਦੱਸਿਆ ਕਿ ਦਰਿਆ ਵਿਚ ਪੱਥਰਾਂ ਦਾ ਸਟੱਡ ਇਕ ਪਾਸੇ 25 ਮੀਟਰ ਦੂਰ ਤੇ ਦੂਸਰੇ ਪਾਸੇ ਜੰਗਲਾਤ ਵਾਲੀ ਜ਼ਮੀਨ ਦੇ ਲਾਗੇ ਬਣਾਇਆ ਹੋਇਆ ਹੈ ਅਤੇ ਜ਼ਮੀਨ ਵਿਚਕਾਰ ਛੱਡ ਕੇ ਅੱਗੇ ਬਣਾ ਦਿੱਤੇ ਹਨ। ਉਨ੍ਹਾਂ ਕਿਹਾ ਦਰਿਆ ਕੰਢੇ ਪੈਂਦੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਹੁਣ ਫਿਰ ਹੜ੍ਹਾਂ ਦਾ ਖ਼ਤਰਾ ਸਤਾਉਣ ਲੱਗ ਪਿਆ ਹੈ ਅਤੇ ਕਿਸਾਨਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਜੇਕਰ ਇਸ ਵਾਰ ਵੀ ਹੜ੍ਹ ਆਏ ਤਾਂ ਉਨ੍ਹਾਂ ਦੀ ਰਹਿੰਦੀ ਜ਼ਮੀਨ ਵੀ ਦਰਿਆ ਬੁਰਦ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਇਕ ਚਿੱਠੀ ਸੰਬੰਧਿਤ ਵਿਭਾਗ ਨੂੰ ਵੀ ਦਿੱਤੀ ਗਈ ਹੈ। ਇਸ ਮੌਕੇ ਪ੍ਰਸ਼ੋਤਮ ਸਿੰਘ, ਅਸ਼ੋਕ ਕੁਮਾਰ, ਨਛੱਤਰ ਸਿੰਘ, ਲਖਬੀਰ ਸਿੰਘ, ਅਨੁਪਮਾ, ਰਾਹੁਲ ਮਿਨਹਾਸ ਤੇ ਹੋਰ ਕਿਸਾਨ ਹਾਜ਼ਰ ਸਨ।
ਦਰਿਆ ਬਿਆਸ ਅੰਦਰ ਪਾਣੀ ਦੇ ਤੇਜ਼ ਵਹਾਅ ਕਾਰਨ ਪਿੰਡ ਹਲੇੜ, ਦਲਪੱਤ ਉਰਫ਼ ਮੁਸਾਹਿਬਪੁਰ ਦੀ ਜ਼ਮੀਨ ਹੋ ਰਹੀ ਦਰਿਆ ਬੁਰਦ
ਅਜੀਤ ਡੈਸਕ
29-06-2026