• ਨਸ਼ੇ ਦੇ ਖ਼ਾਤਮੇ ਲਈ ਸ਼ਹਿਰ ਵਾਸੀ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ- ਐੱਸ.ਐੱਚ.ਓ. ਗੁਰਸੇਵਕ ਸਿੰਘ
ਰਾਏਕੋਟ, 28 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪਿਛਲੇ ਦਿਨੀਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਗਏ 'ਆਪ' ਆਗੂ ਦਾ ਅੱਜ 2 ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ | ਇਸ ਮੌਕੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ. ਗੁਰਸੇਵਕ ਸਿੰਘ ਨੇ ਦੱਸਿਆ ਕਿ ਰਾਏਕੋਟ ਸ਼ਹਿਰ ਦਾ 'ਆਪ' ਆਗੂ ਗੁਰਦੀਪ ਸਿੰਘ ਉਰਫ਼ ਦੀਪੀ ਡਾਕਟਰ ਨੂੰ ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਸੀ | ਜਿਸ ਦਾ ਮਾਣਯੋਗ ਅਦਾਲਤ ਰਾਹੀਂ 2 ਦਿਨਾਂ ਪੁਲਿਸ ਰਿਮਾਂਡ ਹਾਸਲ ਹੋਇਆ ਸੀ ਅਤੇ ਰਿਮਾਂਡ ਦੌਰਾਨ ਉਸ ਤੋਂ ਬਰਾਮਦ ਕੀਤੀਆਂ ਗੋਲੀਆਂ ਸਬੰਧੀ ਪੁੱਛਗਿੱਛ ਕੀਤੀ ਗਈ ਹੈ | ਉੱਥੇ ਹੀ ਅੱਜ ਮੁੜ 'ਆਪ' ਆਗੂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਵੱਲੋਂ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਭੇਜਿਆ ਗਿਆ | ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਗੈਰ-ਸਮਾਜੀ ਗਤੀਵਿਧੀਆਂ ਨੂੰ ਤਿਆਗ ਕੇ ਮੁੱਖ ਧਾਰਾ ਵਿਚ ਆ ਜਾਣ, ਨਹੀਂ ਕਾਨੂੰਨ ਕਿਸੇ ਨੂੰ ਵੀ ਬਖਸ਼ੇਗਾ ਨਹੀਂ | ਉਨ੍ਹਾਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਡੀ.ਜੀ.ਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੀਆਂ ਸਖ਼ਤ ਹਿਦਾਇਤਾਂ 'ਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਮਾਣਯੋਗ ਡਾ. ਅੰਕੁਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਨਸ਼ੇ ਨੂੰ ਖ਼ਤਮ ਕਰਨ ਲਈ ਤਨਦੇਹੀ ਨਾਲ ਯਤਨ ਕਰ ਰਿਹਾ ਹੈ | ਇਸ ਲਈ ਰਾਏਕੋਟ ਸ਼ਹਿਰ ਵਾਸੀਆਂ ਨੂੰ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਦੀ ਦਲ-ਦਲ ਫਸੀ ਨੌਜਵਾਨੀ ਨੂੰ ਬਚਾਇਆ ਜਾ ਸਕੇ |
ਗਿ੍ਫ਼ਤਾਰ ਕੀਤੇ 'ਆਪ' ਆਗੂ ਨੂੰ 2 ਦਿਨਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਕੇਂਦਰੀ ਜੇਲ੍ਹ ਲੁਧਿਆਣਾ ਭੇਜਿਆ
ਅਜੀਤ ਡੈਸਕ
29-03-2026