ਰਾਏਕੋਟ, 24 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਮੁਹੱਲਾ ਭੰਡਾਰੀਆਂ ਰਾਏਕੋਟ ਜਿੱਥੇ ਵੱਡੀ ਗਿਣਤੀ 'ਚ ਰਹਿੰਦੇ ਖਤਰਨਾਕ ਅਵਾਰਾ ਕੁੱਤਿਆਂ ਨੇ ਰਾਹਗੀਰਾਂ ਅਤੇ ਬੱਚਿਆਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਸੀ, ਕਿਉਂਕਿ 7-8 ਕੁੱਤੇ ਬਹੁਤ ਹੀ ਅਵਾਰਾ ਹੋ ਚੁੱਕੇ ਸਨ ਅਤੇ ਗਲੀ-ਮੁਹੱਲੇ 'ਚ ਰਹਿਣ ਵਾਲੇ ਬੱਚਿਆਂ ਲਈ ਵੱਡੀ ਮੁਸੀਬਤ ਬਣੇ ਹੋਏ ਸਨ | ਇਸ ਸਬੰਧੀ ਗੱਲਬਾਤ ਕਰਦਿਆਂ ਜੌਨੀ ਜਿੰਦਲ, ਮਿੱਕੀ, ਲੱਕੀ, ਜੀਤੀ, ਸੁਭਾਸ਼ ਜਿੰਦਲ, ਹਰੀ ਓਮ ਨੇ ਦੱਸਿਆ ਕਿ ਭੰਡਾਰੀਆਂ ਮੁਹੱਲੇ ਵਿਚ ਅਵਾਰਾ ਕੁੱਤਿਆਂ ਦੇ ਕਹਿਰ ਕਾਰਨ ਗਲੀ ਵਿਚ ਛੋਟੇ ਬੱਚਿਆਂ ਦਾ ਖੇਡਣਾ ਅਸੰਭਵ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਹੱਲੇ ਅੰਦਰ ਖੰਖਾਰੂ ਕੁੱਤਿਆਂ ਵਲੋਂ ਕੱਟਣ ਦੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਮੁਹੱਲੇ ਵਿਚ ਸਥਿਤ ਸ਼੍ਰੀ ਨੈਣਾ ਦੇਵੀ ਸਿੱਧ ਪੀਠ ਮੰਦਰ ਦੇ ਇਕ ਸ਼ਰਧਾਲੂ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ, ਜਿਸ ਨੂੰ ਨੇੜੇ ਦੇ ਲੋਕਾਂ ਨੇ ਬੜੀ ਜੱਦੋ-ਜ਼ਹਿਦ ਨਾਲ ਕੁੱਤਿਆਂ ਤੋਂ ਬਚਾਇਆ | ਇਸ ਸਬੰਧੀ ਪੁਲਿਸ ਥਾਣਾ ਸਿਟੀ ਰਾਏਕੋਟ ਵਿਖੇ ਸ਼ਿਕਾਇਤ ਦਿੱਤੀ ਗਈ, ਉੱਥੇ ਹੀ ਸਮੂਹ ਇਲਾਕਾ ਨਿਵਾਸੀਆਂ ਵਲੋਂ ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੂੰ ਦਰਖ਼ਾਸਤ ਦੇ ਕੇ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਮੰਗ-ਪੱਤਰ ਵੀ ਦਿੱਤਾ ਗਿਆ, ਜਿਸ ਦਾ ਤੁਰੰਤ ਨੋਟਿਸ ਲੈਂਦਿਆ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਸੁਪਰਡੈਂਟ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਖੰਨਾ ਤੋਂ ਟੀਮ ਬੁਲਾ ਕੇ ਮੁਹੱਲਾ ਭੰਡਾਰੀਆਂ ਅਤੇ ਵਾਲਮੀਕਿ ਮੁਹੱਲੇ ਦੇ ਕੁੱਤਿਆਂ ਨੂੰ ਕਾਬੂ ਵਿਚ ਲੈ ਕੇ ਪਿੰਜ਼ਰੇ ਵਿਚ ਕੈਦ ਕਰ ਲਿਆ | ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਨਗਰ ਕੌਂਸਲ ਰਾਏਕੋਟ ਦੇ ਯਤਨਾਂ ਦੀ ਸ਼ਲਾਘਾ ਕੀਤੀ |