ਮੁਕੇਰੀਆਂ, 28 ਜੁਲਾਈ (ਰਾਮਗੜ੍ਹੀਆ)- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 21 ਜੁਲਾਈ ਤੋਂ ਕਰਵਾਈਆਂ ਜਾ ਰਹੀਆਂ 70ਵੀਆਂ ਪੰਜਾਬ ਰਾਜ ਅੰਤਰ-ਜੋਨ ਪੱਧਰ ਸਕੂਲ ਖੇਡਾਂ ਵਿਚ ਭਾਗ ਲੈਂਦਿਆਂ ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ ਦੀ ਅੰਡਰ-14 ਬਾਸਕਟਬਾਲ ਲੜਕੀਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਨੀਤੂ ਜੌਹਰੀ ਨੇ ਦੱਸਿਆ ਕਿ ਜੇਤੂ ਟੀਮ ਵਿਚ ਅਵਨੀ ਡਡਵਾਲ, ਕ੍ਰਿਸ਼ਕਾ, ਪ੍ਰਿਸ਼ਾ, ਸਮਾਇਰਾ, ਸੰਦੀਪ ਅਤੇ ਪਾਰੀਕਾ ਸ਼ਾਮਿਲ ਸਨ। ਵਿਦਿਆਰਥਣਾਂ ਨੇ ਆਪਣੀ ਸ਼ਾਨਦਾਰ ਟੀਮ ਭਾਵਨਾ, ਲਗਨ ਅਤੇ ਮਿਹਨਤ ਸਦਕਾ ਇਹ ਵੱਡੀ ਉਪਲਬਧੀ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਸਕੂਲ ਦੇ ਐਮ. ਡੀ. ਸਚਿਨ ਸਮਿਆਲ ਅਤੇ ਚੇਅਰਪਰਸਨ ਸ਼ਿਖਾ ਠਾਕੁਰ ਨੇ ਵਿਦਿਆਰਥਣਾਂ ਅਤੇ ਸਮੂਹ ਸਟਾਫ਼ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦੇ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰਿੰਸੀਪਲ ਨੀਤੂ ਜੌਹਰੀ ਨੇ ਵਿਦਿਆਰਥਣਾਂ ਦੀ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਜਜ਼ਬੇ ਨਾਲ ਖੇਡਾਂ ਵਿਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਇਸ ਸ਼ਾਨਦਾਰ ਜਿੱਤ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਕੈਂਬਰਿਜ ਓਵਰਸੀਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਬਾਸਕਟਬਾਲ ਵਿਚ ਮਾਰੀਆਂ ਮੱਲਾਂ
ਅਜੀਤ ਡੈਸਕ
29-07-2026