ਬਲਾਚੌਰ, 4 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)-ਮੁੱਖ ਦਾਣਾ ਮੰਡੀ ਬਲਾਚੌਰ ਅਤੇ ਸੰਬਧਤ ਖ਼ਰੀਦ ਕੇਂਦਰਾਂ 'ਚ ਕਣਕ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਕਿਸਾਨ ਭਰਾਵਾਂ ਦੀ ਕਣਕ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਸਰਕਾਰ ਵਚਨਵੱਧ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਆਪ ਆਗੂ ਅਤੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਊਧਨਵਾਲ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਜਲਦੀ ਹੀ ਕਣਕ ਦੀ ਆਮਦ ਸ਼ੁਰੂ ਹੋ ਜਾਵੇਗੀ ਅਤੇ ਕਿਸਾਨ ਭਰਾਵਾਂ ਦੀ ਸੁੱਖ ਸਹੂਲਤ ਲਈ ਬਕਾਇਦਾ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ | ਉਨ੍ਹਾਂ ਦੱਸਿਆਂ ਕਿ ਪਿਛਲੀ ਵਾਰ ਅਤੇ ਝੋਨੇ ਦੀ ਖ਼ਰੀਦ ਸਮੇਂ ਪੰਜਾਬ ਸਰਕਾਰ ਨੇ ਕੀਤੇ ਵਾਅਦੇ ਮੁਤਾਬਿਕ ਪੈਮੇਂਟ ਦੀਆਂ ਅਦਾਇਗੀਆਂ ਕੀਤੀਆਂ ਸਨ ਅਤੇ ਇਸ ਵਾਰ ਵੀ ਮੰਡੀ ਵਿੱਚ ਆਉਣ ਵਾਲੇ ਹਰ ਕਿਸਾਨ ਦਾ ਪੂਰਾ-ਪੂਰਾ ਖ਼ਿਆਲ ਰੱਖਣ ਲਈ ਮਾਰਕੀਟ ਕਮੇਟੀ ਬਲਾਚੌਰ ਵਚਨਵੱਧ ਹੈ | ਉਨ੍ਹਾਂ ਦੱਸਿਆਂ ਕਿ ਮਾਰਕੀਟ ਕਮੇਟੀ ਦੇ ਸੈਕਟਰੀ ਵੱਲੋਂ ਵੱਖ-ਵੱਖ ਖ਼ਰੀਦ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ ਅਤੇ ਜਲਦੀ ਹੀ ਉਹ ਖ਼ੁਦ ਸਾਰੇ ਖ਼ਰੀਦ ਕੇਂਦਰਾਂ ਦਾ ਦੌਰਾ ਕਰਨਗੇ | ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਡੀ ਬਲਾਚੌਰ ਅਤੇ ਨਾਲ ਸੰਬਧਤ ਖ਼ਰੀਦ ਕੇਂਦਰਾਂ ਜਿਨ੍ਹਾਂ ਵਿੱਚ ਸੜੋਆ, ਸਾਹਿਬਾ, ਬਕਾਪੁਰ, ਕਰਾਵਰ, ਨਾਨੋਂਵਾਲ, ਟੌਂਸਾ, ਕਾਠਗੜ੍ਹ ਅਤੇ ਮੌਹਰਾਂ ਆਦਿ ਹਨ ਅਤੇ ਵਿਸਾਖੀ ਤੱਕ ਕਣਕ ਆਉਣੀ ਅਰੰਭ ਹੋ ਜਾਵੇਗੀ, ਕਿਉਂਕਿ ਪਿਛਲੇ ਵਰ੍ਹੇ ਵੀ ਮੌਸਮ ਦੇ ਮੱਦੇਨਜ਼ਰ ਵਿਸਾਖੀ ਤੱਕ ਹੀ ਕਣਕ ਆਈ ਸੀ ਅਤੇ ਲਾਈਟਾਂ ਦਾ ਬਾਕਾਇਦਾ ਤੌਰ 'ਤੇ ਪ੍ਰਬੰਧ ਜਾਰੀ ਹਨ, ਸ਼ਰਾਰਤੀ ਅਨਸਰਾਂ ਲਾਈਟਾਂ ਨਾਲ ਛੇੜਛਾੜ ਨਾ ਕਰ ਦੇਣ ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਲਾਈਟਾਂ ਦਾ ਸਾਰਾ ਪ੍ਰਬੰਧ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆਂ ਕਿ ਕਣਕ ਦੀ ਆਮਦ ਤੋਂ ਪਹਿਲਾਂ-ਪਹਿਲਾਂ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮੁੱਖ ਦਾਣਾ ਮੰਡੀ ਬਲਾਚੌਰ ਤੋਂ ਇਲਾਵਾ 7 ਹੋਰ ਖ਼ਰੀਦ ਕੇਂਦਰਾਂ ਵਿਖੇ ਜਾ ਕੇ ਨਿਰੀਖਣ ਕਰਕੇ ਆਏ ਹਨ ਅਤੇ ਉੱਥੇ ਵੀ ਗੱਲਬਾਤ ਕੀਤੀ ਗਈ | ਉਨ੍ਹਾਂ ਕਿਹਾ ਕਿ ਸਟਾਫ਼ ਦੀ ਘਾਟ ਦੇ ਬਾਵਜੂਦ ਅਸੀਂ ਸਾਰੇ ਪੂਰੇ ਤਨਦੇਹੀ ਤੇ ਸਮਰਪਣ ਦੀ ਭਾਵਨਾ ਨਾਲ ਜਿੰਮੀਦਾਰ ਭਰਾਵਾਂ ਦੀ ਸੇਵਾ ਵਿੱਚ ਹਾਜ਼ਰ ਹਾਂ |