ਬਲਾਚੌਰ, 25 ਅਪ੍ਰੈਲ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਆਦੋਆਣਾ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਅਸ਼ੋਕ ਕਟਾਰੀਆ ਅਤੇ ਪਿੰਡ ਦੀ ਪੰਚਾਇਤ ਵਿਸ਼ੇਸ਼ ਤੌਰ 'ਤੇ ਮੌਜੂਦ ਸੀ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਦੀ ਊਰਜਾ ਨੂੰ ਸਹੀ ਪਾਸੇ ਲਗਾਉਣਾ ਜ਼ਰੂਰੀ ਹੈ | ਉਨ੍ਹਾਂ ਅੱਗੇ ਕਿਹਾ ਕੇ ਪਿੰਡਾਂ ਵਿੱਚ ਅਜਿਹੇ ਸਟੇਡੀਅਮ ਬਣਨ ਨਾਲ ਪੇਂਡੂ ਖੇਤਰ ਦੇ ਖਿਡਾਰੀਆਂ ਅੰਦਰ ਛੁਪੀ ਪ੍ਰਤਿਭਾ ਸਾਹਮਣੇ ਆਵੇਗੀ ਅਤੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ 'ਤੇ ਚਮਕਣ ਦੇ ਬਰਾਬਰ ਮੌਕੇ ਮਿਲਣਗੇ | ਅਸ਼ੋਕ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ | ਉਨ੍ਹਾਂ ਕਿਹਾ ਕਿ ਪਿੰਡ ਆਦੋਆਣਾ ਦਾ ਇਹ ਸਟੇਡੀਅਮ ਇਲਾਕੇ ਦੇ ਨੌਜਵਾਨਾਂ ਲਈ ਇੱਕ ਵੱਡੀ ਸੌਗਾਤ ਸਾਬਤ ਹੋਵੇਗਾ | ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਪਿੰਡ ਵਿੱਚ ਖੇਡ ਸਹੂਲਤਾਂ ਹੋਣ ਤਾਂ ਜੋ ਕੋਈ ਵੀ ਪ੍ਰਤਿਭਾ ਪਲੇਟਫ਼ਾਰਮ ਤੋਂ ਵਾਂਝੀ ਨਾ ਰਹੇ | ਵਿਧਾਇਕਾ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ਪੂਰੇ ਹਲਕੇ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਵਿਕਾਸ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ | ਸਟੇਡੀਅਮ ਦਾ ਨੀਂਹ ਪੱਥਰ ਰੱਖੇ ਜਾਣ 'ਤੇ ਪਿੰਡ ਦੀ ਪੰਚਾਇਤ, ਪਾਰਟੀ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਹਾਜ਼ਰ ਪਿੰਡ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੁਣ ਆਪ ਵਿਧਾਇਕ ਕਟਾਰੀਆ ਅਤੇ ਸਮੁੱਚੀ ਲੀਡਰਸ਼ਿਪ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਅਮਨਪ੍ਰੀਤ ਜੇ.ਈ, ਪ੍ਰਧਾਨ ਲਖਵਿੰਦਰ ਸਾਹਿਬਾਜਪੁਰ, ਸਮੂਹ ਪਿੰਡ ਆਦੋਆਣਾ ਵਾਸੀ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |