ਸਿੱਧਵਾਂ ਬੇਟ, 5 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਭਾਰਤੀ ਜਨਤਾ ਪਾਰਟੀ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਹਿਨੁਮਾਈ ਹੇਠ 14 ਮਾਰਚ ਨੂੰ ਮੋਗਾ ਵਿਖੇ ਕੀਤੀ ਜਾ ਰੈਲੀ ਨੂੰ ਲੈ ਕੇ ਬਣਾਈ ਗਈ ਹਲਕਾ ਜਗਰਾਉਂ ਦੀ ਇੰਚਾਰਜ ਮੈਡਮ ਰਾਸ਼ੀ ਅਗਰਵਾਲ ਨੇ ਸਰਕਲ ਗਿੱਦੜਵਿੰਡੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ | ਸਰਕਲ ਪ੍ਰਧਾਨ ਗੁਰਭੇਜ ਸਿੰਘ ਪੱਤੀ ਮੁਲਤਾਨੀ ਦੀਆਂ ਕੋਸ਼ਿਸ਼ਾਂ ਨਾਲ ਸੱਦੀ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੈਡਮ ਰਾਸ਼ੀ ਅਗਰਵਾਲ ਨੇ ਆਖਿਆ ਕਿ ਹੁਣ ਤੱਕ ਸੂਬੇ ਦੀਆਂ ਸਾਰੀਆਂ ਸਰਕਾਰਾਂ ਨੇ ਸੂਬੇ ਦੀ ਤਰੱਕੀ ਲਈ ਕੰਮ ਕਰਨ ਦੀ ਬਜਾਏ ਆਪਣੀਆਂ ਜੇਬ੍ਹਾਂ ਭਰਨ ਵੱਲ ਕੰਮ ਕੀਤਾ | ਜਿਸ ਸਦਕਾ ਹੁਣ ਸੂਬੇ ਦੇ ਲੋਕ ਆਪਣਾ ਉੱਜਲਾ ਭਵਿੱਖ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚ ਵੇਖ ਰਹੇ ਹਨ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 14 ਮਾਰਚ ਦੀ ਮੋਗਾ ਰੈਲੀ ਵਿਚ ਸ਼ਾਮਿਲ ਹੋ ਕੇ ਭਾਜਪਾ ਦੇ ਹੱਥਾਂ ਨੂੰ ਹੋਰ ਮਜ਼ਬੂਤ ਕਰਨ ਤਾਂ ਜੋ 2027 ਵਿਚ ਭਾਜਪਾ ਆਪਣੇ ਬਲਬੂਤੇ 'ਤੇ ਸਰਕਾਰ ਬਣਾ ਸਕੇ | ਇਸ ਮੌਕੇ ਸਰਕਲ ਪ੍ਰਧਾਨ ਗੁਰਭੇਜ ਸਿੰਘ ਪੱਤੀ ਮੁਲਤਾਨੀ ਨੇ ਵਿਸ਼ਵਾਸ ਦਿਵਾਇਆ ਕਿ ਪਹਿਲਾਂ ਦੀ ਤਰ੍ਹਾਂ ਸਰਕਲ ਗਿੱਦੜਵਿੰਡੀ ਵਿਚੋਂ ਵਰਕਰਾਂ ਦਾ ਵੱਡਾ ਕਾਫ਼ਲਾ ਮੋਗਾ ਰੈਲੀ ਲਈ ਰਵਾਨਾ ਹੋਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ: ਰਜਿੰਦਰ ਸ਼ਰਮਾ, ਸਾਬਕਾ ਪ੍ਰਧਾਨ ਰਕੇਸ਼ ਸਰਮਾ, ਸਰਪੰਚ ਗੁਰਸਿਮਰਨ ਸਿੰਘ, ਸਵਰਨ ਸੇਠ, ਨੰਬਰਦਾਰ ਨਿਰਮਲ ਸਿੰਘ, ਡਾ: ਪਰਮਜੀਤ ਸਿੰਘ ਬਾਘੀਆਂ, ਧਰਮਿੰਦਰ ਸਿੰਘ ਤੇ ਹੋਰ ਹਾਜ਼ਰ ਸਨ |