ਜਗਰਾਉਂ, 2 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਸੁੱਖ ਤੇ ਦੁੱਖ ਜ਼ਿੰਦਗੀ ਦੇ ਅਜਿਹੇ ਦੋ ਪਹਿਲੂ ਹਨ ਜੋ ਮਨੁੱਖ ਨੂੰ ਪ੍ਰੀਖਿਆ ਦੀ ਘੜੀ ’ਚ ਲਿਜਾਂਦੇ ਹਨ । ਮਨੁੱਖ ਇਸ ਇਮਤਿਹਾਨ ਵਿਚੋਂ ਤਦ ਹੀ ਪਾਸ ਹੁੰਦਾ ਹੈ ਜਦ ਉਹ ਗੁਰੂ ਨਾਲ ਜੁੜਿਆ ਹੋਇਆ ਹੁੰਦਾ ਹੈ। ਇਹ ਸ਼ਬਦ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਅਕਸਰ ਦੇਖਿਆ ਗਿਆ ਹੈ ਕਿ ਦੁੱਖ ਜਾਂ ਸੁੱਖ ਅਜੇ ਜ਼ਿੰਦਗੀ ਵਿਚ ਆਏ ਹੀ ਹੁੰਦੇ ਹਨ ਕਿ ਮਨੁੱਖ ਆਪਣਾ ਸੁਭਾਅ ਹੀ ਬਦਲ ਦਿੰਦਾ ਹੈ। ਉਹ ਪ੍ਰਮਾਤਮਾਂ ਦੀ ਦਿੱਤੀ ਸੁਆਸਾਂ ਦੀ ਪੂੰਜੀ ਨੂੰ ਵਿਅਰਥ ਕੰਮਾਂ ਵਿਚ ਬਤੀਤ ਕਰਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਹੈ। ਸੰਤ ਨਾਨਕਸਰ ਵਾਲਿਆਂ ਨੇ ਕਿਹਾ ਕਿ ਜੀਵ ਅਜਿਹੀ ਅਵਸਥਾ ਵਿਚ ਤਦ ਹੀ ਫਸਦਾ ਹੈ ਜਦ ਉਹ ਆਪਣੇ ਗੁਰੂ ਦੀਆਂ ਸਿੱਖਿਆਵਾਂ ਤੋਂ ਦੂਰ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਆਪਣੇ ਜੀਵਨ ਨੂੰ ਸਫ਼ਲ ਬਣਾਉਣ ਲਈ ਹਰ ਪ੍ਰਾਣੀ ਨੂੰ ਆਪਣਾ ਸਵੇਰ ਦਾ ਸਮਾਂ ਸੰਭਾਲਣਾ ਭਾਵ ਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਉਸ ਦੀਆਂ ਅੱਖਾਂ, ਬੋਲ ਅਤੇ ਕਦਮ ਗੁਰੂ ਦੇ ਦਰਸਾਏ ਮਾਰਗ ਵੱਲ ਨੂੰ ਜਾਂਦੇ ਹੋਣੇ ਚਾਹੀਦੇ ਹਨ। ਅਜਿਹੇ ਗੁਣਾ ਦਾ ਧਾਰਨੀ ਮਨੁੱਖ ਹਮੇਸ਼ਾਂ ਦੁੱਖ ਵੇਲੇ ਪ੍ਰਮਾਤਮਾਂ ਅੱਗੇ ਅਰਦਾਸ ਅਤੇ ਸੁੱਖ ਵੇਲੇ ਸ਼ੁਕਰਾਨਾ ਕਰਦਾ ਹੈ। ਉਨ੍ਹਾਂ ਆਖਿਆ ਕਿ ਇਹ ਤਦ ਹੀ ਸੰਭਵ ਹੋਵੇਗਾ ਜੇਕਰ ਅਸੀਂ ਗੁਰੂ ਨਾਲ ਜੁੜੇ ਹੋਏ ਦੀ ਸੰਗਤ ਕਰਦੇ ਹਾਂ।